ਨਵੀਂ ਦਿੱਲੀ (ਦਵਿੰਦਰ ਸਿੰਘ): ਪੰਜਾਬ ਵਿਚ ਚਲ ਰਹੇ ਕਾਂਗਰਸ ਦੇ ਸਿਆਸੀ ਕਲੇਸ਼ ਨੂੰ ਸੁਲਝਾਉਣ ਲਈ ਲਗਾਤਾਰ ਮੀਟਿੰਗਾਂ ਦਾ ਦੌਰ ਜਾਰੀ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਵੀ ਅੱਜ ਰਾਹੁਲ ਗਾਂਧੀ ਨੂੰ ਮਿਲਣ ਦਿੱਲੀ ਪਹੁੰਚੇ। ਉਨ੍ਹਾਂ ਕਿਹਾ ਕਿ ਮੇਰੀ ਰਾਹੁਲ ਗਾਂਧੀ ਜੀ ਨਾਲ ਸੁਖਾਵੇਂ ਮਾਹੌਲ ਵਿੱਚ ਗੱਲ ਹੋਈ ਹੈ ਤੇ ਪੰਜਾਬ ਕਾਂਗਰਸ ਬਾਰੇ ਜਲਦੀ ਹੀ ਹਾਈ ਕਮਾਂਡ ਫੈਸਲਾ ਲਵੇਗੀ।
ਜਾਖੜ ਨੇ ਕਿਹਾ ਕਿ ਵਿਧਾਇਕਾਂ ਦੇ ਪੁੱਤਰਾਂ ਨੂੰ ਨੌਕਰੀਆਂ ਦੇਣਾ ਗਲਤ ਹੈ , ਉਸ ਨੂੰ ਸਹੀ ਨਹੀਂ ਕਿਹਾ ਜਾ ਸਕਦਾ। ਉਨ੍ਹਾਂ ਕਿਹਾ ਅਮਰਿੰਦਰ ਸਿੰਘ ਨਾਲ ਜੁੜੇ ਮਾੜੇ ਸਲਾਹਕਾਰ ਅਜਿਹੇ ਫੈਸਲੇ ਕਰਵਾ ਰਹੇ ਹਨ ਅਤੇ ਉਹ ਮੁੱਖ ਮੰਤਰੀ ਦਫਤਰ ਨੂੰ ਕਸੂਤੇ ਹਾਲਾਤ ਵਿਚ ਫਸਾ ਰਹੇ ਹਨ।
ਜਾਖੜ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਮੇਰੇ ਤੋਂ ਕੈਪਟਨ ਤੋਂ ਬਿਨਾ ਜਾਂ ਕੈਪਟਨ ਦੇ ਨਾਲ 2022 ਦੀਆਂ ਚੋਣਾਂ ਲੜਨ ਦਾ ਸਵਾਲ ਨਹੀਂ ਪੁੱਛਿਆ।
ਇਸ ਤੋਂ ਇਲਾਵਾ ਪ੍ਰਦੇਸ਼ ਕਾਂਗਰਸ ਪ੍ਰਧਾਨ ਬਦਲਣ ਬਾਰੇ ਜਾਖੜ ਨੇ ਕਿਹਾ ਕਿ ਰੋਜ਼ਾਨਾ ਮੀਡੀਆ ਲਿਖ ਰਿਹਾ ਹੈ ਕਿ ਪ੍ਰਧਾਨ ਬਦਲ ਰਿਹਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਬਦਲਣ ਲਈ ਮੇਰੀ ਸਲਾਹ ਲੈਣ ਦੀ ਜ਼ਰੂਰਤ ਨਹੀਂ ਹੈ ਤੇ ਵੱਡਾ ਮਸਲਾ 2022 ਦੀਆਂ ਚੋਣਾਂ ਇਕਜੁੱਟ ਹੋ ਕੇ ਲੜਨਾ ਤੇ ਜਿੱਤਣਾ ਹੈ।