ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਦੇ ਯੂਥ ਵਿੰਗ ਪੰਜਾਬ ਦੇ ਪ੍ਰਧਾਨ ਅਤੇ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਨੇ ਦੋਸ਼ ਲਾਇਆ ਕਿ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਕੋਵਿਡ ਮਹਾਂਮਾਰੀ ਦੇ ਦੌਰ ’ਚ ਅਤਿ ਜ਼ਰੂਰੀ ਦਵਾਈਆਂ ਅਤੇ ਹੋਰ ਵਸਤਾਂ ਦੀ ਜ਼ਖ਼ੀਰੇਬਾਜੀ ਰੋਕਣ ਵਿੱਚ ਫ਼ੇਲ ਸਾਬਤ ਹੋਈ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਕੋਰੋਨਾ 19 ਦੇ ਇਲਾਜ ਲਈ ਪੀੜਤਾਂ ਦੇ ਪਰਿਵਾਰ ਰੈਮਡੇਸਿਵਰ, ਕੋਵਿਡ ਵੈਕਸੀਨਸ ਅਤੇ ਆਕਸੀਜਨ ਗੈਸ ਦੀ ਪ੍ਰਾਪਤੀ ਲਈ ਦਰ ਦਰ ਭਟਕ ਰਹੇ ਹਨ, ਪਰ ਦੂਜੇ ਪਾਸੇ ਬਹੁਤ ਸਾਰੇ ਜ਼ਖ਼ੀਰੇਬਾਜ਼ ਇਨਾਂ ਦੀ ਜਮਾਂਖ਼ੋਰੀ ਕਰਕੇ ਕਾਲਾਬਾਜ਼ਾਰੀ ਕਰਨ ਵਿੱਚ ਲੱਗੇ ਹੋਏ ਹਨ।
ਸੋਮਵਾਰ ਨੂੰ ਪਾਰਟੀ ਦੇ ਮੁੱਖ ਦਫ਼ਤਰ ਤੋਂ ਇੱਕ ਬਿਆਨ ਜਾਰੀ ਕਰਦਿਆਂ ਵਿਧਾਇਕ ਮੀਤ ਹੇਅਰ ਨੇ ਕਿਹਾ ਕਿ ਨਰਿੰਦਰ ਮੋਦੀ ਸਰਕਾਰ ਕੋਰੋਨਾ ਦੇ ਇਲਾਜ ਲਈ ਲੋੜੀਂਦੀਆਂ ਦਵਾਈਆਂ ਅਤੇ ਜੀਵਨ ਬਚਾਉ ਸਾਧਨਾਂ ਦੀ ਸੁਚੱਜੀ ਵਿਵਸਥਾ ਕਰਨ ਲਈ ਜ਼ਿੰਮੇਵਾਰ ਸੀ, ਪਰ ਉਹ ਇਨਾਂ ਦੀ ਜਮਾਂਖ਼ੋਰੀ ਰੋਕਣ ਵਿੱਚ ਪੂਰਨ ਤੌਰ ’ਤੇ ਨਾਕਾਰਾ ਸਿੱਧ ਹੋਈ ਹੈ। ਉਨ੍ਹਾਂ ਕਿਹਾ ਕਿ ਇੱਕ ਸਾਲ ਤੋਂ ਜ਼ਿਆਦਾ ਦਾ ਸਮਾਂ ਹੋ ਗਿਆ ਕਿ ਕੋਰੋਨਾ ਦੀ ਮਹਾਂਮਾਰੀ ਦੇਸ਼ ਵਿੱਚ ਫੈਲਿਆ, ਜਿਸ ਨਾਲ ਹੁਣ ਤੱਕ ਕਰੋੜਾਂ ਲੋਕ ਪ੍ਰਭਾਵਿਤ ਹੋਏ ਅਤੇ ਲੱਖਾਂ ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ। ਵਿਧਾਇਕ ਨੇ ਸਵਾਲ ਕੀਤਾ ਕਿ ਮੋਦੀ ਸਰਕਾਰ ਨੇ ਲੋਕਾਂ ਦੀਆਂ ਜਾਨਾਂ ਬਚਾਉਣ ਲਈ ਦਵਾਈਆਂ ਅਤੇ ਹੋਰ ਲੋੜੀਂਦੇ ਪ੍ਰਬੰਧ ਕਿਉਂ ਨਹੀਂ ਕੀਤੇ, ਜਦੋਂ ਦੇਸ਼ ਦੇ ਡਾਕਟਰਾਂ ਅਤੇ ਵਿਗਿਆਨੀਆਂ ਨੇ ਕੋੋਰੋਨਾ ਮਹਾਂਮਾਰੀ ਦੇ ਮੁੜ ਫੈਲਣ ਦੀ ਚੇਤਾਵਨੀ ਦੇ ਦਿੱਤੀ ਸੀ? ਜਦੋਂ ਜਮਾਂਖ਼ੋਰਾਂ ਨੇ ਦਵਾਈਆਂ, ਆਕਸੀਜਨ ਅਤੇ ਹੋਰ ਜਾਨ ਬਚਾਉ ਵਸਤਾਂ ਦੀ ਜਮਾਂਖੋਰੀ ਕਰ ਲਈ ਤਾਂ ਹੁਣ ਇਨਾਂ ਦੀ ਮੰਗ ਵੱਧ ਗਈ ਅਤੇ ਪੂਰਤੀ ਨਾ ਹੋਣ ਕਾਰਨ ਹਜ਼ਾਰਾਂ ਲੋਕਾਂ ਨੂੰ ਆਪਣੀ ਜਾਨ ਗੁਆਉਣੀ ਪੈ ਗਈ ਹੈ। ਉਨ੍ਹਾਂ ਕਿਹਾ ਕੇਂਦਰ ਸਰਕਾਰ ਨੇ ਲੋੜੀਂਦੀਆਂ ਦਵਾਈਆਂ ਅਤੇ ਆਕਸੀਜਨ ਦੀ ਦੁਰਤੋਂ ਰੋਕਣ ਲਈ ਕੋਈ ਕਦਮ ਨਹੀਂ ਚੁਕਿਆ ਅਤੇ ਦਵਾਈ ਕੰਪਨੀਆਂ ਨੇ ਵੱਡੀ ਪੱਧਰ ’ਤੇ ਦਵਾਈਆਂ ਅਤੇ ਟੀਕਿਆਂ ਦੀ ਜਮਾਂਖ਼ੋਰੀ ਕੀਤੀ ਹੈ ਅਤੇ ਮੰਗ ਵੱਧਣ ’ਤੇ ਇਨਾਂ ਨੂੰ ਮਹਿੰਗੇ ਮੁੱਲ ਵੇਚ ਕੇ ਮੁਨਾਫ਼ਾ ਕਮਾ ਰਹੀਆਂ ਹਨ।
ਮੀਤ ਹੇਅਰ ਨੇ ਦੋਸ਼ ਲਾਇਆ ਕਿ ਦਵਾਈਆਂ ਤੇ ਆਕਸੀਜਨ ਦੀ ਕਮੀ ਜਮਾਂਖ਼ੋਰਾਂ ਵੱਲੋਂ ਜਾਣਬੁੱਝ ਕੇ ਪੈਦਾ ਕੀਤੀ ਹੋਈ। ਮੋਦੀ ਸਰਕਾਰ ਜਮਾਂਖੋਰਾਂ ਖ਼ਿਲਾਫ਼ ਕਾਰਵਾਈ ਦੇ ਨਾਂ’ਤੇ ਕੇਵਲ ਡਰਾਮਾ ਕਰ ਰਹੀ ਹੈ। ਇਹ ਨਰਿੰਦਰ ਮੋਦੀ ਸਰਕਾਰ ਲਈ ਬੇਹੱਦ ਸ਼ਰਮਨਾਕ ਗੱਲ ਹੈ, ਜੋ ਇਸ ਮਹਾਂਮਾਰੀ ਦੇ ਦੌਰ ਵਿੱਚ ਵੀ ਰਾਜਨੀਤੀ ਕਰ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਦਵਾਈ ਕੰਪਨੀਆਂ ਨਾਲ ਮਿਲੇ ਹੋਣ ਦੇ ਦੋਸ਼ ਲਾਉਂਦਿਆਂ ਮੀਤ ਹੇਅਰ ਨੇ ਕਿਹਾ ਕਿ ਜਿਵੇਂ ਨਰਿੰਦਰ ਮੋਦੀ ਅੰਬਾਨੀ ਤੇ ਅਡਾਨੀ ਨਾਲ ਮਿਲ ਕੇ ਕਿਸਾਨਾਂ ਨੂੰ ਬਰਬਾਦ ਕਰਨ ਲਈ ਖੇਤੀਬਾੜੀ ਦੇ ਕਾਲੇ ਕਾਨੂੰਨ ਲਿਆਂਦੇ ਹਨ, ਉਸੇ ਤਰ੍ਹਾਂ ਦਵਾਈ ਕੰਪਨੀਆਂ ਨਾਲ ਮਿਲ ਕੇ ਉਹ ਆਮ ਲੋਕਾਂ ਦੀ ਜਾਨ ਨਾਲ ਖ਼ੇਡ ਰਿਹਾ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੇ ਦਵਾਈਆਂ ਅਤੇ ਆਕਸੀਜਨ ਦੀ ਪੂਰਤੀ ਵਿੱਚ ਫ਼ੇਲ ਹੋਣ ਕਾਰਨ ਲੋਕਾਂ ਵਿੱਚ ਡਰ ਦਾ ਮਹੌਲ਼ ਬਣਇਆ ਹੋਇਆ ਹੈ ਤੇ ਦੇਸ਼ ਵਾਸੀ ਪ੍ਰੇਸ਼ਾਨ ਹਨ, ਪਰ ਮੋਦੀ ਸਰਕਾਰ ਦੀ ਵਿਸ਼ੇਸ਼ਤਾ ਹੈ ਕਿ ਉਹ ਡਰ ਅਤੇ ਭੈਅ ਦੇ ਮਹੌਲ਼ ’ਚ ਵੀ ਰਾਜਨੀਤੀ ਕਰ ਰਹੀ ਹੈ। ਮੋਦੀ ਸਰਕਾਰ ਡਰ ਅਤੇ ਭੈਅ ਦੇ ਮਹੌਲ ਵਿੱਚ ਆਪਣੇ ਚਹੇਤੇ ਜਮਾਂਖ਼ੋਰਾਂ ਨੂੰ ਦਵਾਈਆਂ ਅਤੇ ਹੋਰ ਵਸਤਾਂ ਦੀ ਕਾਲਾਬਜਾਰੀ ਕਰਕੇ ਮੋਟੀ ਕਮਾਈ ਕਰਨ ਦੀ ਖੁਲ੍ਹ ਦੇ ਰਹੀ ਹੈ। ਜਿਸ ਦੀ ਉਦਾਹਰਨ ਮੋਦੀ ਸਰਕਾਰ ਵੱਲੋਂ ਅਤਿ ਜ਼ਰੂਰੀ ਵਸਤਾਂ ਦੀ ਜਮਾਂਖ਼ੋਰੀ ਰੋਕੂ ਕਾਨੂੰਨ ਵਿੱਚ ਕੀਤੇ ਵੱਡੇ ਬਦਲਾਵਾਂ ਤੋਂ ਮਿਲਦੀ ਹੈ।
ਮੀਤ ਹੇਅਰ ਨੇ ਕਿਹਾ ਕਿ ਦੇਸ਼ ਵਿੱਚ ਕੋਰੋਨਾ ਪੀੜਤਾਂ ਦੀ ਗਿਣਤੀ ਅਤੇ ਮੌਤ ਦਰ ਲਗਾਤਾਰ ਵੱਧ ਰਹੀ ਹੈ, ਮੋਦੀ ਸਰਕਾਰ ਦੇ ਮੰਤਰੀ ਅਤੇ ਹੋਰ ਭਾਜਪਾ ਆਗੂ ਬੰਗਾਲ ਵਿਧਾਨ ਸਭਾ ਦੀਆਂ ਚੋਣਾਂ ਲਈ ਰੈਲੀਆਂ ਕਰਨ ਵਿੱਚ ਮਗਨ ਹਨ। ਮੋਦੀ ਸਰਕਾਰ ਨੇ ਫੋਕੀ ਕੋਵਿਡ ਵੈਕਸੀਨ ਦੇ ਨਾਂ ’ਤੇ ਮਹਾਂਮਾਰੀ ਨਾਲ ਲੜਨ ਲਈ ਸੂਬਿਆਂ ਨੂੰ ਇੱਕਲੇ ਛੱਡ ਦਿੱਤਾ ਹੈ। ਕੇਂਦਰ ਸਰਕਾਰ ਵੈਕਸੀਨਸ ਦੀ ਵੰਡ ’ਚ ਵੀ ਸੂਬਿਆਂ ਨਾਲ ਭੇਦਭਾਵ ਕਰ ਰਹੀ ਹੈ ਤਾਂ ਜੋ ਦਵਾਈ ਕੰਪਨੀਆਂ ਆਪਣੀ ਮਨਮਰਜੀ ਨਾਲ ਦਵਾਈਆਂ ਦੀ ਕੀਮਤ ਵਸੂਲ ਕੇ ਸੂਬਿਆਂ ਦੀ ਲੁੱਟ ਸਕਣ।