ਮਾਨਸਾ: ਮਾਨਸਾ ਵਿੱਚ ਭਾਜਪਾ ਦੀ ਨਸ਼ਾ ਮੁਕਤ ਪੰਜਾਬ ਯਾਤਰਾ ਦੌਰਾਨ ਇੱਕ ਵੱਡਾ ਹਾਦਸਾ ਵਾਪਰਿਆ ਹੈ। ਪਿੰਡ ਕੋਟ ਧਰਮੂ ਨੇੜੇ ਇੱਕ ਟਰੱਕ ਅਤੇ ਸਵਿਫਟ ਕਾਰ ਦੀ ਟੱਕਰ ਵਿੱਚ 1 ਨੌਜਵਾਨ ਦੀ ਮੌਤ ਹੋ ਗਈ, ਅਤੇ 5 ਹੋਰ ਗੰਭੀਰ ਜ਼ਖਮੀ ਹੋ ਗਏ। ਹਾਦਸੇ ਤੋਂ ਬਾਅਦ, ਭਾਜਪਾ ਨੇ ਆਪਣੀ ਯਾਤਰਾ ਵਿਚਾਲੇ ਹੀ ਰੋਕ ਦਿੱਤੀ। ਟੱਕਰ ਇੰਨੀ ਖ਼ੌਫ਼ਨਾਕ ਸੀ ਕਿ ਸਵਿਫ਼ਟ ਕਾਰ ਦੇ ਪੂਰੀ ਤਰ੍ਹਾਂ ਪਰਖੱਚੇ ਉੱਡ ਗਏ ਅਤੇ ਗੱਡੀ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਪਿਚਕ ਗਿਆ।
ਰੈਲੀ ਤੋਂ ਪਰਤਦੇ ਸਮੇਂ ਪਿੰਡ ਕੋਟ ਧਰਮੂ ਨੇੜੇ ਵਾਪਰਿਆ ਹਾਦਸਾ
ਹਾਸਿਲ ਜਾਣਕਾਰੀ ਅਨੁਸਾਰ ਇਹ ਮੰਦਭਾਗੀ ਘਟਨਾ ਉਸ ਸਮੇਂ ਵਾਪਰੀ ਜਦੋਂ ਭਾਜਪਾ ਆਗੂ ਝੁਨੀਰ ਕਸਬੇ ਵਿਖੇ ਆਪਣੀ ਰੈਲੀ ਮੁਕੰਮਲ ਕਰਨ ਉਪਰੰਤ ਮਾਨਸਾ ਵਿਖੇ ਹੋਣ ਵਾਲੀ ਅਗਲੀ ਰੈਲੀ ਲਈ ਵਾਪਿਸ ਪਰਤ ਰਹੇ ਸਨ। ਦੱਸਿਆ ਜਾ ਰਿਹਾ ਹੈ ਕਿ ਭਾਜਪਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਵਿਨੋਦ ਕਾਲੀ ਸਮੇਤ ਕੁੱਲ 6 ਵਰਕਰ ਸਵਿਫ਼ਟ ਕਾਰ ਵਿੱਚ ਸਵਾਰ ਹੋ ਕੇ ਕਾਫ਼ਲੇ ਨਾਲ ਜਾ ਰਹੇ ਸਨ। ਜਿਉਂ ਹੀ ਉਨ੍ਹਾਂ ਦੀ ਕਾਰ ਪਿੰਡ ਕੋਟ ਧਰਮੂ ਨੇੜੇ ਪਹੁੰਚੀ ਤਾਂ ਅਚਾਨਕ ਸਾਹਮਣਿਓਂ ਆ ਰਹੇ ਟਰੱਕ ਨਾਲ ਉਨ੍ਹਾਂ ਦੀ ਜ਼ੋਰਦਾਰ ਟੱਕਰ ਹੋ ਗਈ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਭਾਜਪਾ ਹਾਈਕਮਾਂਡ ਨੇ ਤੁਰੰਤ ਆਪਣੀ ਨਸ਼ਾ ਮੁਕਤ ਪੰਜਾਬ ਯਾਤਰਾ ਨੂੰ ਵਿਚਾਲੇ ਹੀ ਰੋਕਣ ਦਾ ਫ਼ੈਸਲਾ ਲਿਆ।
ਭਾਜਪਾ ਦੇ ਸੀਨੀਅਰ ਆਗੂ ਐਚ.ਐਸ. ਫੂਲਕਾ ਨੇ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਹਾਦਸੇ ਵਿੱਚ ਅਰਸ਼ਦੀਪ ਸਿੰਘ (23) ਨਾਮੀ ਨੌਜਵਾਨ ਦੀ ਮੌਤ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਮੀਤ ਪ੍ਰਧਾਨ ਵਿਨੋਦ ਕਾਲੀ ਦੀ ਹਾਲਤ ਅਤਿਅੰਤ ਨਾਜ਼ੁਕ ਬਣੀ ਹੋਈ ਹੈ, ਜਿਨ੍ਹਾਂ ਨੂੰ ਮੁਢਲੀ ਸਹਾਇਤਾ ਮਗਰੋਂ ਬਿਹਤਰ ਇਲਾਜ ਲਈ ਡੀਐਮਸੀ ਲੁਧਿਆਣਾ ਰੈਫ਼ਰ ਕਰ ਦਿੱਤਾ ਗਿਆ ਹੈ। ਬਾਕੀ ਜ਼ਖ਼ਮੀਆਂ ਨੂੰ ਤੁਰੰਤ ਏਮਜ਼ ਹਸਪਤਾਲ ਬਠਿੰਡਾ ਵਿਖੇ ਭਰਤੀ ਕਰਵਾਇਆ ਗਿਆ ਹੈ।
ਹਾਦਸੇ ਤੋਂ ਬਾਅਦ, ਭਾਜਪਾ ਆਗੂਆਂ ਨੇ ਮਾਨਸਾ ਦੇ ਸਿਵਲ ਹਸਪਤਾਲ ਪਹੁੰਚ ਜ਼ਖਮੀਆਂ ਦਾ ਹਾਲ-ਚਾਲ ਪੁੱਛਣ ਲਈ ਦਾ ਦੌਰਾ ਕੀਤਾ। ਉਨ੍ਹਾਂ ਨੇ ਕਿਹਾ ਕਿ ਇਹ ਪਰਿਵਾਰ ਲਈ ਬਹੁਤ ਵੱਡਾ ਘਾਟਾ ਹੈ ਅਤੇ ਭਾਜਪਾ ਇਸ ਦੁੱਖ ਦੀ ਘੜੀ ਵਿੱਚ ਦੁਖੀ ਪਰਿਵਾਰ ਦੇ ਨਾਲ ਖੜ੍ਹੀ ਹੈ।

