ਸ਼ਿਮਲਾ: ਹਿਮਾਚਲ ਪ੍ਰਦੇਸ਼ ਦੀ ਡੇਹਰਾ ਵਿਧਾਨ ਸਭਾ ਸੀਟ ‘ਤੇ ਉਪ ਚੋਣ ਲਈ ਕਾਂਗਰਸ ਨੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਦੀ ਪਤਨੀ ਕਮਲੇਸ਼ ਠਾਕੁਰ ਨੂੰ ਟਿਕਟ ਦਿੱਤੀ ਹੈ। ਕਮਲੇਸ਼ ਠਾਕੁਰ ਦਾ ਮੁਕਾਬਲਾ ਭਾਜਪਾ ਦੇ ਹੁਸ਼ਿਆਰ ਸਿੰਘ ਨਾਲ ਹੋਵੇਗਾ।
ਮੁੱਖ ਮੰਤਰੀ ਦੀ ਪਤਨੀ ਦਾ ਨਾਨਕਾ ਘਰ ਡੇਹਰਾ ਦੇ ਨਾਲ ਲੱਗਦੇ ਜਸਵਾਨ ਪਰਗਪੁਰ ਵਿੱਚ ਹੈ। ਮੰਨਿਆ ਜਾ ਰਿਹਾ ਹੈ ਕਿ ਕਾਂਗਰਸ ਨੇ ਇਹ ਫੈਸਲਾ ਇਸੇ ਕਾਰਨ ਲਿਆ ਹੈ। ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਦੀ ਪਤਨੀ ਕਮਲੇਸ਼ ਠਾਕੁਰ ਚੋਣ ਸਿਆਸਤ ਵਿੱਚ ਪੂਰੀ ਤਰ੍ਹਾਂ ਨਵੀਂ ਹੈ, ਪਰ ਜਦੋਂ ਤੋਂ ਸੁਖਵਿੰਦਰ ਸਿੰਘ ਸੁੱਖੂ ਮੁੱਖ ਮੰਤਰੀ ਬਣੇ ਹਨ, ਉਹ ਉਨ੍ਹਾਂ ਨਾਲ ਕਈ ਸਿਆਸੀ ਪ੍ਰੋਗਰਾਮਾਂ ਵਿੱਚ ਸਰਗਰਮ ਨਜ਼ਰ ਆ ਰਹੇ ਹਨ। ਇਸ ਤੋਂ ਪਹਿਲਾਂ ਕਮਲੇਸ਼ ਠਾਕੁਰ ਦੇ ਹਮੀਰਪੁਰ ਲੋਕ ਸਭਾ ਸੀਟ ਤੋਂ ਚੋਣ ਲੜਨ ਦੀ ਚਰਚਾ ਸੀ।
ਹਿਮਾਚਲ ਪ੍ਰਦੇਸ਼ ਦੇ ਤਿੰਨ ਵਿਧਾਨ ਸਭਾ ਹਲਕਿਆਂ ਵਿੱਚ 10 ਜੁਲਾਈ ਨੂੰ ਵੋਟਾਂ ਪੈਣੀਆਂ ਹਨ ਅਤੇ 13 ਜੁਲਾਈ ਨੂੰ ਨਤੀਜੇ ਐਲਾਨੇ ਜਾਣਗੇ। ਕਾਂਗਰਸ ਨੇ ਸੋਮਵਾਰ (17 ਜੂਨ) ਨੂੰ ਨਾਲਾਗੜ੍ਹ ਅਤੇ ਹਮੀਰਪੁਰ ਤੋਂ ਉਮੀਦਵਾਰਾਂ ਦਾ ਐਲਾਨ ਕੀਤਾ ਸੀ।
ਅੱਜ ਤੱਕ ਇੱਥੇ ਕਾਂਗਰਸ ਨਹੀਂ ਜਿੱਤ ਸਕੀ
ਡੇਹਰਾ ਸੀਟ ਦੇ ਹੋਂਦ ਵਿੱਚ ਆਉਣ ਤੋਂ ਬਾਅਦ ਕਾਂਗਰਸ ਦੀ ਇੱਥੇ ਜਿੱਤਣ ਦੀ ਇੱਛਾ ਅੱਜ ਤੱਕ ਅਧੂਰੀ ਹੈ। ਸਾਲ 2012 ਦੀਆਂ ਚੋਣਾਂ ਵਿੱਚ ਭਾਜਪਾ ਦੇ ਰਵਿੰਦਰ ਸਿੰਘ ਰਵੀ ਨੇ ਕਾਂਗਰਸ ਦੇ ਵਿਪਲਵ ਠਾਕੁਰ ਨੂੰ ਹਰਾਇਆ ਸੀ। ਇਸ ਤੋਂ ਬਾਅਦ ਸਾਲ 2017 ਵਿੱਚ ਹੁਸ਼ਿਆਰ ਸਿੰਘ ਆਜ਼ਾਦ ਉਮੀਦਵਾਰ ਵਜੋਂ ਜਿੱਤੇ ਸਨ। ਇੱਥੇ ਹੁਸ਼ਿਆਰ ਸਿੰਘ ਨੇ ਰਵਿੰਦਰ ਸਿੰਘ ਰਵੀ ਨੂੰ ਹਰਾਇਆ।
ਇਸ ਤੋਂ ਬਾਅਦ ਸਾਲ 2022 ਵਿੱਚ ਵੀ ਭਾਜਪਾ ਦੇ ਰਮੇਸ਼ ਚੰਦ ਨੂੰ ਹਰਾ ਕੇ ਆਜ਼ਾਦ ਉਮੀਦਵਾਰ ਵਜੋਂ ਚੋਣ ਜਿੱਤੀ ਸੀ। ਹੁਣ ਫਿਰ ਤੋਂ ਹੁਸ਼ਿਆਰ ਸਿੰਘ ਭਾਜਪਾ ਦੀ ਟਿਕਟ ‘ਤੇ ਉਪ ਚੋਣ ਲੜ ਰਹੇ ਹਨ। ਕਾਂਗਰਸ ਨੇ ਸੀਟ ‘ਤੇ ਕਬਜ਼ਾ ਕਰਨ ਲਈ ਮੁੱਖ ਮੰਤਰੀ ਦੀ ਪਤਨੀ ਕਮਲੇਸ਼ ਠਾਕੁਰ ਨੂੰ ਆਪਣਾ ਉਮੀਦਵਾਰ ਬਣਾਇਆ ਹੈ।