ਸਿੰਘ ਸਾਹਿਬਾਨ ਦਾ ਇਤਿਹਾਸਕ ਫ਼ੈਸਲਾ!

Global Team
4 Min Read

ਜਗਤਾਰ ਸਿੰਘ ਸਿੱਧੂ;

ਅੱਜ ਸਿੰਘ ਸਾਹਿਬਾਨ ਵੱਲੋਂ ਅਕਾਲ ਤਖ਼ਤ ਸਾਹਿਬ ਵਿਖੇ ਸਿੱਖ ਪੰਥ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਿਵਾਦਿਤ ਮੁੱਦਿਆਂ ਬਾਰੇ ਤਲਬ ਕੀਤੇ ਪੰਥਕ ਆਗੂਆਂ ਲਈ ਲਏ ਫੈਸਲੇ ਇਤਿਹਾਸਕ ਹੋ ਨਿੱਬੜੇ। ਕਈ ਦਹਾਕਿਆਂ ਬਾਅਦ ਪੰਥਕ ਮਸਲਿਆਂ ਬਾਰੇ ਸਿੰਘ ਸਾਹਿਬਾਨ ਦਾ ਅਜਿਹਾ ਫਤਵਾ ਆਇਆ ਹੈ ਕਿ ਦੋ ਦਸੰਬਰ 2024 ਸਿੱਖ ਇਤਿਹਾਸ ਵਿੱਚ ਸਦਾ ਦਰਜ ਹੋ ਗਿਆ ਹੈ।

ਸਿੰਘ ਸਾਹਿਬਾਨ ਵਲੋਂ ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ਤੋਂ ਸੁਣਾਏ ਫ਼ੈਸਲੇ ਨਾਲ ਸੁਖਬੀਰ ਸਿੰਘ ਬਾਦਲ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨਹੀਂ ਰਹੇ। ਪਾਰਟੀ ਦੀ ਕੋਰ ਕਮੇਟੀ ਨੂੰ ਕਿਹਾ ਗਿਆ ਹੈ ਕਿ ਤਿੰਨ ਦਿਨਾਂ ਦੇ ਅੰਦਰ ਸੁਖਬੀਰ ਦਾ ਅਸਤੀਫਾ ਪ੍ਰਵਾਨ ਕੀਤਾ ਜਾਵੇ । ਇਹ ਕਿਹਾ ਗਿਆ ਹੈ ਕਿ ਅਕਾਲੀ ਲੀਡਰਸ਼ਿਪ ਆਪਣਾ ਨੈਤਿਕ ਅਧਾਰ ਗੁਆ ਚੁੱਕੀ ਹੈ ਅਤੇ ਇਸ ਲਈ ਅਕਾਲੀ ਦਲ ਦੇ ਵਿਧਾਨ ਮੁਤਾਬਿਕ ਭਰਤੀ ਕਰਕੇ ਨਵੀਂ ਚੋਣ ਕੀਤੀ ਜਾਵੇ ।ਤਿੰਨ ਮਹੀਨਿਆਂ ਵਿੱਚ ਭਰਤੀ ਹੋਵੇਗੀ ਅਤੇ ਨਿਗਰਾਨੀ ਲਈ ਉੱਚ ਪੱਧਰੀ ਕਮੇਟੀ ਬਣ ਗਈ ਹੈ। ਕਮੇਟੀ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ, ਜਥੇਦਾਰ ਝੂੰਦਾ, ਮਨਪ੍ਰੀਤ ਸਿੰਘ ਇਯਾਲੀ, ਸੰਤਾ ਸਿੰਘ ਅਤੇ ਬੀਬੀ ਸਤਵੰਤ ਕੌਰ ਸ਼ਾਮਲ ਹਨ।

