ਚੰਡੀਗੜ੍ਹ: ਬਲਵੰਤ ਸਿੰਘ ਮੁਲਤਾਨੀ ਅਗਵਾ ਮਾਮਲੇ ਵਿਚ ਘਿਰੇ ਸਾਬਕਾ ਡੀਜੀਪੀ ਸੁਮੇਧ ਸੈਣੀ ਦੀਆਂ ਮੁਸ਼ਕਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਇਸ ਕੇਸ ਨਾਲ ਸੰਬੰਧਿਤ ਸੁਮੇਧ ਸੈਣੀ ਦੀਆਂ 2 ਅਰਜ਼ੀਆਂ ਤੇ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਸੁਣਵਾਈ ਹੋਈ। ਹਾਈਕੋਰਟ ਦੇ ਜੱਜ ਫਤਹਿਦੀਪ ਸਿੰਘ ਨੇ ਦੋਵਾਂ ਅਰਜ਼ੀਆਂ ‘ਤੇ ਫ਼ੈਸਲਾ ਰਾਖਵਾਂ ਰੱਖ ਲਿਆ ਹੈ। ਫੈਸਲਾ ਸੁਣਾਉਣ ਦੇ ਲਈ ਅਦਾਲਤ ਨੇ ਕੱਲ੍ਹ ਯਾਨੀ ਮੰਗਲਵਾਰ ਦਾ ਦਿਨ ਤੈਅ ਕੀਤਾ ਹੈ।
ਮੁਹਾਲੀ ਦੇ ਮਟੌਰ ਥਾਣੇ ਵਿੱਚ ਦਰਜ ਐਫਆਈਆਰ ਵਿੱਚ ਸੁਮੇਧ ਸਿੰਘ ਸੈਣੀ ਖਿਲਾਫ ਧਾਰਾ 302 ਜੋੜੀ ਗਈ ਹੈ। ਜਿਸ ‘ਤੇ ਸੁਮੇਧ ਸੈਣੀ ਨੇ ਅਗਾਊਂ ਜ਼ਮਾਨਤ ਲੈਣ ਲਈ ਹਾਈਕੋਰਟ ‘ਚ ਅਰਜ਼ੀ ਦਾਖਲ ਕੀਤੀ ਸੀ।
ਇਸ ਤੋਂ ਇਲਾਵਾ ਸੁਮੇਧ ਸੈਣੀ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਮੰਗ ਕੀਤੀ ਹੈ ਕਿ ਬਲਵੰਤ ਸਿੰਘ ਮੁਲਤਾਨੀ ਮਾਮਲੇ ਦੀ ਜਾਂਚ ਪੰਜਾਬ ਤੋਂ ਬਾਹਰੀ ਕਿਸੇ ਵੀ ਏਜੰਸੀ ਨੂੰ ਦਿੱਤੀ ਜਾਵੇ। ਇਨ੍ਹਾਂ ਦੋਵਾਂ ਅਰਜ਼ੀਆਂ ‘ਤੇ ਹਾਈਕੋਰਟ ਦੇ ਜੱਜ ਫਤਹਿਦੀਪ ਸਿੰਘ ਵੱਲੋਂ ਸੁਣਵਾਈ ਕੀਤੀ ਗਈ।