ਕੈਨੇਡਾ ‘ਚ ਹਿੰਦੂ ਪਰਿਵਾਰ ‘ਤੇ ਨਸਲੀ ਹਮਲਾ, ਪੂਜਾ ਦੌਰਾਨ ਕੀਤੀ ਗਈ ਕੁੱਟਮਾਰ ਤੇ ਇਤਰਾਜ਼ਯੋਗ ਟਿੱਪਣੀਆਂ

TeamGlobalPunjab
2 Min Read

ਮਿਸੀਸਾਗਾ : ਕੈਨੇਡਾ ਦੇ ਮਿਸੀਸਾਗਾ ਵਿੱਚ ਹਿੰਦੂ ਪਰਿਵਾਰ ਨਸਲੀ ਹਮਲੇ ਦਾ ਸ਼ਿਕਾਰ ਹੋਇਆ ਹੈ। ਇਹ ਘਟਨਾ ਮਿਸੀਸਾਗਾ ਦੇ ਬਾਰਬਰਟਾਊਨ ਰੋਡ ਸਥਿਤ ਸਟ੍ਰੀਟਸਵਿਲੇ ਪਾਰਕ ਵਿੱਚ ਉਸ ਵੇਲੇ ਵਾਪਰੀ, ਜਦੋਂ ਇੱਕ ਪਰਿਵਾਰ ਵੱਲੋਂ ਹਿੰਦੂ ਧਰਮ ਨਾਲ ਸਬੰਧਤ ਸਮਾਜਿਕ ਪ੍ਰੋਗਰਾਮ ਤੇ ਪੂਜਾ ਕੀਤੀ ਜਾ ਰਹੀ ਸੀ। ਇਸ ਦੌਰਾਨ ਉੱਥੇ ਦੋ ਨੌਜਵਾਨ ਆਏ, ਜਿਨਾਂ ਨੇ ਹਿੰਦੂ ਭਾਈਚਾਰੇ ਨਾਲ ਸਬੰਧਤ ਵਿਅਕਤੀ, ਉਸ ਦੀ ਪਤਨੀ ਅਤੇ ਉਨਾਂ ਦੇ ਦੋ ਬੱਚਿਆਂ ਦੀ ਕੁੱਟਮਾਰ ਕੀਤੀ ਅਤੇ ਉਨਾਂ ਨੂੰ ਪੱਥਰ ਮਾਰੇ। ਇੱਥੋਂ ਤੱਕ ਉਨ੍ਹਾਂ ਦੀ ਗੱਡੀ ਨੂੰ ਵੀ ਨੁਕਸਾਨ ਪਹੁੰਚਾਇਆ।

ਪੀਲ ਪੁਲਿਸ ਨੇ ਦੱਸਿਆ ਕਿ ਇਹ ਘਟਨਾ 11 ਸਤੰਬਰ ਨੂੰ ਵਾਪਰੀ, ਜਿਸ ਨੂੰ 16 ਸਾਲ ਤੇ 18 ਸਾਲ ਦੇ ਦੋ ਨੌਜਵਾਨਾਂ ਨੇ ਅੰਜਾਮ ਦਿੱਤਾ, ਜਿਨਾਂ ਵਿੱਚ ਇਕ ਗੋਰਾ ਸੀ ਤੇ ਦੂਜਾ ਏਸ਼ੀਆਈ ਮੂਲ ਦਾ ਸੀ। ਪੁਲਿਸ ਮੁਤਾਬਕ ਮੁਲਜ਼ਮਾਂ ਨੇ ਇਸ ਪਰਿਵਾਰ ਅਤੇ ਹਿੰਦੂ ਧਰਮ ਬਾਰੇ ਵੀ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਤੇ ਪਰਿਵਾਰ ਨਾਲ ਕੁੱਟਮਾਰ ਵੀ ਕੀਤੀ। ਜਦੋਂ 45 ਸਾਲਾ ਦਾ ਵਿਅਕਤੀ ਆਪਣੇ ਪਰਿਵਾਰ ਨੂੰ ਲੈ ਕੇ ਉਥੋਂ ਜਾਣ ਲੱਗਿਆ ਤਾਂ ਨੌਜਵਾਨਾਂ ਨੇ ਉਨ੍ਹਾਂ ਦੀ ਗੱਡੀ ‘ਤੇ ਵੀ ਪੱਥਰ ਮਾਰੇ, ਜਿਸ ਨਾਲ ਗੱਡੀ ਨੁਕਸਾਨੀ ਗਈ।

ਕੁੱਟਮਾਰ ਦੀ ਘਟਨਾ ਤੋਂ ਬਾਅਦ ਵਿਅਕਤੀ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ, ਹਾਲਾਂਕਿ ਉਸ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ। ਪੀੜਤ ਵਿਅਕਤੀ ਤੋਂ ਇਲਾਵਾ ਉਸ ਦੀ ਪਤਨੀ ਅਤੇ ਦੋਵੇਂ ਬੱਚੇ ਸੁਰੱਖਿਅਤ ਹਨ। ਇਸ ਘਟਨਾ ਨੂੰ ਲੈ ਕੇ ਪੀਲ ਪੁਲਿਸ ਦੇ ਮੁਖੀ ਨੇ ਕਿਹਾ ਕਿ ਸੱਭਿਆਚਾਰ ਅਤੇ ਸਮਾਜਿਕ ਵਿਭਿੰਨਤਾ ਦਾ ਘਰ ਮੰਨੇ ਜਾਣ ਵਾਲੇ ਪੀਲ ਖੇਤਰ ਵਿੱਚ ਇਸ ਤਰਾਂ ਦੇ ਹਮਲੇ ਬਰਦਾਸ਼ਤ ਨਹੀਂ ਕੀਤੇ ਜਾਣਗੇ।

ਉਨਾਂ ਕਿਹਾ ਕਿ ਸ਼ਾਂਤੀ ਤੇ ਸੁਰੱਖਿਅਤ ਢੰਗ ਨਾਲ ਆਪਣੇ ਧਰਮ ਨਾਲ ਸਬੰਧੀ ਦਿਹਾੜੇ ਦਾ ਜਸ਼ਨ ਮਨਾਉਣ ਦਾ ਅਧਿਕਾਰ ਕੈਨੇਡਾ ਵਿੱਚ ਮੌਲਿਕ ਅਧਿਕਾਰ ਹੈ। ਇਸ ਤਰਾਂ ਦੇ ਨਸਲੀ ਤੇ ਜਾਣਬੁਝ ਕੇ ਕੀਤੇ ਗਏ ਹਮਲਿਆਂ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਪੁਲਿਸ ਅਧਿਕਾਰੀ ਨੇ ਹਿੰਦੂ ਭਾਈਚਾਰੇ ਨੂੰ ਭਰੋਸਾ ਦਿਵਾਇਆ ਹੈ ਕਿ ਮੁਲਜ਼ਮਾਂ ਦੀ ਪਛਾਣ ਕਰਕੇ ਉਨਾਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।

- Advertisement -

Share this Article
Leave a comment