ਅਹਿਮ ਫੈਸਲਾ ਸੁਣਾਉਂਦੇ ਹੋਏ ਸਿੰਘ ਸਾਹਿਬਾਨ ਨੇ ਕਿਹਾ ਕਿ ਪੰਜਵਾਰ ਮੁੱਖ ਮੰਤਰੀ ਰਹੇ ਅਤੇ ਅਕਾਲੀ ਦਲ ਦੇ ਲੰਮਾ ਸਮਾਂ ਪ੍ਰਧਾਨ ਰਹੇ ਪ੍ਰਕਾਸ਼ ਸਿੰਘ ਬਾਦਲ ਤੋਂ ਸਿੱਖ ਕੌਮ ਦਾ ਵੱਡਾ ਅੇਵਾਰਡ ਫਖਰੇ ਕੌਮ ਵਾਪਸ ਲਿਆ ਜਾਂਦਾ ਹੈ। ਪੰਜਾਬ ਅਤੇ ਅਕਾਲੀ ਰਾਜਨੀਤੀ ਉੱਪਰ ਦਹਾਕਿਆਂ ਤੱਕ ਛਾਏ ਰਹੇ ਬਾਦਲ ਪਰਿਵਾਰ ਲਈ ਧਾਰਮਿਕ ਅਤੇ ਰਾਜਸੀ ਤੌਰ ਤੇ ਇਹ ਬਹੁਤ ਵੱਡਾ ਝਟਕਾ ਹੈ। ਸੁਖਬੀਰ ਬਾਦਲ ਦੀ ਪ੍ਰਧਾਨਗੀ ਖਤਮ ਕਰਨ ਨਾਲੋਂ ਪ੍ਰਕਾਸ਼ ਸਿੰਘ ਬਾਦਲ ਦਾ ਫਖਰੇ ਕੌਮ ਐਵਾਰਡ ਵਾਪਸ ਲੈਣਾ ਇਸ ਕਰਕੇ ਵੱਡਾ ਝਟਕਾ ਹੈ ਕਿਉਂਕਿ ਇਸ ਫੈਸਲੇ ਨੇ ਪੰਜਾਬ ਅਤੇ ਪੰਥ ਪ੍ਰਤੀ ਦਹਾਕਿਆਂ ਤੋਂ ਸੇਵਾ ਕਰਨ ਦੇ ਬਾਦਲ ਪਰਿਵਾਰ ਦੇ ਦਾਅਵਿਆਂ ਨੂੰ ਖਤਮ ਕਰ ਦਿੱਤਾ ਹੈ ।ਖਾਸ ਤੌਰ ਤੇ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰੇ ਗਏ ਪੰਜਾਬ ਦੇ ਵੱਡੀ ਗਿਣਤੀ ਵਿੱਚ ਨੌਜਵਾਨਾਂ ਦੇ ਮੁੱਦੇ ਵਿਚ ਲਿਆ ਇਹ ਫ਼ੈਸਲਾ ਬਾਦਲ ਪਰਿਵਾਰ ਲਈ ਵੱਡੇ ਸਵਾਲ ਖੜ੍ਹੇ ਕਰ ਗਿਆ ਹੈ।

ਤਿੰਨ ਸਾਬਕਾ ਸਿੰਘ ਸਾਹਿਬਾਨ ਬਾਰੇ ਡੇਰਾ ਸਿਰਸਾ ਮੁਖੀ ਨੂੰ ਮਾਫੀ ਦੇਣ ਦੇ ਮਾਮਲੇ ਵਿੱਚ ਲਿਆ ਸਖਤ ਫੈਸਲਾ ਧਾਰਮਿਕ ਅਸਥਾਨਾਂ ਉੱਤੇ ਵੱਡੇ ਰੁਤਬੇ ਲੈਕੇ ਬੈਠੇ ਲੋਕਾਂ ਲਈ ਸੁਨੇਹਾ ਹੈ ਕਿ ਆਪਣੇ ਗੁਨਾਹਾਂ ਦਾ ਹਿਸਾਬ ਦੇਣਾ ਪੈਂਦਾ ਹੈ ।ਇੰਨਾਂ ਤਿੰਨਾਂ ਤਤਕਾਲੀ ਜਥੇਦਾਰਾਂ ਨੇ ਡੇਰਾ ਮੁਖੀ ਨੂੰ ਮਾਫ਼ੀ ਦੇਣ ਦੇ ਮਾਮਲੇ ਵਿੱਚ ਨਿਭਾਈ ਭੂਮਿਕਾ ਬਾਰੇ ਸਿੰਘ ਸਾਹਿਬਾਨ ਨੂੰ ਆਪਣਾ ਲਿਖਤੀ ਸਪਸ਼ਟੀਕਰਨ ਵੀ ਦਿੱਤਾ ਹੈ ਜੋ ਕਿ ਜਨਤਕ ਵੀ ਕੀਤਾ ਜਾਵੇਗਾ। ਇੰਨਾਂ ਵਿੱਚ ਗਿਆਨੀ ਗੁਰਬਚਨ ਸਿੰਘ, ਗਿਆਨੀ ਗੁਰਮੁਖ ਸਿੰਘ ਅਤੇ ਗਿਆਨੀ ਇਕਬਾਲ ਸਿੰਘ ਸ਼ਾਮਲ ਹਨ।ਗਿਆਨੀ ਗੁਰਮੁਖ ਸਿੰਘ ਦੀ ਨਿਯੁਕਤੀ ਦਰਬਾਰ ਸਾਹਿਬ ਤੋਂ ਬਾਹਰ ਹੋ ਗਈ ਹੈ ਅਤੇ ਜਨਤਕ ਸੇਵਾਵਾਂ ਤੇ ਰੋਕ ਲਾ ਦਿੱਤੀ ਹੈ । ਗਿਆਨੀ ਗੁਰਬਚਨ ਸਿੰਘ ਨੂੰ ਦਿੱਤੀਆਂ ਸਹੂਲਤਾਂ ਵਾਪਸ ਲੈ ਲਈਆਂ ਹਨ।

