ਚੰਡੀਗੜ੍ਹ : ਪੰਜਾਬ -ਹਰਿਆਣਾ ਵਿੱਚ ਇਸ ਸਮੇਂ ਬਹੁਤ ਭਿਆਨਕ ਗਰਮੀ ਪੈ ਰਹੀ ਹੈ। ਮੌਸਮ ਵਿਭਾਗ ਨੇ 21 ਅਪ੍ਰੈਲ ਤੋਂ 24 ਅਪ੍ਰੈਲ ਤੱਕ ਚਾਰ ਦਿਨਾਂ ਲਈ ਹੀਟਵੇਵ ਦਾ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਦੌਰਾਨ ਕੁਝ ਥਾਵਾਂ ‘ਤੇ ਰਾਤਾਂ ਵੀ ਗਰਮ ਰਹਿਣਗੀਆਂ। ਮੌਸਮ ਵਿਭਾਗ ਮੁਤਾਬਕ ਇਨ੍ਹਾਂ ਦਿਨਾਂ ਦੌਰਾਨ ਵੱਧ ਤੋਂ ਵੱਧ ਤਾਪਮਾਨ ਵਿੱਚ 3 ਤੋਂ 4 ਡਿਗਰੀ ਤੱਕ ਵਾਧਾ ਹੋ ਸਕਦਾ ਹੈ।
ਪੰਜਾਬ ਦੇ ਲੁਧਿਆਣਾ, ਨਵਾਂਸ਼ਹਿਰ, ਰੂਪਨਗਰ, ਸੰਗਰੂਰ, ਫਤਹਿਗੜ੍ਹ ਸਾਹਿਬ, ਮੋਹਾਲੀ ਅਤੇ ਪਟਿਆਲਾ ਵਿੱਚ ਵੱਖ-ਵੱਖ ਥਾਵਾਂ ‘ਤੇ ਹੀਟਵੇਵ ਵਰਗੇ ਹਾਲਾਤ ਬਣ ਸਕਦੇ ਹਨ। ਧੁੱਪ ਸਵੇਰ ਤੋਂ ਹੀ ਤੇਜ਼ ਹੋ ਜਾਵੇਗੀ, ਜਦੋਂ ਕਿ ਹੀਟਵੇਵ ਦਾ ਅਸਰ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਸਭ ਤੋਂ ਜ਼ਿਆਦਾ ਰਹੇਗਾ। ਰਾਜ ਦੇ 21 ਜ਼ਿਲ੍ਹਿਆਂ ਵਿੱਚ ਕੱਲ੍ਹ ਤਾਪਮਾਨ 35 ਡਿਗਰੀ ਤੋਂ ਵੱਧ ਦਰਜ ਕੀਤਾ ਗਿਆ, ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਪੂਰੇ ਪੰਜਾਬ ਵਿੱਚ ਭਿਆਨਕ ਗਰਮੀ ਦਾ ਅਸਰ ਬਣਿਆ ਹੋਇਆ ਹੈ।
ਇੰਨ੍ਹਾ ਹੀ ਨਹੀਂ, ਹਰਿਆਣਾ ਵਿੱਚ ਵੀ ਗਰਮੀ ਨੇ ਆਪਣੇ ਤੇਵਰ ਦਿਖਾਉਣੇ ਸ਼ੁਰੂ ਕਰ ਦਿੱਤੇ ਹਨ। ਮੌਸਮ ਵਿਭਾਗ (IMD) ਨੇ ਸੂਬੇ ਵਿੱਚ 20 ਤੋਂ 24 ਅਪ੍ਰੈਲ ਤੱਕ ਹੀਟ ਵੇਵ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਹੈ। ਸੋਮਵਾਰ ਨੂੰ ਸੂਬੇ ਦਾ ਵੱਧ ਤੋਂ ਵੱਧ ਤਾਪਮਾਨ 42 ਡਿਗਰੀ ਸੈਲਸੀਅਸ ਨੂੰ ਪਾਰ ਕਰ ਗਿਆ, ਜਿਸ ਨੇ ਅਪ੍ਰੈਲ ਦੀ ਤਪਸ਼ ਦਾ ਅਹਿਸਾਸ ਕਰਵਾ ਦਿੱਤਾ ।
ਮੌਸਮ ਮਾਹਿਰਾਂ ਅਨੁਸਾਰ, ਅਗਲੇ 5 ਦਿਨਾਂ ਵਿੱਚ ਵੱਧ ਤੋਂ ਵੱਧ ਤਾਪਮਾਨ ਵਿੱਚ 3 ਤੋਂ 4 ਡਿਗਰੀ ਸੈਲਸੀਅਸ ਦਾ ਹੋਰ ਵਾਧਾ ਹੋ ਸਕਦਾ ਹੈ। ਆਈ.ਐਮ.ਡੀ. ਅਨੁਸਾਰ, ਦੱਖਣੀ ਅਤੇ ਪੱਛਮੀ ਹਰਿਆਣਾ ਦੇ ਜ਼ਿਲ੍ਹਿਆਂ ਵਿੱਚ ਲੂ ਦਾ ਅਸਰ ਜ਼ਿਆਦਾ ਰਹੇਗਾ। 20 ਅਤੇ 21 ਅਪ੍ਰੈਲ ਨੂੰ ਨਾਰਨੌਲ ਅਤੇ ਰੋਹਤਕ ਵਰਗੇ ਇਲਾਕਿਆਂ ਵਿੱਚ ‘ਵਾਰਮ ਨਾਈਟ’ ਯਾਨੀ ਗਰਮ ਰਾਤਾਂ ਦੀ ਸਥਿਤੀ ਵੀ ਬਣੀ ਰਹੇਗੀ।ਹਾਲਾਂਕਿ, ਰਾਹਤ ਦੀ ਗੱਲ ਇਹ ਹੈ ਕਿ 26 ਅਪ੍ਰੈਲ ਤੋਂ ਇੱਕ ਪੱਛਮੀ ਗੜਬੜੀ ਸਰਗਰਮ ਹੋ ਸਕਦੀ ਹੈ, ਜਿਸ ਨਾਲ ਮੌਸਮ ਵਿੱਚ ਮੁੜ ਬਦਲਾਅ ਆਉਣ ਦੀ ਉਮੀਦ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ

