ਕਰਾਚੀ: ਪਾਕਿਸਤਾਨ ਦੇ ਸਿੰਧ ਸੂਬੇ ‘ਚ 31 ਸਾਲਾ ਹਿੰਦੂ ਪੱਤਰਕਾਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਸਥਾਨਕ ਖਬਰਾਂ ਮੁਤਾਬਕ ਅਜੈ ਲਾਲਵਾਨੀ ਇਕ ਟੈਲੀਵਿਜ਼ਨ ਚੈਨਲ ਅਤੇ ਉਰਦੂ ਭਾਸ਼ਾ ਦੇ ਅਖ਼ਬਾਰ ‘ਡੇਲੀ ਪੁਚਾਨੋ’ ਵਿੱਚ ਰਿਪੋਰਟਰ ਸੀ। ਦੱਸਿਆ ਜਾ ਰਿਹਾ ਹੈ ਕਿ ਹਮਲਾਵਰਾਂ ਨੇ ਉਸ ‘ਤੇ ਕਈ ਰਾਊਂਡ ਫਾਇਰ ਕੀਤੇ ਜਿਸ ‘ਚੋਂ ਤਿੰਨ ਗੋਲੀਆਂ ਉਸ ਨੂੰ ਲੱਗੀਆਂ ਤੇ ਉਹ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਘਟਨਾ ਤੋਂ ਬਾਅਦ ਅਜੈ ਨੂੰ ਨੇੜ੍ਹੇ ਦੇ ਹਸਪਤਾਲ ਵਿੱਚ ਲਿਜਾਇਆ ਗਿਆ ਜਿੱਥੇ ਉਸਦੀ ਮੌਤ ਹੋ ਗਈ।
ਜਾਣਕਾਰੀ ਮੁਤਾਬਕ ਅਜੈ ਸੁੱਕੁਰ ਸ਼ਹਿਰ ਵਿੱਚ ਨਾਈ ਦੀ ਦੁਕਾਨ ‘ਚ ਬੈਠਾ ਸੀ। ਉਦੋਂ ਦੋ ਮੋਟਰਸਾਈਕਲ ਅਤੇ ਇੱਕ ਕਾਰ ਸਵਾਰ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।
ਉਥੇ ਹੀ ਦੂਜੇ ਪਾਸੇ ਅਜੈ ਦੇ ਪਿਤਾ ਦਿਲੀਪ ਕੁਮਾਰ ਨੇ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ ਤੇ ਇਸ ਤੋਂ ਉਲਟ ਪੁਲਿਸ ਨੇ ਇਸ ਦਾਅਵੇ ਨੂੰ ਖਾਰਜ ਕਰ ਦਿੱਤਾ। ਪੁਲਿਸ ਮੁਤਾਬਕ ਨਿੱਜੀ ਰੰਜਿਸ਼ ਕਾਰਨ ਹੀ ਉਸ ਦਾ ਕਤਲ ਹੋਇਆ ਹੈ।
ਪੁਲਿਸ ਵੱਲੋਂ ਤਿੰਨ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਐਫਆਈਆਰ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।