ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਆਉਣਗੇ ਫਰੀਦਾਬਾਦ, ਉੱਤਰੀ ਜ਼ੋਨਲ ਕੌਂਸਲ ਦੀ 32ਵੀਂ ਮੀਟਿੰਗ ਦੀ ਕਰਨਗੇ ਪ੍ਰਧਾਨਗੀ

Global Team
2 Min Read

ਹਰਿਆਣਾ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜਫਰੀਦਾਬਾਦ ਦਾ ਦੌਰਾ ਕਰ ਰਹੇ ਹਨ। ਉਹ ਸੂਰਜਕੁੰਡ ਵਿੱਚ ਉੱਤਰੀ ਜ਼ੋਨਲ ਕੌਂਸਲ ਦੀ 32ਵੀਂ ਮੀਟਿੰਗ ਦੀ ਪ੍ਰਧਾਨਗੀ ਕਰਨਗੇ। ਇਸ ਮੀਟਿੰਗ ਵਿੱਚ ਕਈ ਰਾਜਾਂ ਦੇ ਮੁੱਖ ਮੰਤਰੀ, ਰਾਜਪਾਲ ਅਤੇ ਸੁਰੱਖਿਆ ਅਧਿਕਾਰੀ ਸ਼ਾਮਲ ਹੋਣਗੇ। ਇਸ ‘ਚ ਅੰਦਰੂਨੀ ਸੁਰੱਖਿਆ ਮੁੱਦਿਆਂ ‘ਤੇ ਚਰਚਾ ਕੀਤੀ ਜਾਵੇਗੀ, ਨਾਲ ਹੀ ਔਰਤਾਂ ਅਤੇ ਬੱਚਿਆਂ ਨਾਲ ਸਬੰਧਤ ਬਲਾਤਕਾਰ ਦੇ ਮਾਮਲਿਆਂ ਦੇ ਜਲਦੀ ਹੱਲ ਦੇ ਮੁੱਦੇ ‘ਤੇ ਵੀ ਚਰਚਾ ਕੀਤੀ ਜਾਵੇਗੀ।

ਦੱਸ ਦਈਏ ਖੇਤਰੀ ਕੌਂਸਲਾਂ ਕੇਂਦਰ ਅਤੇ ਮੈਂਬਰ ਰਾਜਾਂ ਵਿਚਕਾਰ ਖੇਤਰੀ ਮੁੱਦਿਆਂ ਅਤੇ ਵਿਵਾਦਾਂ ਨੂੰ ਹੱਲ ਕਰਨ ਅਤੇ ਅੱਗੇ ਵਧਾਉਣ ਲਈ ਵਿਚਾਰ-ਵਟਾਂਦਰਾ ਕਰਨਗੀਆਂ। ਰਾਸ਼ਟਰੀ ਮਹੱਤਵ ਦੇ ਵਿਆਪਕ ਮੁੱਦਿਆਂ ‘ਤੇ ਵੀ ਚਰਚਾ ਕੀਤੀ ਜਾਵੇਗੀ। ਇਨ੍ਹਾਂ ਵਿੱਚ ਖੇਤਰੀ ਪੱਧਰ ‘ਤੇ ਸਾਂਝੇ ਹਿੱਤ ਦੇ ਵੱਖ-ਵੱਖ ਮੁੱਦੇ ਸ਼ਾਮਲ ਹਨ, ਜਿਸ ਵਿੱਚ ਔਰਤਾਂ ਅਤੇ ਨਾਬਾਲਗਾਂ ਦੇ ਬਲਾਤਕਾਰ ਦੇ ਮਾਮਲਿਆਂ ਦੀ ਤੇਜ਼ੀ ਨਾਲ ਜਾਂਚ ਅਤੇ ਨਿਪਟਾਰੇ ਲਈ ਫਾਸਟ ਟਰੈਕ ਸਪੈਸ਼ਲ ਅਦਾਲਤਾਂ (FTSCs) ਦੀ ਸਥਾਪਨਾ, ਪੋਸ਼ਣ, ਸਿੱਖਿਆ, ਸਿਹਤ, ਬਿਜਲੀ ਸੁਧਾਰ, ਸ਼ਹਿਰੀ ਯੋਜਨਾਬੰਦੀ, ਸਹਿਕਾਰੀ ਪ੍ਰਣਾਲੀਆਂ ਆਦਿ ਸ਼ਾਮਲ ਹਨ।

