ਵਰਲਡ ਡੈਸਕ – Hope Mars Mission, ਸੰਯੁਕਤ ਅਰਬ ਅਮੀਰਾਤ (UAE) ਨੇ ਇਤਿਹਾਸ ਰਚ ਦਿੱਤਾ ਹੈ। ਯੂਏਈ ਦੀ ਪੁਲਾੜ ਗੱਡੀ ‘ਹੋਪ’ ਮੰਗਲ ਗ੍ਰਹਿ ਦੇ ਹੋਰ ਨੇੜੇ ਪਹੁੰਚ ਗਈ ਹੈ। ਯੂਏਈ ਦੀ ਪਹਿਲੀ ਇੰਟਰਪਲੈਨੇਟਰੀ ਪੁਲਾੜ ਗੱਡੀ ‘ਹੋਪ’ ਨੇ ਬੀਤੇ ਮੰਗਲਵਾਰ ਦੇਰ ਰਾਤ ਸਫਲਤਾਪੂਰਵਕ ਮੰਗਲ ਦੇ ਪੰਧ ‘ਚ ਪ੍ਰਵੇਸ਼ ਕੀਤਾ। ਸੀਐੱਨਐੱਨ ਅਨੁਸਾਰ, ਮੰਗਲ ਤੇ ਯੂਏਈ ਦਾ ਪਹਿਲਾ ਮਿਸ਼ਨ ਬੀਤੇ ਮੰਗਲਵਾਰ ਨੂੰ ਲਾਲ ਗ੍ਰਹਿ ਦੇ ਹੋਰ ਨੇੜੇ ਪਹੁੰਚਿਆ ਤੇ ਪਹਿਲੇ ਹੀ ਯਤਨ ‘ਚ ਸਫਲਤਾਪੂਰਵਕ ਪੰਧ ‘ਚ ਪ੍ਰਵੇਸ਼ ਕਰ ਗਿਆ। ‘ਹੋਪ ਪ੍ਰੋਬ’ ਦੇ ਨਾਂ ਨਾਲ ਜਾਣੇ ਜਾਂਦੇ ਯੂਏਈ ਦੇ ਮਾਰਸ ਮਿਸ਼ਨ ਨੇ ਇਕ ਸੰਕੇਤ ਭੇਜ ਕੇ ਪੁਸ਼ਟੀ ਕੀਤੀ ਕਿ ਇਹ ਪੰਧ ‘ਚ ਪ੍ਰਵੇਸ਼ ਕਰ ਚੁੱਕਾ ਹੈ।
ਮੰਗਲ ਮਿਸ਼ਨ ਦੇ ਟਵਿੱਟਰ ਅਕਾਊਂਟ ਦੇ ਇਕ ਟਵੀਟ ਅਨੁਸਾਰ ‘ਸਫ਼ਲਤਾ! #HopeProbe ਦੇ ਨਾਲ ਸੰਪਰਕ ਮੁੜ ਸਥਾਪਿਤ ਹੋ ਗਿਆ ਹੈ। ਮਾਰਸ ਆਰਬਿਟ ਇੰਸਰਸ਼ਨ ਹੁਣ ਪੂਰਾ ਹੋ ਗਿਆ ਹੈ। ਜਦੋਂ ਪੁਲਾੜ ਯਾਨ ਮੰਗਲ ਗ੍ਰਹਿ ਦੇ ਪੰਧ ‘ਚ ਪਹੁੰਚਿਆ ਤਾਂ ਲਾਲ ਗ੍ਰਹਿ ‘ਤੇ ਅਜਿਹਾ ਕਰਨ ਵਾਲਾ ਉਹ ਦੁਨੀਆ ਦਾ ਪੰਜਵਾਂ ਦੇਸ਼ ਬਣ ਗਿਆ ਤੇ ਅਰਬ ਦੇਸ਼ ‘ਚ ਉਹ ਪਹਿਲਾ ਦੇਸ਼ ਬਣਿਆ।
ਆਰਬਿਟਰ, ਜਿਸ ਦਾ ਨਾਂ ਹੋਪ ਹੈ ਤੇ ਉਸ ਨੂੰ ਅਰਬੀ ‘ਚ ਅਮਲ ਕਿਹਾ ਜਾਂਦਾ ਹੈ। ਉਸ ਨੇ ਮੰਗਲ ‘ਤੇ ਜਾਣ ਲਈ ਲਗਪਗ ਸੱਤ ਮਹੀਨਿਆਂ ‘ਚ 300 ਮਿਲੀਅਨ (30 ਕਰੋੜ) ਮੀਲ ਦੀ ਯਾਤਰਾ ਕੀਤੀ। ਇਸ ਨੂੰ ਉੱਥੇ ਮੰਗਲ ਦਾ ਪਹਿਲਾ ਗਲੋਬਲ ਵੈਦਰ ਮੈਪ ਤਿਆਰ ਕਰਨ ਦੇ ਟੀਚੇ ਨਾਲ ਭੇਜਿਆ ਗਿਆ ਹੈ।
ਹੋਪ ਮਾਰਸ ਮਿਸ਼ਨ ਨੂੰ 2014 ‘ਚ ਯੂਏਈ ਦੇ ਰਾਸ਼ਟਰਪਤੀ ਹਿਜ ਹਾਈਨੈੱਸ ਸ਼ੇਖ ਖਲੀਫ਼ਾ ਬਿਨ ਜਾਇਦ ਅਲ ਨਾਹਯਾਨ ਤੇ ਮਹਾਮਹਿਮ ਸ਼ੇਖ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ ਵੱਲੋਂ ਐਲਾਨੀ ਸਭ ਤੋਂ ਵੱਡੀ ਰਣਨੀਤਕ ਤੇ ਵਿਗਿਆਨਕ ਰਾਸ਼ਟਰੀ ਪਹਿਲ ਮੰਨਿਆ ਜਾਂਦਾ ਹੈ।