ਨਵੀਂ ਦਿੱਲੀ: ਦਿੱਲੀ ਦੀਆਂ ਸਰਹੱਦਾਂ ਤੇ ਕਿਸਾਨਾਂ ਦੇ ਅੰਦੋਲਨ ਨੂੰ ਚਲਦੇ ਹੋਏ ਅੱਜ 41 ਦਿਨ ਪੂਰੇ ਹੋ ਚੁੱਕੇ ਹਨ। ਬੀਤੀ ਰਾਤ ਕਿਸਾਨਾਂ ਲਈ ਸਭ ਤੋਂ ਮੁਸ਼ਕਿਲ ਰਹੀ। ਹਾਲਾਂਕਿ ਕੜਾਕੇ ਦੀ ਠੰਢ ਵਿੱਚ ਵੀ ਕਿਸਾਨ ਡਟੇ ਰਹੇ।
ਦਿੱਲੀ ਵਿੱਚ ਚੌਥੇ ਦਿਨ ਵੀ ਲਗਾਤਾਰ ਬਾਰਿਸ਼ ਜਾਰੀ ਹੈ। ਬੁੱਧਵਾਰ ਸਵੇਰੇ ਦਿੱਲੀ ਵਿੱਚ ਗੜੇਮਾਰੀ ਦੇਖਣ ਨੂੰ ਮਿਲੀ। ਸਵੇਰੇ 7 ਵਜੇ ਦਿੱਲੀ ਅਤੇ ਐੱਨਸੀਆਰ ਵਿੱਚ ਤੇਜ਼ ਬਾਰਿਸ਼ ਪਈ ਅਤੇ ਕਈ ਥਾਵਾਂ ਤੇ ਗੜੇ ਵੀ ਪਏ। ਜਿਸ ਕਾਰਨ ਦਿੱਲੀ ਦਾ ਤਾਪਮਾਨ ਹੇਠਾਂ ਡਿੱਗ ਗਿਆ।
ਮੌਸਮ ਵਿਭਾਗ ਮੁਤਾਬਕ ਬੁੱਧਵਾਰ ਨੂੰ ਪੂਰਾ ਦਿਨ ਬਾਰਿਸ਼ ਰਹੇਗੀ ਅਤੇ ਕਈ ਥਾਵਾਂ ‘ਤੇ ਗਡ਼ੇਮਾਰੀ ਵੀ ਹੋ ਸਕਦੀ ਹੈ। ਮੰਗਲਵਾਰ ਸ਼ਾਮ ਤੱਕ ਦਿੱਲੀ ਵਿੱਚ ਕੁੱਲ 1.3 ਐੱਮਐੱਮ ਬਾਰਿਸ਼ ਰਿਕਾਰਡ ਕੀਤੀ ਗਈ। ਜਿਸ ਕਾਰਨ ਦਿੱਲੀ ਦਾ ਘੱਟੋ ਘੱਟ ਤਾਪਮਾਨ 7 ਡਿਗਰੀ ਅਤੇ ਵੱਧ ਤੋਂ ਵੱਧ ਤਾਪਮਾਨ 15 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਉਧਰ ਕਿਸਾਨਾਂ ਦਾ ਕਹਿਣਾ ਹੈ ਕਿ ਠੰਢ ਅਤੇ ਮੀਂਹ ਉਨ੍ਹਾਂ ਦੇ ਲਈ ਵੱਡੀ ਚੁਣੌਤੀ ਨਹੀਂ ਹੈ। ਸਾਡਾ ਮੁੱਖ ਮੁੱਦਾ ਹੈ ਖੇਤੀ ਕਾਨੂੰਨ ਰੱਦ ਕਰਵਾਉਣੇ, ਜਦੋਂ ਤਕ ਤਿੰਨੇ ਕਾਨੂੰਨ ਵਾਪਸ ਨਹੀਂ ਲਏ ਜਾਂਦੇ, ਅਸੀਂ ਘਰਾਂ ਨੂੰ ਵਾਪਸ ਨਹੀਂ ਆਵਾਂਗੇ।