ਬੀਜਿੰਗ : ਹਾਂਗ ਕਾਂਗ ਮੁੱਦੇ ‘ਤੇ ਅਮਰੀਕਾ ਵੱਲੋਂ ਲਗਾਏ ਗਏ ਪ੍ਰਤੀਬੰਧ ਤੋਂ ਬੌਖਲਾਏ ਚੀਨ ਨੇ ਅਮਰੀਕਾ ਤੋਂ ਆਉਣ ਵਾਲੇ ਲੋਕਾਂ ਦੇ ਵੀਜ਼ਾ ‘ਤੇ ਪ੍ਰਤੀਬੰਧ ਲਗਾਉਣ ਦਾ ਫੈਸਲਾ ਲਿਆ ਹੈ। ਚੀਨ ਦੇ ਵਿਦੇਸ਼ ਮੰਤਰਾਲੇ ਨੇ ਸੋਮਵਾਰ ਨੂੰ ਕਿਹਾ ਕਿ ਚੀਨ ਨੇ ਅਮਰੀਕਾ ਦੇ ਕਰਮਚਾਰੀਆਂ ਦੇ ਵੀਜ਼ਾ ‘ਤੇ ਰੋਕ ਲਗਾਉਣ ਦਾ ਫੈਸਲਾ ਕੀਤਾ ਹੈ। ਦੱਸ ਦਈਏ ਕਿ ਅਮਰੀਕਾ ਨੇ ਬੀਤੇ ਸ਼ੁੱਕਰਵਾਰ ਚੀਨ ਦੀ ਸੱਤਾਧਾਰੀ ਪਾਰਟੀ ਚੀਨ ਕਮਿਊਨਿਸਟ ਪਾਰਟੀ (ਸੀਪੀਸੀ) ਦੇ ਅਧਿਕਾਰੀਆਂ ‘ਤੇ ਵੀਜ਼ਾ ਪ੍ਰਤੀਬੰਧ ਲਗਾਉਣ ਦਾ ਐਲਾਨ ਕੀਤਾ ਸੀ।
ਗਲੋਬਲ ਟਾਈਮਜ਼ ਦੀ ਰਿਪੋਰਟ ਦੇ ਅਨੁਸਾਰ ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਓ ਲੀਜਿਅਨ ਨੇ ਕਿਹਾ ਕਿ ਅਮਰੀਕਾ ਦੁਆਰਾ ਹਾਂਗ ਕਾਂਗ ਮੁੱਦੇ ‘ਤੇ ਕੀਤੇ ਗਏ ਗਲਤ ਵਿਵਹਾਰ ਦੇ ਜਵਾਬ ‘ਚ ਇਹ ਫੈਸਲਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਅਜਿਹੀਆਂ ਪਾਬੰਦੀਆਂ ਲਗਾ ਕੇ ਹਾਂਗ ਕਾਂਗ ਦੇ ਵਿਸ਼ੇਸ਼ ਪ੍ਰਸ਼ਾਸਕੀ ਖੇਤਰ (ਐਚਕੇ ਐਸਏਆਰ) ‘ਚ ਰਾਸ਼ਟਰੀ ਸੁਰੱਖਿਆ ਦੀ ਰੱਖਿਆ ਲਈ ਚੀਨ ਦੇ ਕਾਨੂੰਨ ਨੂੰ ਤੋੜਨ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਅਮਰੀਕਾ ਇਸ ‘ਚ ਸਫਲ ਨਹੀਂ ਹੋਵੇਗਾ।
ਉਨ੍ਹਾਂ ਨੇ ਕਿਹਾ, “ਚੀਨ ਨੇ ਇਸ ਦੇ ਜਵਾਬ ‘ਚ ਹਾਂਗ ਕਾਂਗ ਦੇ ਮੁੱਦੇ ਪ੍ਰਤੀ ਉਦਾਸੀਨ ਰਵੱਈਆ ਅਪਣਾਉਣ ਵਾਲੇ ਅਮਰੀਕੀ ਵਿਅਕਤੀਆਂ ‘ਤੇ ਵੀਜ਼ਾ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ ਹੈ।” ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪਿਓ ਨੇ ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਨਵੀਂ ਵੀਜ਼ਾ ਪਾਬੰਦੀਆਂ ਚੀਨੀ ਕਮਿਊਨਿਸਟ ਪਾਰਟੀ ਦੇ ਮੌਜੂਦਾ ਅਤੇ ਸਾਬਕਾ ਅਧਿਕਾਰੀਆਂ ‘ਤੇ ਲਾਗੂ ਹੋਣਗੀਆਂ। ਮਾਈਕ ਪੋਂਪਿਓ ਨੇ ਸੀਪੀਸੀ ਅਧਿਕਾਰੀਆਂ ਨੂੰ ਹਾਂਗ ਕਾਂਗ ‘ਚ ਖੁਦਮੁਖਤਿਆਰੀ ਖ਼ਤਮ ਕਰਨ ਲਈ ਜ਼ਿੰਮੇਵਾਰ ਠਹਿਰਾਇਆ ਹੈ।