ਚੰਡੀਗੜ੍ਹ : ਰਾਜਧਾਨੀ ਦਿੱਲੀ ਸਮੇਤ ਉੱਤਰ ਭਾਰਤ ਦੇ ਕਈ ਸੂਬਿਆਂ ਵਿੱਚ ਭਾਰੀ ਮੀਂਹ ਨਾਲ ਪਾਰਾ ਹੇਠਾਂ ਡਿੱਗਿ ਗਿਆ ਹੈ। ਪੰਜਾਬ, ਹਰਿਆਣਾ ਦੇ ਕਈ ਇਲਾਕੇ ਅਤੇ ਦਿੱਲੀ ਵਿੱਚ ਅੱਜ ਸਵੇਰ ਤੋਂ ਹੀ ਸੰਘਣੀ ਧੁੰਦ ਛਾਈ ਰਹੀ, ਜਿਸ ਨਾਲ ਵਿਜ਼ੀਬਿਲਟੀ ਕਾਫੀ ਘੱਟ ਰਹੀ। ਜਿਸ ਕਾਰਨ ਲੋਕਾਂ ਨੂੰ ਆਉਣ-ਜਾਣ ਵਿਚ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਮੌਸਮ ਵਿਭਾਗ ਮੁਤਾਬਕ ਦਿੱਲੀ ਵਿਚ ਸਭ ਤੋਂ ਘੱਟ ਤਾਪਮਾਨ 10 ਡਿਗਰੀ ਸੈਲਸੀਅਸ ਅਤੇ ਵੱਧ ਤੋਂ ਵੱਧ ਤਾਪਮਾਨ 18 ਡਿਗਰੀ ਸੈਲਸੀਅਸ ਰਹੇਗਾ।
ਦੂਜੇ ਪਾਸੇ ਪਹਾੜੀ ਇਲਾਕਿਆਂ ਵਿੱਚ ਵੀ ਬਰਫਬਾਰੀ ਦਾ ਦੌਰ ਲਗਾਤਾਰ ਜਾਰੀ ਹੈ। ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਵਿੱਚ ਐਤਵਾਰ ਨੂੰ ਵੀ ਭਾਰੀ ਬਰਫਬਾਰੀ ਦੇਖਣ ਨੂੰ ਮਿਲੀ। ਬਰਫ਼ਬਾਰੀ ਦੇ ਕਾਰਨ ਹਿਮਾਚਲ ਅਤੇ ਜੰਮੂ ਕਸ਼ਮੀਰ ਵਿੱਚ ਰਸਤੇ ਬਲੌਕ ਹੋ ਗਏ ਹਨ। ਜਿਸ ਕਾਰਨ ਹਜ਼ਾਰਾਂ ਦੀ ਗਿਣਤੀ ਵਿੱਚ ਸੈਲਾਨੀ ਇੱਥੇ ਫਸੇ ਹੋਏ ਹਨ। ਮੌਸਮ ਵਿਭਾਗ ਮੁਤਾਬਕ ਮੰਗਲਵਾਰ ਤਕ ਪੰਜਾਬ, ਹਰਿਆਣਾ, ਹਿਮਾਚਲ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ।
ਕਸ਼ਮੀਰ ਘਾਟੀ ਵਿੱਚ ਕਈ ਥਾਵਾਂ ‘ਤੇ ਬੀਤੀ ਰਾਤ ਅਤੇ ਅੱਜ ਸਵੇਰੇ ਤਾਜ਼ਾ ਬਰਫ਼ਬਾਰੀ ਹੋਣ ਦੇ ਕਾਰਨ ਸੜਕ ਅਤੇ ਹਵਾਈ ਸਫ਼ਰ ਪੂਰੀ ਤਰ੍ਹਾਂ ਨਾਲ ਠੱਪ ਹੈ। ਬਰਫਬਾਰੀ ਦੇ ਕਾਰਨ ਸ਼੍ਰੀਨਗਰ-ਜੰਮੂ ਨੈਸ਼ਨਲ ਹਾਈਵੇਅ ਵੀ ਬਲੌਕ ਹੋ ਗਿਆ ਹੈ। ਸ੍ਰੀਨਗਰ ਹਵਾਈ ਅੱਡੇ ਤੋਂ ਆਉਣ ਜਾਣ ਵਾਲੀਆਂ ਸਾਰੀਆਂ ਉਡਾਣਾਂ ਬੰਦ ਕਰ ਦਿੱਤੀਆਂ ਗਈਆਂ ਹਨ। ਸ੍ਰੀਨਗਰ ਵਿੱਚ ਹੁਣ ਤਕ 4 ਇੰਚ ਬਰਫ ਦਰਜ ਕੀਤੀ ਗਈ ਜਦੋਂਕਿ ਦੱਖਣ ਕਸ਼ਮੀਰ ਦੇ ਕਾਜੀਗੁੰਡ ਵਿਚ 9 ਇੰਚ ਬਰਫਬਾਰੀ ਹੋਈ। ਇਸ ਤੋਂ ਇਲਾਵਾ ਜਵਾਹਰ ਸੁਰੰਗ ਦੇ ਨੇੜ੍ਹੇ ਇਲਾਕਿਆਂ ‘ਚ ਲਗਭਗ 10 ਇੰਚ ਬਰਫ ਦਰਜ ਕੀਤੀ ਗਈ।