‘ਹੋਲਾ ਮਹੱਲਾ’ ਪਿਛੋਕੜ ਤੇ ਵਰਤਮਾਨ-1

TeamGlobalPunjab
4 Min Read

*ਡਾ. ਗੁਰਦੇਵ ਸਿੰਘ

ਭਾਰਤ ਵਾਸੀ ਪ੍ਰਾਚੀਨ ਕਾਲ ਤੋਂ ਹੀ ਆਪਣੇ ਦਿਲੀ ਭਾਵਾਂ ਦਾ ਪ੍ਰਗਟਾਵਾ ਕਰਨ ਲਈ ਵਿਭਿੰਨ ਤਿਉਹਾਰ ਮਨਾਉਂਦੇ ਆ ਰਹੇ ਹਨ। ਗੁਰੂ ਸਾਹਿਬਾਨ ਨੇ ਇਨ੍ਹਾਂ ਪ੍ਰੰਪਰਾਗਤ ਤਿਉਹਾਰਾਂ ਵਿਚ ਨਰੋਆ ਅਤੇ ਰਹੱਸਮਈ ਪਰਿਵਰਤਨ ਲਿਆਉਣ ਹਿਤ ਇੱਕ ਗੁਰਮਤਿ ਸੱਭਿਆਚਾਰ ਸਿਰਜਿਆ ਤਾਂ ਜੋ ਸਮਾਜ ਨੂੰ ਇੱਕ ਉਸਾਰੂ ਸੇਧ ਵੀ ਪ੍ਰਦਾਨ ਕੀਤੀ ਜਾ ਸਕੇ। ਇਸ ਬਦਲਾਅ ਨੇ ਇਨ੍ਹਾਂ ਤਿਉਹਾਰਾਂ ਨੂੰ ਪਰਮਾਰਥ ਦੇ ਅਰਥਾਂ ਵਿਚ ਬਦਲ ਕੇ ਰੂਪਮਾਨ ਕੀਤਾ ਹੈ। ਹੋਲਾ ਮਹੱਲਾ ਵੀ ਇਸੇ ਲੜੀ ਵਿੱਚ ਆਉਂਦਾ ਹੈ ਜਿਸ ਨੂੰ ਦਸਮ ਗੁਰੂ ਨੇ ਹੋਲੀ ਦੇ ਬਦਲ ਵਿੱਚ ਪ੍ਰਚਲਿਤ ਕੀਤਾ।

ਪੰਜਾਬੀ ਭਾਸ਼ਾਈ ਕੋਸ਼ਾਂ  ਅਨੁਸਾਰ ‘ਹੋਲਾ’ ਅਰਬੀ ਭਾਸ਼ਾ ਦੇ ਸ਼ਬਦ ‘ਹੂਲ’ ਤੋਂ ਬਣਿਆ ਹੈ ਇਸ ਸ਼ਬਦ ਦੇ ਅਰਥ ਹਨ, ਭਲੇ ਕੰਮਾਂ ਲਈ ਜੂਝਣਾ, ਸੀਸ ਤਲੀ ‘ਤੇ ਧਰ ਕੇ ਲੜਨਾ, ਤਲਵਾਰ ਦੀ ਧਾਰ ‘ਤੇ ਚੱਲਣਾ ਅਤੇ ਮਹੱਲੇ ਦਾ ਅਰਥ ਹੈ, ਉਹ ਅਸਥਾਨ ਜਿੱਥੇ ਫ਼ਤਹਿ ਕਰਨ ਤੋਂ ਬਾਅਦ ਟਿਕਾਣਾ ਕੀਤਾ ਜਾਵੇ।

