ਨਿਊਯਾਰਕ : ਭਾਰਤ ਦੇ ਆਜ਼ਾਦੀ ਦਿਵਸ ‘ਤੇ ਇਸ ਵਾਰ ਨਿਊਯਾਰਕ ਸਿਟੀ ਦੇ ਪ੍ਰਸਿੱਧ ਟਾਈਮਸ ਸਕਵੇਅਰ ‘ਤੇ ਪਹਿਲੀ ਵਾਰ ਭਾਰਤੀ ਤਿਰੰਗਾ ਲਹਿਰਾਇਆ ਜਾਵੇਗਾ। ਨਿਊਯਾਰਕ, ਨਿਊ ਜਰਸੀ ਅਤੇ ਕਨੈਕਟੀਕਟ ‘ਚ ਰਹਿਣ ਵਾਲੇ ਪਰਵਾਸੀ ਭਾਰਤੀਆਂ ਦੇ ਸਮੂਹ ਫੈਡਰੇਸ਼ਨ ਆਫ਼ ਇੰਡੀਅਨ ਐਸੋਸੀਏਸ਼ਨ (ਐੱਫਆਈਏ) ਨੇ ਬਿਆਨ ਜਾਰੀ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਇਸ ਵਾਰ 15 ਅਗਸਤ ਨੂੰ ਭਾਰਤ ਦੇ ਆਜ਼ਾਦੀ ਦਿਵਸ ਮੌਕੇ ਟਾਈਮਸ ਸਕਵੇਅਰ ‘ਤੇ ਪਹਿਲੀ ਵਾਰ ਭਾਰਤੀ ਤਿਰੰਗਾ ਲਹਿਰਾਇਆ ਜਾਵੇਗਾ।
ਨਿਊਯਾਰਕ ਵਿਚ ਭਾਰਤ ਦੇ ਕਾਊਂਸਲੇਟ ਰਣਧੀਰ ਜਾਇਸਵਾਲ ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਹੋਣਗੇ। ਐੱਫਆਈਏ ਨੇ ਕਿਹਾ ਹੈ ਕਿ ਟਾਇਮਜ਼ ਸਕਵਾਇਰ ‘ਤੇ ਤਿਰੰਗਾ ਲਹਿਰਾਏ ਜਾਣ ਦੇ ਨਾਲ ਹੀ ਹਰ ਸਾਲ ਵਾਂਗ 14 ਅਗਸਤ ਨੂੰ ਐਂਪਰਾਇਰ ਸਟੇਟ ਬਿਲਡਿੰਗ ਨੂੰ ਸੰਤਰੀ, ਸਫ਼ੈਦ ਤੇ ਹਰੇ ਰੰਗ ਦੀਆਂ ਲਾਈਟਾਂ ਨਾਲ ਰੋਸ਼ਨ ਕੀਤਾ ਜਾਵੇਗਾ। ਇੱਥੇ ਦੱਸ ਦਈਏ ਕਿ ਬੀਤੀ 5 ਅਗਸਤ ਨੂੰ ਰਾਮ ਮੰਦਰ ਭੂਮੀ ਪੂਜਨ ‘ਤੇ ਟਾਈਮਸ ਸਕਵੇਅਰ ਨੂੰ ਭਗਵਾਨ ਸ੍ਰੀਰਾਮ ਦੇ ਰਾਮ ਮੰਦਰ ਨਾਲ ਸਜਾਇਆ ਗਿਆ ਸੀ।
ਜ਼ਿਕਰਯੋਗ ਹੈ ਕਿ ਫੈਡਰੇਸ਼ਨ ਆਫ ਇੰਡੀਅਨ ਐਸੋਸੀਏਸ਼ਨ (ਐੱਫਆਈਏ) ਇਸ ਸਾਲ ਆਪਣੀ ਗੋਲਡਨ ਜੁਬਲੀ ਮਨਾ ਰਹੀ ਹੈ। ਪ੍ਰਵਾਸੀਆਂ ਦੇ ਸਭ ਤੋਂ ਵੱਡੇ ਸੰਗਠਨਾਂ ‘ਚੋਂ ਇਕ ਐੱਫਆਈਏ ਦੀ ਸਥਾਪਨਾ 1970 ‘ਚ ਕੀਤੀ ਗਈ ਸੀ। ਸੰਗਠਨ ਨੇ ਦੱਸਿਆ ਕਿ ਟਾਇਮਜ਼ ਸਕਵਾਇਰ ‘ਤੇ ਤਿਰੰਗਾ ਝੰਡਾ ਲਹਿਰਾਉਣਾ ਭਾਰਤੀ-ਅਮਰੀਕੀ ਭਾਈਚਾਰੇ ਦੀ ਵੱਧਦੀ ਦੇਸ਼ ਭਗਤੀ ਦਾ ਪ੍ਰਤੀਕ ਹੈ। ਇਸ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ।