ਲੁਧਿਆਣਾ ‘ਚ ਦਿਲ ਦਹਿਲਾਉਣ ਵਾਲਾ ਹਾਦਸਾ: ਸਕੂਲ ਬੱਸ ਨੇ 3 ਸਾਲ ਦੇ ਮਾਸੂਮ ਨੂੰ ਕੁਚਲਿਆ

Global Team
4 Min Read

ਲੁਧਿਆਣਾ: ਲੁਧਿਆਣਾ ਦੇ ਕੋਹਾੜਾ ਖੇਤਰ ਦੇ ਅਧੀਨ ਆਉਂਦੇ ਪਿੰਡ ਸ਼ਾਲੂ ਭੈਣੀ ਵਿੱਚ ਬੁੱਧਵਾਰ ਦੀ ਸਵੇਰ ਨੂੰ ਇੱਕ ਬੇਹੱਦ ਹੀ ਦਰਦਨਾਕ ਅਤੇ ਭਿਆਨਕ ਹਾਦਸਾ ਵਾਪਰਿਆ ਹੈ।  ਇੱਕ ਨਿੱਜੀ ਸਕੂਲ ਦੀ ਬੱਸ ਨੇ 3 ਸਾਲ ਦੇ ਮਾਸੂਮ ਬੱਚੇ ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ, ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਬੱਚਾ ਆਪਣੀ ਮਾਂ ਨਾਲ ਵੱਡੀ ਭੈਣ ਨੂੰ ਸਕੂਲ ਬੱਸ ਵਿੱਚ ਬਿਠਾਉਣ ਲਈ ਘਰ ਦੇ ਬਾਹਰ ਆਇਆ ਹੋਇਆ ਸੀ। ਹਾਦਸੇ ਨੇ ਪੂਰੇ ਇਲਾਕੇ ਨੂੰ ਝੰਜੋੜ ਕੇ ਰੱਖ ਦਿੱਤਾ ਅਤੇ ਪਰਿਵਾਰ ਵਿੱਚ ਮਾਤਮ ਛਾ ਗਿਆ।

ਜਾਣਕਾਰੀ ਅਨੁਸਾਰ ਸਵੇਰੇ ਕਰੀਬ ਸੱਤ ਵਜੇ ਅਮਨਦੀਪ ਆਪਣੀ ਧੀ ਰਮਨਦੀਪ ਕੌਰ ਨੂੰ ਸਕੂਲ ਬੱਸ ਵਿੱਚ ਬਿਠਾ ਰਹੀ ਸੀ, ਜਦਕਿ ਉਸ ਦਾ ਤਿੰਨ ਸਾਲਾ ਪੁੱਤਰ ਸਮਰਦੀਪ ਵੀ ਨਾਲ ਖੜ੍ਹਾ ਸੀ। ਇਸ ਦੌਰਾਨ ਸਮਰਦੀਪ ਬੱਸ ਦੇ ਅੱਗੇ ਵੱਲ ਚਲਾ ਗਿਆ। ਦੱਸਿਆ ਜਾ ਰਿਹਾ ਹੈ ਕਿ ਡਰਾਈਵਰ ਨੇ ਇਹ ਯਕੀਨੀ ਬਣਾਏ ਬਿਨਾਂ ਕਿ ਬੱਸ ਦੇ ਅੱਗੇ ਕੋਈ ਬੱਚਾ ਤਾਂ ਨਹੀਂ, ਬੱਸ ਅੱਗੇ ਤੋਰ ਦਿੱਤੀ। ਨਤੀਜੇ ਵਜੋਂ ਮਾਸੂਮ ਬੱਸ ਹੇਠਾਂ ਆ ਗਿਆ ਅਤੇ ਬੱਸ ਦੇ ਅਗਲੇ ਅਤੇ ਪਿਛਲੇ ਦੋਵੇਂ ਟਾਇਰ ਉਸ ਦੇ ਉੱਪਰੋਂ ਲੰਘ ਗਏ। ਗੰਭੀਰ ਸੱਟਾਂ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਹਾਦਸੇ ਤੋਂ ਬਾਅਦ ਡਰਾਈਵਰ ਬੱਸ ਲੈ ਕੇ ਮੌਕੇ ਤੋਂ ਫ਼ਰਾਰ ਹੋਣ ਲੱਗਾ, ਪਰ ਪਿੰਡ ਵਾਸੀਆਂ ਅਤੇ ਰਾਹਗੀਰਾਂ ਨੇ ਆਪਣੇ ਵਾਹਨਾਂ ਨਾਲ ਉਸ ਦਾ ਪਿੱਛਾ ਕੀਤਾ। ਕੁਝ ਦੂਰੀ ‘ਤੇ ਉਸ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਪ੍ਰਤੱਖਦਰਸ਼ੀਆਂ ਮੁਤਾਬਕ ਫੜੇ ਜਾਣ ‘ਤੇ ਡਰਾਈਵਰ ਨੇ ਕਿਹਾ ਕਿ ਹਾਦਸੇ ਵਿੱਚ ਉਸ ਦੀ ਕੋਈ ਗਲਤੀ ਨਹੀਂ ਹੈ, ਜਿਸ ਕਾਰਨ ਮੌਕੇ ‘ਤੇ ਮੌਜੂਦ ਲੋਕਾਂ ਵਿੱਚ ਹੋਰ ਰੋਸ ਫੈਲ ਗਿਆ। ਪੁਲਿਸ ਨੇ ਕਿਸੇ ਅਣਸੁਖਾਵੀਂ ਘਟਨਾ ਤੋਂ ਬਚਣ ਲਈ ਡਰਾਈਵਰ ਨੂੰ ਭੀੜ ਵਿਚੋਂ ਕੱਢ ਕੇ ਹਿਰਾਸਤ ਵਿੱਚ ਲੈ ਲਿਆ ਹੈ।