ਕਈ ਵਿਦਵਾਨਾਂ ਨੇ ਹੋਲੀ ਦਾ ਪੁਲਿੰਗ ‘ਹੱਲਾ’ ਬਣਾ ਕੇ ਮਹਾਂ ਹੱਲੇ ਦੇ ਰੂਪ ਵਿੱਚ ਵੀ ਇਸ ਸ਼ਬਦ ਦੇ ਅਰਥ ਕੀਤੇ ਹਨ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1699 ਈਸਵੀ ਨੂੰ ਨਿੱਘਰ ਚੁੱਕੇ ਸਮਾਜ ਦੇ ਦੱਬੇ-ਕੁਚਲੇ ਅਤੇ ਲਿਤਾੜੇ ਜਾ ਰਹੇ ਮਨੁੱਖਾਂ ਨੂੰ ਆਪਣੀ ਹੋਂਦ ਦਾ ਅਹਿਸਾਸ ਕਰਵਾਉਣ ਅਤੇ ਸੂਰਬੀਰ ਯੋਧੇ ਬਣਾਉਣ ਲਈ ਖ਼ਾਲਸਾ ਪੰਥ ਦੀ ਸਾਜਨਾ ਕੀਤੀ ਸੀ। ਇਸੇ ਲੜੀ ਨੂੰ ਅੱਗੇ ਤੋਰਦਿਆਂ ਗੁਰੂ ਸਾਹਿਬ ਨੇ 1701 ਈਸਵੀ ਵਿੱਚ ਪੁਰਾਤਨ ਹੋਲੀ ਦੇ ਤਿਉਹਾਰ ਨੂੰ ਹੋਲੇ ਮਹੱਲੇ  ਦਾ ਨਵਾਂ ਰੂਪ ਦਿੱਤਾ।

- Advertisement -

ਸਿੱਖ ਇਤਿਹਾਸ ਦੇ ਸਰੋਤਾਂ ਅਨੁਸਾਰ ਹੋਲੇ ਮਹੱਲੇ ਦੇ ਦਿਨਾਂ ਵਿੱਚ ਗੁਰੂ ਸਾਹਿਬ ਵੱਲੋਂ ਖਾਲਸਾਈ ਫੌਜਾਂ ਨੂੰ ਦੋ ਦਲਾਂ ‘ਚ ਵੰਡਿਆ ਜਾਂਦਾ ਸੀ ਅਤੇ ਇੱਕ ਦਲ ਨੂੰ ਸਫੈਦ ਅਤੇ ਦੂਸਰੇ ਨੂੰ ਕੇਸਰੀ ਰੰਗ ਦੇ ਬਸਤਰ ਪਹਿਨਾਏ ਜਾਂਦੇ ਸਨ, ਫਿਰ ਉਨ੍ਹਾਂ ਦੋਹਾਂ ਦਲਾਂ ਵਿੱਚ ਸਾਸ਼ਤਰ ਵਿਦਿਆ ਦੇ ਜੰਗੀ ਮੁਕਾਬਲੇ ਕਰਵਾਏ ਜਾਂਦੇ ਤੇ ਕਈ ਵਾਰ ਗੁਰੂ ਸਾਹਿਬ ਵਲੋਂ ਦੋਹਾਂ ਫੋਜੀ ਦਲਾਂ ਵਿੱਚ ਹੋਲਗੜ੍ਹ ਦੇ ਕਿੱਲੇ ’ਤੇ ਕਬਜਾ ਕਰਨ ਦਾ ਮੁਕਾਬਲਾ ਵੀ ਕਰਵਾਇਆ ਜਾਂਦਾ। ਇਨ੍ਹਾਂ ਮੁਕਾਬਲਿਆਂ ਵਿੱਚ ਜਿਹੜਾ ਦਲ ਚੰਗਾ ਪ੍ਰਦਰਸ਼ਨ ਕਰਦਾ ਉਸ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਜਾਂਦਾ ਸੀ, ਅਨੰਦਪੁਰੀ ਵਿੱਚ ਚਾਰੇ ਪਾਸੇ ਚੜ੍ਹਦੀ ਕਲਾ ਵਾਲਾ ਮਾਹੌਲ ਬਣ ਜਾਂਦਾ ਸੀ।