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਉੱਤਰੀ ਜ਼ੋਨਲ ਕੌਂਸਲ ਦੇ ਚੇਅਰਮੈਨ ਹਨ ਅਤੇ ਹਰਿਆਣਾ ਦੇ ਮੁੱਖ ਮੰਤਰੀ ਇਸਦੇ ਉਪ ਚੇਅਰਮੈਨ ਹਨ। ਮੈਂਬਰ ਰਾਜਾਂ ਵਿੱਚੋਂ ਇੱਕ ਰਾਜ ਦੇ ਮੁੱਖ ਮੰਤਰੀ ਨੂੰ ਹਰ ਸਾਲ ਕੌਂਸਲ ਦੇ ਉਪ-ਚੇਅਰਮੈਨ ਵਜੋਂ ਚੁਣਿਆ ਜਾਂਦਾ ਹੈ। ਇਸ ਖੇਤਰੀ ਕੌਂਸਲ ਵਿੱਚ ਉੱਤਰੀ ਖੇਤਰ ਦੇ ਹਰੇਕ ਰਾਜ ਦੇ ਮੁੱਖ ਮੰਤਰੀ ਅਤੇ ਦੋ ਸੀਨੀਅਰ ਮੰਤਰੀ ਅਤੇ ਉੱਤਰੀ ਖੇਤਰ ਦੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਉਪ-ਰਾਜਪਾਲ, ਮੁੱਖ ਮੰਤਰੀ ਅਤੇ ਪ੍ਰਸ਼ਾਸਕ ਮੈਂਬਰ ਹੁੰਦੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਦੀ ਇਸ ਮੀਟਿੰਗ ਵਿੱਚ ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਕੁਮਾਰ ਸਿਨਹਾ, ਮੁੱਖ ਮੰਤਰੀ ਉਮਰ ਅਬਦੁੱਲਾ, ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ, ਦਿੱਲੀ ਦੇ ਉਪ ਰਾਜਪਾਲ ਵਿਨੇ ਕੁਮਾਰ ਸਕਸੈਨਾ, ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ, ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ, ਰਾਜਸਥਾਨ ਦੇ ਮੁੱਖ ਮੰਤਰੀ ਭਜਨ ਲਾਲ ਸ਼ਰਮਾ, ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ, ਲੱਦਾਖ ਦੇ ਲੈਫਟੀਨੈਂਟ ਗਵਰਨਰ ਕਵਿੰਦਰ ਗੁਪਤਾ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਉਚੇਚੇ ਤੌਰ ‘ਤੇ ਮੌਜੂਦ ਰਹਿਣਗੇ। ਪਿਛਲੇ ਗਿਆਰ੍ਹਾਂ ਵਰ੍ਹਿਆਂ ਵਿੱਚ (ਜੂਨ 2014 ਤੋਂ ਹੁਣ ਤੱਕ) ਵੱਖ-ਵੱਖ ਖੇਤਰੀ ਕੌਂਸਲਾਂ ਅਤੇ ਉਨ੍ਹਾਂ ਦੀਆਂ ਸਥਾਈ ਕਮੇਟੀਆਂ ਦੀਆਂ ਕੁੱਲ 63 ਮੀਟਿੰਗਾਂ ਆਯੋਜਿਤ ਹੋਈਆਂ ਹਨ।

 

Share This Article
Leave a Comment