ਸਿੰਘ ਸਾਹਿਬਾਨ ਨੇ ਡੇਰਾ ਮੁਖੀ ਨੂੰ ਮੁਆਫ਼ੀ ਦੇਣ ਬਾਰੇ ਖਰਚੇ ਨੱਬੇ ਲੱਖ ਰੁਪਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵਿਆਜ ਸਮੇਤ ਵਾਪਸ ਕਰਨ ਲਈ ਸੁਖਬੀਰ ਸਿੰਘ ਬਾਦਲ, ਸੁਖਦੇਵ ਸਿੰਘ ਢੀਂਡਸਾ, ਅਤੇ ਬਲਵਿੰਦਰ ਸਿੰਘ ਭੂੰਦੜ ਸਮੇਤ ਕਈ ਹੋਰਾਂ ਲਈ ਫਤਵਾ ਜਾਰੀ ਕੀਤਾ ਹੈ।

ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸਰਨਾ ਨੂੰ ਸਿੰਘ ਸਾਹਿਬਾਨ ਬਾਰੇ ਮਾੜੇ ਸ਼ਬਦ ਬੋਲਣ ਲਈ ਤਨਖਾਹੀਆ ਕਰਾਰ ਦੇ ਦਿੱਤਾ ਗਿਆ ਹੈ।
ਅਕਾਲੀ ਨੇਤਾ ਵਿਰਸਾ ਸਿੰਘ ਵਲਟੋਹਾ ਅਤੇ ਅਕਾਲੀ ਦਲ ਦੇ ਕਈ ਯੁਵਾ ਆਗੂਆਂ ਨੂੰ ਸਿੰਘ ਸਾਹਿਬਾਨ ਬਾਰੇ ਮਾੜੀ ਸ਼ਬਦਾਵਲੀ ਵਰਤਣ ਲਈ ਚੇਤਾਵਨੀ ਦਿਤੀ ਗਈ ਹੈ ਅਤੇ ਸਖਤ ਕਾਰਵਾਈ ਦਾ ਸੁਨੇਹਾ ਦਿੱਤਾ ਹੈ।

ਬਾਗੀ ਅਤੇ ਦਾਗ਼ੀ ਧਿਰਾਂ ਦੇ ਆਗੂਆਂ ਨੂੰ ਹਾਉਮੇ ਛੱਡਕੇ ਪੰਜਾਬ ਅਤੇ ਪੰਥ ਲਈ ਮਿਲਕੇ ਕੰਮ ਕਰਨ ਲਈ ਕਿਹਾ ਹੈ। ਸੁਖਬੀਰ ਸਿੰਘ ਬਾਦਲ, ਸੁਖਦੇਵ ਸਿੰਘ ਢੀਂਡਸਾ, ਪ੍ਰੇਮ ਸਿੰਘ ਚੰਦੂਮਾਜਰਾ, ਸੁਰਜੀਤ ਸਿੰਘ ਰੱਖੜਾ, ਸੋਹਨ ਸਿੰਘ ਠੰਡਲ ਅਤੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ ਵੱਖ ਵੱਖ-ਵੱਖ ਪੱਧਰ ਦੀ ਧਾਰਮਿਕ ਸਜਾ ਵੀ ਸੁਣਾਈ ਗਈ ਹੈ! ਅੱਜ ਸਿੰਘ ਸਾਹਿਬਾਨ ਨੇ ਜਦੋਂ ਤਲਬ ਕੀਤੇ ਆਗੂਆਂ ਨੂੰ ਸਜ਼ਾ ਦੇਣ ਤੋਂ ਪਹਿਲਾਂ ਸਵਾਲ ਪੁੱਛੇ ਤਾਂ ਸੁਖਬੀਰ ਸਿੰਘ ਬਾਦਲ ਨੇ ਅਕਾਲੀ ਦਲ ਅਤੇ ਆਪਣੀ ਸਰਕਾਰ ਸਮੇਂ ਦੇ ਸਾਰੇ ਗੁਨਾਹ ਕਬੂਲ ਕੀਤੇ।

ਸੰਪਰਕ/ 9814002186

Share This Article
Leave a Comment