ਵਰਤਮਾਨ ਸਮੇਂ ਵੀ ਹੋਲਾ ਮਹੱਲਾ ਸਿੱਖ ਸੰਗਤਾਂ ਵਲੋਂ ਪੂਰੇ ਉਤਸ਼ਾਹ ਤੇ ਜੋਸ਼ ਨਾਲ ਮਨਾਇਆ ਜਾਂਦਾ ਹੈ। ਦੇਸ਼ ਵਿਦੇਸ਼ ਤੋਂ ਲੱਖਾਂ ਸੰਗਤਾਂ ਵਿਸ਼ੇਸ਼ ਤੌਰ ‘ਤੇ ਸ੍ਰੀ ਅਨੰਦਪੁਰ ਸਾਹਿਬ ਪਹੁੰਚਦੀਆਂ ਹਨ। ਵਰਤਮਾਨ ਸਮੇਂ ਹੋਲਾ ਮਹੱਲਾ ਦੋ ਪਾੜਾਵਾਂ ਵਿੱਚ ਮਨਾਇਆ ਜਾਂਦਾ ਹੈ। ਪਹਿਲੇ ਪੜਾਅ ਵਿੱਚ ਹੋਲਾ ਮਹੱਲਾ ਕੀਰਤਪੁਰ ਸਾਹਿਬ ਤੋਂ ਪ੍ਰਾਰੰਭ ਹੁੰਦਾ ਹੈ ਜਿਸ ਦੀ ਆਰੰਭਤਾ ਗੁਰਦੁਆਰਾ ਸ੍ਰੀ ਪਤਾਲਪੁਰੀ ਸਾਹਿਬ ਸਮੇਤ ਵੱਖ-ਵੱਖ ਗੁਰੂ ਘਰਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਅਖੰਡ ਪਾਠ ਦੀ ਅਰੰਭਤਾ ਦੀ ਅਰਦਾਸ ਨਾਲ ਹੁੰਦੀ ਹੈ। ਤੀਸਰੇ ਦਿਨ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਦੇ ਉਪਰੰਤ ਪਹਿਲੇ ਪੜਾਅ ਦੀ ਸਮਾਪਤੀ ਹੁੰਦੀ ਹੈ। ਦੂਸਰਾ ਪੜਾਅ ਸ੍ਰੀ ਅਨੰਦਪੁਰ ਸਾਹਿਬ ਵਿਖੇ ਪ੍ਰਾਰੰਭ ਹੁੰਦਾ ਹੈ। ਸ੍ਰੀ ਅਨੰਦਪੁਰ ਵਿਖੇ ਇਹ ਤਿੰਨ ਦਿਨਾਂ ਤਿਉਹਾਰ ਹੋਲੀ ਤੋਂ ਇੱਕ ਦਿਨ ਪਹਿਲਾਂ ਸ਼ੁਰੂ ਹੁੰਦਾ ਹੈ ਤੇ ਹੋਲੀ ਤੋਂ ਇੱਕ ਬਆਦ ਤਕ ਮਨਾਇਆ ਜਾਂਦਾ ਹੈ। ਆਖਰੀ ਦਿਨ ਸ੍ਰੀ ਅਨੰਦਗੜ੍ਹ ਸਾਹਿਬ ਤੋਂ ਨਗਰ ਕੀਰਤਨ ਸਜਾਇਆ ਜਾਂਦਾ ਹੈ ਜੋ ਵੱਖ-ਵੱਖ ਸਥਾਨਾਂ ਤੋਂ ਹੁੰਦਾ ਹੋਇਆ ਖੁੱਲੇ ਮੈਦਾਨ ਵਿੱਚ ਪਹੁੰਚਦਾ ਹੈ ਜਿੱਥੇ ਸਿੰਘਾਂ ਵਲੋਂ ਜੰਗੀ ਕਰਤਬ ਦਿਖਾਏ ਜਾਂਦੇ ਹਨ, ਇਸ ਮੌਕੇ ਉਂਤੇ ਗੁਰੂ ਕੀਆਂ ਲਾਡਲੀਆਂ ਫੌਜ਼ਾਂ, ਨਿਹੰਗ ਸਿੰਘਾਂ ਦਾ ਜਲਾਲ ਵੀ ਵੇਖਣ ਵਾਲਾ ਹੁੰਦਾ ਹੈ ਜੋ ਵਿਸ਼ੇਸ਼ ਤੌਰ ਉੱਤੇ ਮਹੱਲਾ ਕੱਢਦੇ ਹਨ ਤੇ ਖਾਲਸਾਈ ਪਰੰਪਰਾਗਤ ਸਸ਼ਤਰ- ਤਲਵਾਰਾਂ, ਬਰਛਿਆਂ ਅਤੇ ਨੇਜ਼ਿਆਂ ਆਦਿ ਦਾ ਪ੍ਰਦਰਸ਼ਨ ਕਰਦੇ ਹਨ। ਪਿਛਲੇ ਪਹਿਰ ਨਗਰ ਕੀਰਤਨ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਾਪਸ ਆ ਜਾਂਦਾ ਹੈ। ਇਸ ਤਰਾਂ ਇਹ ਵੱਡਾ ਤਿਉਹਾਰ ਆਪਣੇ ਅੰਤਿਮ ਪੜਾਅ ਨੂੰ ਪੂਰਾ ਕਰ ਸਮਾਪਤ ਹੋ ਜਾਂਦਾ ਹੈ।

Share this Article
Leave a comment