ਚੰਡੀਗੜ੍ਹ: ਸਿਟਕੋ ਦੇ ਜੂਨੀਅਰ ਇੰਜੀਨੀਅਰ ਬਲਵੰਤ ਸਿੰਘ ਮੁਲਤਾਨੀ ਮਾਮਲੇ ਵਿੱਚ ਸਾਬਕਾ ਡੀਜੀਪੀ ਸੁਮੇਧ ਸੈਣੀ ਦੀਆਂ ਮੁਸ਼ਕਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਮੁਹਾਲੀ ਦੇ ਮਟੌਰ ਥਾਣੇ ਵਿੱਚ ਦਰਜ ਅਪਰਾਧਿਕ ਕੇਸ ਨੂੰ ਰੱਦ ਕਰਵਾਉਣ ਲਈ ਸਾਬਕਾ ਡੀਜੀਪੀ ਸੈਣੀ ਨੇ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ। ਜਿਸ ‘ਤੇ ਸੁਣਵਾਈ ਕਰਨ ਤੋਂ ਪੰਜਾਬ ਹਰਿਆਣਾ ਹਾਈਕੋਰਟ ਦੇ ਜੱਜ ਨੇ ਮਨ੍ਹਾ ਕਰ ਦਿੱਤਾ।
ਸੁਮੇਧ ਸੈਣੀ ਨੇ ਮੰਗ ਕੀਤੀ ਸੀ ਕਿ 29 ਸਾਲ ਪੁਰਾਣੇ ਕੇਸ ਦੀ ਜਾਂਚ ਸੀਬੀਆਈ ਜਾਂ ਬਾਹਰੀ ਏਜੰਸੀ ਤੋਂ ਕਰਵਾਈ ਜਾਵੇ। ਜਸਟਿਸ ਅਮੋਲ ਰਤਨ ਨੇ ਇਸ ਅਪੀਲ ਤੋਂ ਪਿੱਛੇ ਹਟਦੇ ਹੋਏ ਕਿਸੇ ਹੋਰ ਬੈਂਚ ਨੂੰ ਇਹ ਮਾਮਲਾ ਸੌਂਪਣ ਦੇ ਲਈ ਚੀਫ ਜਸਟਿਸ ਨੂੰ ਪੱਤਰ ਲਿਖ ਦਿੱਤਾ ਹੈ। ਹੁਣ ਚੀਫ ਜਸਟਿਸ ਤੈਅ ਕਰਨਗੇ ਕਿ ਮਾਮਲੇ ਦੀ ਸੁਣਵਾਈ ਕਿਹੜਾ ਜੱਜ ਕਰੇਗਾ।
ਇਸ ਤੋਂ ਪਹਿਲਾਂ ਮੁਹਾਲੀ ਦੀ ਅਦਾਲਤ ਨੇ ਵੀ ਸੁਮੇਧ ਸੈਣੀ ਦੀ ਅਗਾਊਂ ਜ਼ਮਾਨਤ ਅਰਜ਼ੀ ਨੂੰ ਰੱਦ ਕਰ ਦਿੱਤਾ ਸੀ। ਅਗਾਊਂ ਜ਼ਮਾਨਤ ਅਰਜ਼ੀ ਰੱਦ ਹੋਣ ਤੋਂ ਬਾਅਦ ਸੁਮੇਧ ਸੈਣੀ ਤੇ ਗ੍ਰਿਫਤਾਰੀ ਦੀ ਤਲਵਾਰ ਲਟਕ ਗਈ ਹੈ।