ਨਵੀਂ ਦਿੱਲੀ: ਸੁਪਰੀਮ ਕੋਰਟ ਦੀ ਇੱਕ ਪੈਨਲ ਨੇ ਦਿੱਲੀ- ਐੱਨਸੀਆਰ ‘ਚ ਪਬਲਿਕ ਹੈਲਥ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ। ਦਿੱਲੀ ਵਿੱਚ ਹਵਾ ਪ੍ਰਦੂਸ਼ਣ ਦੇ ਪੱਧਰ ਨੂੰ ਸੀਵੀਇਰ ਪਲਸ ਕੈਟੇਗਰੀ ਵਿੱਚ ਰੱਖਿਆ ਗਿਆ ਹੈ। ਵਾਤਾਵਰਣ ਪ੍ਰਦੂਸ਼ਣ ਰੋਕਥਾਮ ਅਤੇ ਨਿਯੰਤਣ ( EPCA ) ਨੇ ਹੈਲਥ ਐਮਰਜੈਂਸੀ ਘੋਸ਼ਿਤ ਹੋਣ ‘ਤੇ ਸਰਦੀਆਂ ਦੇ ਪੂਰੇ ਮੌਸਮ ਪਟਾਖੇ ਚਲਾਉਣ ‘ਤੇ ਬੈਨ ਲਗਾ ਦਿੱਤਾ ਹੈ। ਉੱਥੇ ਹੀ ਕੰਸਟਰਕਸ਼ਨ ( construction ) ‘ਤੇ ਲੱਗੀ ਰੋਕ ਨੂੰ 5 ਨੰਵਬਰ ਤੱਕ ਵਧਾ ਦਿੱਤਾ ਗਿਆ ਹੈ।
ਦਿੱਲੀ ਦੇ ਲੋਧੀ ਰੋਡ, ਮੇਜਰ ਧਿਆਨਚੰਦ ਸਟੇਡੀਅਮ ਇਲਾਕੇ ਵਿੱਚ ਹਵਾ ਪ੍ਰਦੂਸ਼ਣ ‘ਚ PM 2.5 ਦਾ ਲੈਵਲ ਏਅਰ ਕਵਾਲਿਟੀ ਇੰਡੈਕਸ ਅਨੁਸਾਰ 500 ਦੇ ਖਤਰਨਾਕ ਪੱਧਰ ‘ਤੇ ਪਹੁੰਚ ਗਿਆ ਹੈ। ਗਾਜ਼ੀਆਬਾਦ ਵਿੱਚ ਇਹ ਸੰਖਿਆ 487 ‘ਤੇ ਹੈ ਉੱਥੇ ਹੀ ਨੋਏਡਾ ਵਿੱਚ ਵੀ ਇਹ ਸੰਖਿਆ 500 ਨੂੰ ਛੂਹਣ ਵੱਲ ਵੱਧ ਰਹੀ ਹੈ।
ਕੀ ਕਹਿੰਦੀ ਹੈ CPCB ਦੀ ਰਿਪੋਰਟ ?
ਹਵਾ ਪ੍ਰਦੂਸ਼ਣ ਵਿੱਚ ਕਿਸ ਕਾਰਕ ਦਾ ਕਿੰਨਾ ਯੋਗਦਾਨ ਹੈ ਇਸ ਦੇ ਅੰਕੜੇ ਹਰ ਰੋਜ਼ ਬਦਲਦੇ ਰਹਿੰਦੇ ਹਨ। ਇਸ ਦੀ ਨਿਗਰਾਨੀ ਕਰਨ ਵਾਲੀ ਧਰਤੀ ਵਿਗਿਆਨ ਮੰਤਰਾਲੇ ਦੀ ਇੱਕ ਸੰਸਥਾ ਹੈ ਸਫਰ ( SAFAR ), ਜਿਸ ਦਾ ਪੂਰਾ ਨਾਮ ਹੈ ਇੰਡੀਆ ਸਿਸਟਮ ਆਫ ਏਅਰ ਕਵਾਲਿਟੀ ਐਂਡ ਵੈਦਰ ਫਾਰਕਾਸਟਿੰਗ ਐਂਡ ਰਿਸਰਚ। ਇਸ ਦੇ ਮੁਤਾਬਕ ਦਿੱਲੀ ਅਤੇ ਆਸਪਾਸ ਦੇ ਇਲਾਕਿਆਂ ਵਿੱਚ ਦੂਸ਼ਿਤ ਹਵਾ ਲਈ ਜ਼ਿੰਮੇਦਾਰ ਕਾਰਕਾਂ ਵਿੱਚ ਪੰਜਾਬ ਤੇ ਹਰਿਆਣਾ ਵਿੱਚ ਪਰਾਲੀ ਜਲਾਉਣ ਦੀਆਂ ਘਟਨਾਵਾਂ ਦਾ 27 ਫ਼ੀਸਦੀ ਯੋਗਦਾਨ ਹੈ।
ਦਿੱਲੀ ਵਿੱਚ ਬੰਦ ਹੋਏ ਸਕੂਲ
ਦਿੱਲੀ ਵਿੱਚ ਪਬਲਿਕ ਹੈਲਥ ਐਮਰਜੈਂਸੀ ਐਲਾਨ ਹੋਣ ਤੋਂ ਬਾਅਦ ਇੱਥੇ ਸਾਰੇ 5ਵੀਂ ਜਮਾਤ ਤੱਕ ਦੇ ਸਕੂਲ ਬੰਦ ਕਰਨ ਦੀ ਘੋਸ਼ਣਾ ਕਰ ਦਿੱਤੀ ਗਈ ਹੈ। ਵੱਧ ਰਹੇ ਹਵਾ ਪ੍ਰਦੂਸ਼ਣ ਨੂੰ ਵੇਖਦੇ ਹੋਏ ਦਿੱਲੀ ਦੇ ਸੀਐੱਮ ਅਰਵਿੰਦ ਕੇਜਰੀਵਾਲ ਨੇ ਇੱਕ ਟਵੀਟ ਕਰ ਇਹ ਜਾਣਕਾਰੀ ਦਿੱਤੀ ਹੈ। ਸਕੂਲਾਂ ਵਿੱਚ ਖੁੱਲੇ ਮੈਦਾਨ ਵਿੱਚ ਬੱਚਿਆਂ ਦੇ ਖੇਡਣ ‘ਤੇ ਵੀ ਰੋਕ ਲਗਾ ਦਿੱਤੀ ਗਈ ਹੈ ਕਿਸੇ ਵੀ ਤਰ੍ਹਾਂ ਦੀ ਆਉਟਡੋਰ ਐਕਟੀਵਿਟੀ ਵੀ ਬੰਦ ਰਹੇਗੀ।