ਪੰਜਾਬ ’ਚ ਗਰਮੀ ਸਿਖਰ ‘ਤੇ, ਪਾਰਾ 47 ਡਿਗਰੀ ਤੱਕ ਪੁੱਜਿਆ! ਹੀਟਵੇਵ ਅਲਰਟ ਜਾਰੀ

Global Team
3 Min Read

ਚੰਡੀਗੜ੍ਹ: ਪੰਜਾਬ ਅਤੇ ਚੰਡੀਗੜ੍ਹ ਵਿੱਚ ਭਿਆਨਕ ਗਰਮੀ ਦਾ ਦੌਰ ਜਾਰੀ ਹੈ। ਮੌਸਮ ਵਿਭਾਗ ਨੇ 24 ਮਈ ਤੱਕ ਹੀਟਵੇਵ ਯਾਨੀ ਲੂ ਦਾ ਯੈਲੋ ਅਲਰਟ ਜਾਰੀ ਕੀਤਾ ਹੈ। 18 ਮਈ ਨੂੰ ਪੰਜਾਬ ਦੇ 10 ਜ਼ਿਲ੍ਹਿਆਂ ਵਿੱਚ ਲੂ ਚੱਲਣ ਦੀ ਚਿਤਾਵਨੀ ਦਿੱਤੀ ਗਈ ਹੈ, ਜਦਕਿ ਆਉਣ ਵਾਲੇ ਦਿਨਾਂ ਵਿੱਚ ਇਹ ਅਸਰ ਹੋਰ ਵਧ ਸਕਦਾ ਹੈ। ਮੌਸਮ ਮਾਹਿਰਾਂ ਦੇ ਅਨੁਸਾਰ, ਪੱਛਮੀ ਅਤੇ ਦੱਖਣ-ਪੱਛਮੀ ਦਿਸ਼ਾ ਤੋਂ ਆ ਰਹੀਆਂ ਬਹੁਤ ਗਰਮ ਅਤੇ ਸੁੱਕੀਆਂ ਹਵਾਵਾਂ ਕਾਰਨ ਤਾਪਮਾਨ ਲਗਾਤਾਰ ਚੜ੍ਹ ਰਿਹਾ ਹੈ।

ਬਠਿੰਡਾ ਸਭ ਤੋਂ ਗਰਮ, ਪਾਰਾ 47 ਡਿਗਰੀ ਤੱਕ ਪਹੁੰਚਿਆ

ਮੌਸਮ ਵਿਭਾਗ ਮੁਤਾਬਕ, ਰਾਜਸਥਾਨ ਅਤੇ ਪਾਕਿਸਤਾਨ ਦੇ ਰੇਗਿਸਤਾਨੀ ਇਲਾਕਿਆਂ ਤੋਂ ਆ ਰਹੀਆਂ ਗਰਮ ਹਵਾਵਾਂ ਦਾ ਸਭ ਤੋਂ ਵੱਧ ਅਸਰ ਪੰਜਾਬ ਦੇ ਮਾਲਵਾ ਖੇਤਰ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਸੋਮਵਾਰ ਨੂੰ ਤਾਪਮਾਨ ਵਿੱਚ 2.3 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ, ਜੋ ਆਮ ਨਾਲੋਂ 3.1 ਡਿਗਰੀ ਵੱਧ ਰਿਹਾ। ਬਠਿੰਡਾ ਪੰਜਾਬ ਦਾ ਸਭ ਤੋਂ ਗਰਮ ਜ਼ਿਲ੍ਹਾ ਰਿਹਾ, ਜਿੱਥੇ ਪਾਰਾ 47 ਡਿਗਰੀ ਤੱਕ ਪਹੁੰਚ ਗਿਆ।

ਗਰਮੀ ਕਾਰਨ ਬਿਜਲੀ ਦੀ ਮੰਗ ਵਧੀ

ਲਗਾਤਾਰ ਵੱਧ ਰਹੀ ਗਰਮੀ ਕਾਰਨ ਪੰਜਾਬ ਵਿੱਚ ਬਿਜਲੀ ਦੀ ਮੰਗ ਵੀ ਤੇਜ਼ੀ ਨਾਲ ਵਧ ਰਹੀ ਹੈ। ਸੋਮਵਾਰ ਨੂੰ ਇਸ ਸੀਜ਼ਨ ਵਿੱਚ ਪਹਿਲੀ ਵਾਰ ਬਿਜਲੀ ਦੀ ਮੰਗ 13,555 ਮੈਗਾਵਾਟ ਤੱਕ ਪਹੁੰਚ ਗਈ। ਪੰਜਾਬ ਦੀ ਆਪਣੀ ਉਤਪਾਦਨ ਸਮਰੱਥਾ ਲਗਭਗ 4500 ਮੈਗਾਵਾਟ ਹੈ, ਜਿਸ ਕਰਕੇ ਬਾਕੀ ਬਿਜਲੀ ਸੈਂਟਰਲ ਪੂਲ ਤੋਂ ਖਰੀਦਣੀ ਪਈ।