ਬੱਸ ‘ਚ ਨਹੀਂ ਸੀ ਕੋਈ ਅਟੈਂਡੈਂਟ

ਮ੍ਰਿਤਕ ਬੱਚੇ ਦੇ ਚਾਚੇ ਰਸ਼ਪਿੰਦਰ ਸਿੰਘ ਨੇ ਦੱਸਿਆ ਕਿ ਸਕੂਲ ਬੱਸ ਦੇ ਅੰਦਰ ਬੱਚਿਆਂ ਨੂੰ ਸੁਰੱਖਿਅਤ ਚੜ੍ਹਾਉਣ ਅਤੇ ਉਤਾਰਨ ਦੇ ਲਈ ਕੋਈ ਵੀ ਅਟੈਂਡੈਂਟ ਮੌਜੂਦ ਨਹੀਂ ਸੀ। ਬੱਸ ਚਲਾ ਰਹੇ ਨੌਜਵਾਨ ਦੀ ਉਮਰ ਤਕਰੀਬਨ 19 ਸਾਲ ਦੇ ਆਸ-ਪਾਸ ਹੈ। ਹਾਦਸੇ ਤੋਂ ਬਾਅਦ ਜਦੋਂ ਮੌਕੇ ‘ਤੇ ਮੌਜੂਦ ਲੋਕਾਂ ਨੇ ਡਰਾਈਵਰ ਤੋਂ ਉਸ ਦਾ ਡਰਾਈਵਿੰਗ ਲਾਇਸੈਂਸ ਦਿਖਾਉਣ ਲਈ ਕਿਹਾ, ਤਾਂ ਉਸ ਨੇ ਦੱਸਿਆ ਕਿ ਅਸਲ ਲਾਇਸੈਂਸ ਉਸ ਦੇ ਕੋਲ ਨਹੀਂ ਹੈ ਅਤੇ ਉਸ ਦੀ ਫੋਟੋ ਉਸ ਦੇ ਮੋਬਾਈਲ ਫੋਨ ਦੇ ਅੰਦਰ ਹੈ। ਹਾਲਾਂਕਿ, ਉਸ ਦਾ ਫੋਨ ਟੁੱਟਿਆ ਹੋਣ ਦੇ ਕਾਰਨ ਉਹ ਲਾਇਸੈਂਸ ਦੀ ਫੋਟੋ ਵੀ ਕਿਸੇ ਨੂੰ ਨਹੀਂ ਦਿਖਾ ਸਕਿਆ।

ਜਾਂਚ ਤੋਂ ਬਾਅਦ ਕੀਤੀ ਜਾਵੇਗੀ ਬਣਦੀ ਕਾਨੂੰਨੀ ਕਾਰਵਾਈ: ਪੁਲਿਸ

ਥਾਣਾ ਕੁਮਕਲਾਂ ਦੇ ਹੈੱਡ ਕਾਂਸਟੇਬਲ ਜਗਤਾਰ ਸਿੰਘ ਨੇ ਇਸ ਮਾਮਲੇ ਸਬੰਧੀ ਗੱਲਬਾਤ ਕਰਦਿਆਂ ਕਿਹਾ ਕਿ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਪੂਰੀ ਹੋਣ ਤੋਂ ਬਾਅਦ ਜੋ ਵੀ ਤੱਥ ਸਾਹਮਣੇ ਆਉਣਗੇ, ਉਨ੍ਹਾਂ ਦੇ ਆਧਾਰ ‘ਤੇ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਜੇਕਰ ਜਾਂਚ ਦੌਰਾਨ ਡਰਾਈਵਰ ਕੋਲੋਂ ਕੋਈ ਵੈਧ ਲਾਇਸੈਂਸ ਨਹੀਂ ਮਿਲਦਾ ਜਾਂ ਕਿਸੇ ਵੀ ਪੱਧਰ ‘ਤੇ ਲਾਪਰਵਾਹੀ ਸਾਬਿਤ ਹੁੰਦੀ ਹੈ, ਤਾਂ ਉਸ ਦੇ ਅਨੁਸਾਰ ਸਬੰਧਿਤ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾਵੇਗੀ। ਪੁਲਿਸ ਨੇ ਬੱਚੇ ਦੀ ਮ੍ਰਿਤਕ ਦੇਹ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰਖਵਾ ਦਿੱਤਾ ਹੈ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment