ਸ਼ਿਮਲਾ: ਹਿਮਾਚਲ ਪ੍ਰਦੇਸ਼ ਦੇ ਪੁਲਿਸ ਵਿਭਾਗ ਲਈ ਰਾਹਤ ਦੀ ਖਬਰ ਹੈ। ਪ੍ਰਦੇਸ਼ ਦੇ ਡੀਜੀਪੀ ਸੰਜੈ ਕੁੰਡੂ ਸਮੇਤ ਪੁਲਿਸ ਦੇ 28 ਮੁਲਾਜ਼ਮਾਂ ਦੀ ਕੋੋਰੋਨਾ ਰਿਪੋਰਟ ਨੈਗੇਟਿਵ ਆਈ ਹੈ। ਜਿਸ ਤੋਂ ਬਾਅਦ ਹੁਣ ਪ੍ਰਦੇਸ਼ ਦਾ ਪੁਲਿਸ ਹੈੱਡਕੁਆਰਟਰ ਅੱਜ ਤੋਂ ਆਮ ਵਾਂਗ ਖੁਲ੍ਹੇਗਾ। ਦੱਸ ਦਈਏ ਕਿ ਡੀਜੀਪੀ ਸੰਜੈ ਕੁੰਡੂ ਬੀਤੇ ਦਿਨ ਇੱਕ ਕੋਰੋਨਾ ਪਾਜ਼ੀਟਿਵ ਵਿਅਕਤੀ ਦੇ ਸੰਪਰਕ ‘ਚ ਆਏ ਸਨ ਜਿਸ ਤੋਂ ਬਾਅਦ ਡੀਜੀਪੀ ਸੰਜੈ ਕੁੰਡੂ ਅਤੇ ਉਨ੍ਹਾਂ ਦੇ ਸਟਾਫ ਦੇ ਅਧਿਕਾਰੀ ਤੇ ਕਰਮਚਾਰੀ ਹੋਮ ਆਈਸੋਲੇਸ਼ਨ ‘ਚ ਚਲੇ ਗਏ ਸਨ। ਇਸ ਦੇ ਨਾਲ ਹੀ ਪੁਲਿਸ ਹੈੱਡਕੁਆਰਟਰ ਨੂੰ ਸੈਨੇਟਾਈਜ਼ ਕਰਨ ਲਈ ਮੰਗਲਵਾਰ ਨੂੰ ਬੰਦ ਕਰ ਦਿੱਤਾ ਗਿਆ ਸੀ।
ਆਈ.ਜੀ.ਐੱਮ.ਸੀ. ਹਸਪਤਾਲ ਦੀ ਟੀਮ ਵੱਲੋਂ ਪੁਲਿਸ ਹੈੱਡਕੁਆਰਟਰ ਦੇ 28 ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਕੋਰੋਨਾ ਸੈਂਪਲ ਲਏ ਗਏ ਸਨ। ਉਨ੍ਹਾਂ ਸਾਰਿਆਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਪਾਈ ਗਈ ਹੈ। ਜਿਸ ਤੋਂ ਬਾਅਦ ਅੱਜ ਵੀਰਵਾਰ ਤੋਂ ਪੁਲਿਸ ਹੈੱਡਕੁਆਰਟਰ ਨੂੰ ਮੁੜ ਤੋਂ ਖੋਲ੍ਹ ਦਿੱਤਾ ਗਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਜਦੋਂ ਕੁੰਡੂ ਨੇ ਡੀਜੀਪੀ ਬਣਨ ਤੋਂ ਬਾਅਦ ਅਹੁਦਾ ਸੰਭਾਲਿਆ ਸੀ ਤਾਂ ਉਨ੍ਹਾਂ ਨੂੰ ਵਧਾਈ ਦੇਣ ਲਈ ਵੱਡੀ ਗਿਣਤੀ ਵਿੱਚ ਲੋਕ ਪੁਲਿਸ ਹੈਡਕੁਆਟਰ ਪੁੱਜੇ ਸਨ। ਇਨ੍ਹਾਂ ਵਿੱਚ ਦਿੱਲੀ ਤੋਂ ਇੱਕ ਜੂਨ ਨੂੰ ਆਏ ਇੱਕ ਵਿਅਕਤੀ ਨੇ ਵੀ ਕੁੰਡੂ ਨਾਲ ਮੁਲਾਕਾਤ ਕੀਤੀ ਸੀ। ਸੂਤਰਾਂ ਅਨੁਸਾਰ ਇਹ ਮੁਲਾਕਾਤ ਸਿਰਫ ਦੋ ਮਿੰਟ ਦੀ ਸੀ ਅਤੇ ਇਸ ਦੌਰਾਨ ਸਮਾਜਿਕ ਦੂਰੀ ਦਾ ਪੂਰਾ ਪਾਲਣ ਕੀਤਾ ਗਿਆ ਪਰ ਬਾਅਦ ਵਿੱਚ ਇਹੀ ਵਿਅਕਤੀ ਕੋਰੋਨਾ ਪਾਜ਼ਿਟਿਵ ਨਿਕਲਿਆ ਅਤੇ ਦੋ ਦਿਨ ਪਹਿਲਾਂ ਦਿੱਲੀ ਵਿੱਚ ਇਸਦੀ ਮੌਤ ਹੋ ਗਈ। ਇਸ ਦੀ ਜਾਣਕਾਰੀ ਮੰਗਲਵਾਰ ਨੂੰ ਮ੍ਰਿਤਕ ਦੇ ਬੇਟੇ ਨੇ ਡੀਪੀਜੀ ਨੂੰ ਦਿੱਤੀ। ਸੂਚਨਾ ਮਿਲਦੇ ਹੀ ਪੁਲਿਸ ਹੈਡਕੁਆਟਰ ਨੂੰ ਸੀਲ ਕਰ ਦਿੱਤਾ ਗਿਆ ਸੀ।