ਟੋਰਾਂਟੋ: ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਨੇ ਨਵੀਆਂ ਹਦਾਇਤਾਂ ਜਾਰੀ ਕਰਦਿਆਂ ਉਨ੍ਹਾਂ ਪ੍ਰਵਾਸੀਆਂ ਨੂੰ ਦੇਸ਼ ਵਿਚ ਆਉਣ ਦੀ ਇਜਾਜ਼ਤ ਦੇ ਦਿਤੀ ਹੈ ਜਿਨ੍ਹਾਂ ਦੇ ਪਰਮਾਨੈਂਟ ਰੈਜ਼ੀਡੈਂਟ ਵੀਜ਼ਾ ਦੀ ਮਿਆਦ ਖਤਮ ਹੋ ਚੁੱਕੀ ਹੈ।
ਇਮੀਗ੍ਰੇਸ਼ਨ ਵਿਭਾਗ ਵੱਲੋਂ ਵੱਖ-ਵੱਖ ਸ਼੍ਰੇਣੀ ਦੇ ਵੀਜ਼ਾ ਧਾਰਕਾਂ ਲਈ ਵੱਖ-ਵੱਖ ਨੀਤੀਆਂ ਲਾਗੂ ਕੀਤੀਆਂ ਜਾ ਰਹੀਆਂ ਹਨ। ਅਮਰੀਕਾ ਨੂੰ ਛੱਡ ਕੇ ਹੋਰ ਕਿਸੇ ਵੀ ਮੁਲਕ ਤੋਂ ਆਉਣ ਵਾਲੇ ਲੋਕ ਤਾਜ਼ਾ ਹਦਾਇਤਾਂ ਦੇ ਘੇਰੇ ਵਿਚ ਆਉਣਗੇ ਜੇ ਉਨ੍ਹਾਂ ਦੇ ਵੀਜ਼ਾ ਜਾਂ ਪੁਸ਼ਟੀ ਵਾਲੀ ਚਿੱਠੀ 18 ਮਾਰਚ ਜਾਂ ਇਸ ਤੋਂ ਪਹਿਲਾਂ ਜਾਰੀ ਕੀਤੀ ਗਈ ਹੋਵੇਗੀ। ਸਿਰਫ਼ ਉਨ੍ਹਾਂ ਪ੍ਰਵਾਸੀਆਂ ਨੂੰ ਹੀ ਆਉਣ ਦੇ ਇਜਾਜ਼ਤ ਹੋਵੇਗੀ ਜੋ ਕੈਨੇਡਾ ਵਿਚ ਰਹਿਣ ਅਤੇ ਵਸਣ ਦੀ ਇੱਛਾ ਨਾਲ ਆ ਰਹੇ ਹਨ।
ਆਰਜ਼ੀ ਤੌਰ ‘ਤੇ ਕੈਨੇਡਾ ਆਉਣ ਵਾਲੇ ਆਵਾਜਾਈ ਰੋਕ ਖ਼ਤਮ ਹੋਣ ਤੋਂ ਬਾਅਦ ਹੀ ਮੁਲਕ ‘ਚ ਦਾਖਲ ਹੋ ਸਕਣਗੇ। ਮਿਆਦ ਲੰਘਾ ਚੁੱਕਾ ਪਰਮਾਨੈਂਟ ਰੈਜ਼ੀਡੈਂਟ ਵੀਜ਼ਾ ਅਤੇ ਪੀ.ਆਰ. ਦੀ ਪੁਸ਼ਟੀ ਭਾਵ ਕਨਫ਼ਰਮੇਸ਼ਨ ਆਫ਼ ਪੀ.ਆਰ. ਵਾਲੇ ਪ੍ਰਵਾਸੀਆਂ ਨੂੰ ਵੈਬ ਫ਼ਾਰਮ ਰਾਹੀਂ ਇਮੀਗ੍ਰੇਸ਼ਨ ਵਿਭਾਗ ਨਾਲ ਸੰਪਰਕ ਕਰਨ ਲਈ ਕਿਹਾ ਗਿਆ ਹੈ।
ਬਿਨੈਕਾਰਾਂ ਨੂੰ ਆਪਣਾ ਵੀਜ਼ਾ ਖ਼ਤਮ ਹੋਣ ਦੀ ਤਰੀਕ ਦੱਸਣੀ ਹੋਵੇਗੀ ਅਤੇ ਆਪਣੀ ਯਾਤਰਾ ਦਾ ਮਕਸਦ ਵੀ ਲਿਖਣਾ ਹੋਵੇਗਾ। ਵੈਬ ਫ਼ਾਰਮ ਪ੍ਰਾਪਤ ਕਰਨ ਮਗਰੋਂ ਬਿਨੈਕਾਰਾਂ ਨੂੰ ਉਚਿਤ ਪ੍ਰੋਸੈਸਿੰਗ ਨੈਟਵਰਕ ਵੱਲ ਮੋੜਿਆ ਜਾਵੇਗਾ ਅਤੇ ਕੈਨੇਡਾ ਵਿਚ ਵਸੇਬੇ ਨਾਲ ਸਬੰਧਤ ਦਸਤਾਵੇਜ਼ ਮੰਗੇ ਜਾਣਗੇ।