ਨਿਊਜ਼ ਡੈਸਕ : ਹੁਸ਼ਿਆਰਪੁਰ ਨੇੜੇ ਸਥਿਤ ਪਿੰਡ ਆਨੰਦਗੜ੍ਹ ਦੇ ਆਮ ਆਦਮੀ ਪਾਰਟੀ (ਆਪ) ਦੇ ਮੌਜੂਦਾ ਸਰਪੰਚ ਸਤਪਾਲ ਸਿੰਘ ਮਿੰਟਾ ਦਾ ਮੰਗਲਵਾਰ ਨੂੰ ਕੁਝ ਨੌਜਵਾਨਾਂ ਵੱਲੋਂ ਕਥਿਤ ਤੌਰ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਤਣਾਅ ਦਾ ਮਾਹੌਲ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ।
ਦੱਸਿਆ ਜਾ ਰਿਹਾ ਹੈ ਕਿ ਹਮਲਾਵਰਾਂ ਨੇ ਪਹਿਲਾਂ ਕਾਰ ਪਾਰਕਿੰਗ ਦੇ ਬਹਾਨੇ ਝਗੜਾ ਕੀਤਾ। ਮੰਗਲਵਾਰ ਰਾਤ ਲਗਭਗ 8 ਵਜੇ 15-20 ਮੁਲਜ਼ਮ ਕਾਰਾਂ ਤੋਂ ਇਲਾਵਾ ਕਈ ਮੋਟਰਸਾਈਕਲਾਂ ‘ਤੇ ਸਵਾਰ ਹੋ ਕੇ ਸਰਪੰਚ ਸਤਪਾਲ ਸਿੰਘ ਦੇ ਘਰ ਪਹੁੰਚੇ। ਘਰ ਦੇ ਬਾਹਰ ਖੜ੍ਹੀ ਗੱਡੀ ਹਟਾਉਣ ਨੂੰ ਲੈ ਕੇ ਕਹਾ-ਸੁਣੀ ਹੋਈ ਅਤੇ ਦੇਖਦੇ ਹੀ ਦੇਖਦੇ ਮੁਲਜ਼ਮਾਂ ਨੇ ਹਮਲਾ ਕਰ ਦਿੱਤਾ।
ਮ੍ਰਿਤਕ ਦੇ ਪੁੱਤਰ ਰਾਹੁਲ ਅਨੁਸਾਰ, ਪਿਤਾ ਜਦੋਂ ਮੁਲਜ਼ਮਾਂ ਨੂੰ ਰੋਕਣ ਬਾਹਰ ਆਏ ਤਾਂ ਉਨ੍ਹਾਂ ‘ਤੇ ਤਲਵਾਰਾਂ ਨਾਲ ਕਈ ਵਾਰ ਕੀਤੇ ਗਏ। ਇਸ ਤੋਂ ਬਾਅਦ ਬਦਮਾਸ਼ਾਂ ਨੇ ਉਸ ਦੇ ਉੱਪਰ ਕਾਰ ਚੜ੍ਹਾ ਦਿੱਤੀ ਅਤੇ 2 ਵਾਰ ਅੱਗੇ-ਪਿੱਛੇ ਕਰਕੇ ਉਨ੍ਹਾਂ ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ।
ਇਹੋ ਨਹੀਂ, ਜਦੋਂ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਜਾਣ ਲੱਗਾ ਤਾਂ ਰਸਤੇ ਵਿੱਚ ਰੋਕ ਕੇ ਫਿਰ ਤੋਂ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਇਹ ਦੇਖ ਕੇ ਸਰਪੰਚ ਦੇ ਪੁੱਤਰ ਨੇ ਕਿਸੇ ਤਰ੍ਹਾਂ ਕਾਰ ਰਿਵਰਸ ਗੇਅਰ ਵਿੱਚ ਪਾ ਕੇ ਜਾਨ ਬਚਾਈ। ਹਾਲਾਂਕਿ ਇਸ ਦੌਰਾਨ ਪਿਤਾ ਦੀ ਮੌਤ ਹੋ ਗਈ। ਵਾਰਦਾਤ ਦੀ ਸੂਚਨਾ ਮਿਲਦੇ ਹੀ ਪੁਲਿਸ ਉੱਥੇ ਪਹੁੰਚੀ ਅਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ।
ਪੁਲਿਸ ਦੀ ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਕਿ ਹਮਲਾਵਰ ਪੰਚਾਇਤੀ ਤੌਰ ‘ਤੇ ਸਰਪੰਚ ਦੇ ਕਰਵਾਏ ਇੱਕ ਸਮਝੌਤੇ ਤੋਂ ਨਾਰਾਜ਼ ਸਨ। ਇਸ ਲਈ ਪੂਰੀ ਸਾਜ਼ਿਸ਼ ਰਚ ਕੇ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ।
ਡੀ.ਐੱਸ.ਪੀ. ਸਿਟੀ ਕੁਲਭੂਸ਼ਣ ਸ਼ਰਮਾ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਪੁਲਿਸ ਟੀਮ ਮੌਕੇ ‘ਤੇ ਪਹੁੰਚ ਗਈ ਸੀ। ਕੁਝ ਸ਼ੱਕੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਸਰਪੰਚ ਦੀ ਮੌਤ ਉਨ੍ਹਾਂ ਦੇ ਉੱਪਰ ਕਾਰ ਚੜ੍ਹਾਉਣ ਕਰਕੇ ਹੋਈ ਹੈ। ਕਤਲ ਦੇ ਪਿੱਛੇ ਦੀ ਵਜ੍ਹਾ ਅਤੇ ਪੂਰੇ ਘਟਨਾਕ੍ਰਮ ਦੇ ਸਾਰੇ ਪਹਿਲੂਆਂ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।