ਚੰਡੀਗੜ੍ਹ ਪ੍ਰਸ਼ਾਸਨ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਬਹੁਤ ਜ਼ਿਆਦਾ ਧੁੱਪ ਵਾਲੇ ਸਮੇਂ ਦੌਰਾਨ ਘਰੋਂ ਬਾਹਰ ਨਾ ਨਿੱਕਲਿਆ ਜਾਵੇ। ਇਸ ਦੇ ਨਾਲ ਸਰਕਾਰੀ ਦਫ਼ਤਰਾਂ, ਸਕੂਲਾਂ, ਮਾਲਾਂ ਅਤੇ ਹੋਟਲਾਂ ਵਿੱਚ AC ਦਾ ਤਾਪਮਾਨ 24 ਤੋਂ 25 ਡਿਗਰੀ ਦੇ ਵਿਚਕਾਰ ਰੱਖਣ ਦੀ ਹਦਾਇਤ ਦਿੱਤੀ ਗਈ ਹੈ।

ਹਸਪਤਾਲਾਂ ਅਤੇ ਸਕੂਲਾਂ ਲਈ ਖਾਸ ਤਿਆਰੀ

ਪੰਜਾਬ ਦੇ ਸਾਰੇ ਸਰਕਾਰੀ ਅਤੇ ਮਨਜ਼ੂਰਸ਼ੁਦਾ ਹਸਪਤਾਲਾਂ ਵਿੱਚ ‘ਹੀਟ ਸਟ੍ਰੋਕ ਵਾਰਡ’ ਬਣਾਏ ਗਏ ਹਨ। ਮਰੀਜ਼ਾਂ ਲਈ ਲਾਈਫ ਸੇਵਿੰਗ ਦਵਾਈਆਂ ਅਤੇ ORS ਪੈਕਟ 24 ਘੰਟੇ ਉਪਲਬਧ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ। ਲੋਕ 104 ਹੈਲਪਲਾਈਨ ’ਤੇ ਕਾਲ ਕਰਕੇ ਡਾਕਟਰੀ ਸਹਾਇਤਾ ਲੈ ਸਕਦੇ ਹਨ।

ਚੰਡੀਗੜ੍ਹ ਪ੍ਰਸ਼ਾਸਨ ਨੇ ਸਕੂਲਾਂ ਲਈ ਵੀ ਹੀਟ ਸੇਫਟੀ ਐਡਵਾਈਜ਼ਰੀ ਜਾਰੀ ਕੀਤੀ ਹੈ। ਸਕੂਲਾਂ ਨੂੰ ਕਿਹਾ ਗਿਆ ਹੈ ਕਿ ਬੱਚਿਆਂ ਨੂੰ ਤੇਜ਼ ਧੁੱਪ ਤੋਂ ਬਚਾਇਆ ਜਾਵੇ ਅਤੇ ਖੇਡਾਂ ਜਾਂ ਹੋਰ ਬਾਹਰੀ ਗਤੀਵਿਧੀਆਂ ਸਵੇਰੇ ਜਾਂ ਛਾਂ ਵਾਲੀਆਂ ਥਾਵਾਂ ’ਤੇ ਕਰਵਾਈਆਂ ਜਾਣ। ਨਾਲ ਹੀ ਬੱਚਿਆਂ ਲਈ ਪੀਣ ਵਾਲੇ ਸਾਫ਼ ਪਾਣੀ ਦੀ ਪੂਰੀ ਵਿਵਸਥਾ ਯਕੀਨੀ ਬਣਾਉਣ ਦੇ ਹੁਕਮ ਦਿੱਤੇ ਗਏ ਹਨ।

ਅਗਲੇ ਦਿਨਾਂ ’ਚ ਹੋਰ ਵਧੇਗੀ ਗਰਮੀ

ਮੌਸਮ ਵਿਭਾਗ ਦੇ ਅਨੁਸਾਰ 20 ਤੋਂ 23 ਮਈ ਤੱਕ ਪੰਜਾਬ ਦੇ 22 ਜ਼ਿਲ੍ਹਿਆਂ ਵਿੱਚ ਹੀਟਵੇਵ ਚੱਲੇਗੀ। ਮਾਹਰਾਂ ਦਾ ਕਹਿਣਾ ਹੈ ਕਿ ਮੀਂਹ ਵਾਲੀ ਗਤੀਵਿਧੀ ਖਤਮ ਹੋ ਚੁੱਕੀ ਹੈ ਅਤੇ ਕੋਈ ਵੈਸਟਰਨ ਡਿਸਟਰਬੈਂਸ ਨਾ ਹੋਣ ਕਰਕੇ ਆਸਮਾਨ ਸਾਫ਼ ਹੈ। ਇਸ ਕਾਰਨ ਸੂਰਜ ਦੀ ਤਪਸ਼ ਹੋਰ ਵਧ ਰਹੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਤਾਪਮਾਨ 2 ਤੋਂ 3 ਡਿਗਰੀ ਹੋਰ ਚੜ੍ਹ ਸਕਦਾ ਹੈ।

Share This Article
Leave a Comment