ਲੁਧਿਆਣਾ :ਜਲੰਧਰ ਅਤੇ ਅੰਮ੍ਰਿਤਸਰ ਵਿੱਚ ਹੋਏ ਆਈਈਡੀ ਧਮਾਕਿਆਂ ਤੋਂ ਬਾਅਦ ਦਹਿਸ਼ਤ ਦਾ ਮਾਹੌਲ ਹੈ ਕਈ ਥਾਵਾਂ ਤੇ ਪੁਲਿਸ ਵੱਲੋਂ ਸੁਰੱਖਿਆ ਹੋਰ ਵਧਾਈ ਜਾ ਰਹੀ ਹੈ ਅਤੇ ਸੰਭਾਵੀ ਖ਼ਤਰੇ ਦੇ ਮੱਦੇਨਜ਼ਰ ਪੁਲਿਸ ਵੱਲੋਂ ਬਾਰੀਕੀ ਨਾਲ ਤਲਾਸ਼ੀ ਵੀ ਲਈ ਜਾ ਰਹੀ ਹੈ।
ਮਿਲੀ ਜਾਣਕਾਰੀ ਅਨੁਸਾਰ ਭਾਰਤੀ ਹਵਾਈ ਸੈਨਾ ਦੇ ਕੇਂਦਰ ਹਲਵਾਰਾ ਵਿੱਚ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ। ਸੈਨਾ ਕੇਂਦਰ ਦੇ ਮੁੱਖ ਗੇਟ ਦੇ ਬਾਹਰ ਜ਼ਿਲ੍ਹਾ ਲੁਧਿਆਣਾ ਦਿਹਾਤੀ ਪੁਲਿਸ ਦੇ ਦਰਜਨਾਂ ਸੁਰੱਖਿਆ ਕਰਮੀ ਤਾਇਨਾਤ ਕੀਤੇ ਗਏ ਹਨ। ਵੀਰਵਾਰ ਰਾਤ 10 ਵਜੇ ਦੇ ਕਰੀਬ ਐਸ.ਐਸ.ਪੀ. (SSP) ਡਾ. ਅੰਕੁਰ ਗੁਪਤਾ ਖ਼ੁਦ ਨਾਕਾਬੰਦੀ ਦੀ ਕਮਾਨ ਸੰਭਾਲਦੇ ਨਜ਼ਰ ਆਏ ਅਤੇ ਸਾਰੇ ਵਾਹਨਾਂ ਦੀ ਬਾਰੀਕੀ ਨਾਲ ਤਲਾਸ਼ੀ ਲਈ ਜਾ ਰਹੀ ਹੈ।
ਲੁਧਿਆਣਾ-ਬਠਿੰਡਾ ਰਾਜਮਾਰਗ ‘ਤੇ ਸਥਿਤ ਭਾਰਤੀ ਹਵਾਈ ਸੈਨਾ ਕੇਂਦਰ ਹਲਵਾਰਾ, ਕਸਬਾ ਸੁਧਾਰ ਬਾਜ਼ਾਰ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਪੁਲਿਸ ਵੱਲੋਂ ਗਸ਼ਤ ਕੀਤੀ ਜਾ ਰਹੀ ਹੈ ਅਤੇ ਹੂਟਰ ਵਜਾਉਂਦੇ ਸੁਰੱਖਿਆ ਵਾਹਨ ਲਗਾਤਾਰ ਪੈਟਰੋਲਿੰਗ ਕਰ ਰਹੇ ਹਨ।
ਜ਼ਿਲ੍ਹਾ ਲੁਧਿਆਣਾ ਦਿਹਾਤੀ ਪੁਲਿਸ ਦੇ ਅਧੀਨ ਆਉਂਦੇ ਸਾਰੇ ਥਾਣਿਆਂ ਅਤੇ ਚੌਕੀਆਂ ਤੋਂ ਆਏ ਕਈ ਅਧਿਕਾਰੀ ਅਤੇ ਮੁਲਾਜ਼ਮ ਹਵਾਈ ਸੈਨਾ ਕੇਂਦਰ ਦੇ ਆਲੇ-ਦੁਆਲੇ ਹਰ ਜਗ੍ਹਾ ਦੀ ਬਾਰੀਕੀ ਨਾਲ ਨਿਗਰਾਨੀ ਕਰ ਰਹੇ ਹਨ ਅਤੇ ਹਰ ਸ਼ੱਕੀ ਵਿਅਕਤੀ ਤੋਂ ਇਲਾਕੇ ਵਿੱਚ ਮੌਜੂਦ ਹੋਣ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਭਾਰਤ ਦੇ ਅਹਿਮ ਲੜਾਕੂ ਜਹਾਜ਼ਾਂ ਦੇ ਬੇਸ ‘ਹਲਵਾਰਾ ਹਵਾਈ ਸੈਨਾ ਕੇਂਦਰ’ ਵਿੱਚ ਪਹਿਲਾਂ ਹੀ ਤਿੰਨ ਪੱਧਰੀ (ਥ੍ਰੀ-ਲੇਅਰ) ਸੁਰੱਖਿਆ ਪ੍ਰਣਾਲੀ ਤਾਇਨਾਤ ਹੈ, ਜਿਸ ਕਾਰਨ ਅੰਦਰ ਤਾਂ ਪਰਿੰਦਾ ਵੀ ਪਰ ਨਹੀਂ ਮਾਰ ਸਕਦਾ, ਪਰ ਕਿਸੇ ਸੰਭਾਵੀ ਖ਼ਤਰੇ ਦੇ ਮੱਦੇਨਜ਼ਰ ਸਟੇਸ਼ਨ ਕੰਪਲੈਕਸ ਦੇ ਬਾਹਰ ਮੁੱਖ ਮਾਰਗ ਅਤੇ ਸੜਕਾਂ ‘ਤੇ ਵੀ ਸਿਵਲ ਪੁਲਿਸ ਦੀ ਗਸ਼ਤ ਤੇਜ਼ ਕਰ ਦਿੱਤੀ ਗਈ ਹੈ।
ਹਵਾਈ ਸੈਨਾ ਕੇਂਦਰ ਦੇ ਚਾਰੋਂ ਪਾਸੇ ਬਣੀਆਂ ਮਜ਼ਾਰਾਂ ਅਤੇ ਹੋਰ ਥਾਵਾਂ ‘ਤੇ ਬੈਠਣ ਵਾਲੇ ਲੋਕਾਂ ਸਮੇਤ ਪੰਚਾਇਤਾਂ ਨੂੰ ਵੀ ਕਿਹਾ ਗਿਆ ਹੈ ਕਿ ਕਿਸੇ ਵੀ ਸ਼ੱਕੀ ਵਿਅਕਤੀ ਬਾਰੇ ਪੁਲਿਸ ਨੂੰ ਤੁਰੰਤ ਜਾਣਕਾਰੀ ਦਿੱਤੀ ਜਾਵੇ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

