ਚੰਡੀਗੜ੍ਹ: ਹਰਿਆਣਾ ਸਰਕਾਰ 25 ਸਤੰਬਰ 2025 ਨੂੰ ਔਰਤਾਂ ਦੇ ਸਮਾਜਿਕ ਅਤੇ ਆਰਥਿਕ ਸਨਮਾਨ ਲਈ ਦੀਨ ਦਿਆਲ ਲਾਡੋ ਲਕਸ਼ਮੀ ਯੋਜਨਾ ਸ਼ੁਰੂ ਕਰਨ ਜਾ ਰਹੀ ਹੈ। ਮੁੱਖ ਮੰਤਰੀ ਨਾਇਬ ਸੈਣੀ ਇਸ ਦਿਨ ਇਸ ਯੋਜਨਾ ਨਾਲ ਜੁੜੀ ਮੋਬਾਈਲ ਐਪ ਨੂੰ ਲਾਂਚ ਕਰਨਗੇ।
ਇਸ ਯੋਜਨਾ ਅਧੀਨ ਆਰਥਿਕ ਤੌਰ ’ਤੇ ਕਮਜ਼ੋਰ ਮਹਿਲਾਵਾਂ ਨੂੰ ਹਰ ਮਹੀਨੇ 2100 ਰੁਪਏ ਦੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ। ਯੋਜਨਾ ਦਾ ਲਾਭ ਉਠਾਉਣ ਲਈ ਮਹਿਲਾ ਦੀ ਉਮਰ 23 ਸਾਲ ਜਾਂ ਇਸ ਤੋਂ ਵੱਧ ਹੋਣੀ ਚਾਹੀਦੀ ਹੈ ਅਤੇ ਉਸ ਨੂੰ ਘੱਟੋ-ਘੱਟ 15 ਸਾਲ ਤੋਂ ਹਰਿਆਣਾ ਦੀ ਨਿਵਾਸੀ ਹੋਣਾ ਜ਼ਰੂਰੀ ਹੈ।
ਇਸ ਤੋਂ ਇਲਾਵਾ, ਪਰਿਵਾਰ ਦੀ ਸਾਲਾਨਾ ਆਮਦਨ 1 ਲੱਖ ਰੁਪਏ ਤੱਕ ਹੋਣੀ ਚਾਹੀਦੀ ਹੈ। ਤੀਜੀ ਅਤੇ ਚੌਥੀ ਸਟੇਜ ਦੀਆਂ ਕੈਂਸਰ ਪੀੜਤ ਮਹਿਲਾਵਾਂ, ਦੁਰਲੱਭ ਬਿਮਾਰੀਆਂ ਨਾਲ ਪੀੜਤ ਮਹਿਲਾਵਾਂ, ਹੀਮੋਫੀਲੀਆ, ਥੈਲੇਸੀਮੀਆ ਅਤੇ ਸਿੱਕਲ ਸੈੱਲ ਅਨੀਮੀਆ ਨਾਲ ਪੀੜਤ ਮਹਿਲਾਵਾਂ, ਜੋ ਪਹਿਲਾਂ ਹੀ ਕਿਸੇ ਸਮਾਜਿਕ ਸੁਰੱਖਿਆ ਪੈਨਸ਼ਨ ਦਾ ਲਾਭ ਲੈ ਰਹੀਆਂ ਹਨ, ਵੀ ਇਸ ਯੋਜਨਾ ਲਈ ਯੋਗ ਹੋਣਗੀਆਂ। ਇਸ ਯੋਜਨਾ ਦਾ ਮੁੱਖ ਮਕਸਦ ਮਹਿਲਾਵਾਂ ਨੂੰ ਆਰਥਿਕ ਮਜ਼ਬੂਤੀ ਅਤੇ ਸਮਾਜਿਕ ਸਨਮਾਨ ਪ੍ਰਦਾਨ ਕਰਨਾ ਹੈ।
ਰਜਿਸਟ੍ਰੇਸ਼ਨ ਲਈ ਜ਼ਰੂਰੀ ਦਸਤਾਵੇਜ਼ਾਂ ਦੀ ਸੂਚੀ
ਡੀਸੀ ਸਤਪਾਲ ਸ਼ਰਮਾ ਨੇ ਕਿਹਾ ਕਿ ਮਹਿਲਾਵਾਂ ਨੂੰ ਅਪੀਲ ਹੈ ਕਿ ਉਹ ਸਰਕਾਰ ਵੱਲੋਂ ਜਾਰੀ ਕੀਤੀ ਦਸਤਾਵੇਜ਼ਾਂ ਦੀ ਸੂਚੀ ਅਨੁਸਾਰ ਆਪਣੇ ਕਾਗਜ਼ ਤਿਆਰ ਕਰ ਲੈਣ। ਦੀਨ ਦਿਆਲ ਲਾਡੋ ਲਕਸ਼ਮੀ ਯੋਜਨਾ ਦਾ ਲਾਭ ਲੈਣ ਲਈ ਰਜਿਸਟ੍ਰੇਸ਼ਨ ਸਮੇਂ ਕੁਝ ਜ਼ਰੂਰੀ ਦਸਤਾਵੇਜ਼ ਜਮ੍ਹਾ ਕਰਵਾਉਣੇ ਪੈਣਗੇ।
ਇਸ ਵਿੱਚ ਮਹਿਲਾ ਦੇ ਪੱਕੇ ਨਿਵਾਸ ਦਾ ਸਰਟੀਫਿਕੇਟ, ਆਧਾਰ ਨਾਲ ਲਿੰਕ ਮੋਬਾਈਲ ਨੰਬਰ, ਪਰਿਵਾਰ ਦੇ ਸਾਰੇ ਮੈਂਬਰਾਂ ਦੇ ਆਧਾਰ ਕਾਰਡ ਅਤੇ ਜੇਕਰ ਮਹਿਲਾ ਵਿਆਹੀ ਹੋਈ ਹੈ ਤਾਂ ਸਹੁਰੇ ਪਰਿਵਾਰ ਦੇ ਸਾਰੇ ਮੈਂਬਰਾਂ ਦੇ ਆਧਾਰ ਕਾਰਡ ਸ਼ਾਮਲ ਹਨ।
ਇਸ ਤੋਂ ਇਲਾਵਾ, ਬਿਜਲੀ ਬਿੱਲ ਦਾ ਕਨੈਕਸ਼ਨ ਨੰਬਰ, HKRN ਰਜਿਸਟ੍ਰੇਸ਼ਨ ਨੰਬਰ, ਮਹਿਲਾ ਅਤੇ ਪਰਿਵਾਰ ਦੇ ਮੈਂਬਰਾਂ ਦੇ ਨਾਮ ’ਤੇ ਰਜਿਸਟਰਡ ਵਾਹਨਾਂ ਦਾ ਵੇਰਵਾ ਅਤੇ ਮਹਿਲਾ ਦੇ ਨਾਮ ’ਤੇ ਰਜਿਸਟਰਡ ਬੈਂਕ ਖਾਤੇ ਦਾ ਵੇਰਵਾ ਵੀ ਜਮ੍ਹਾ ਕਰਵਾਉਣਾ ਜ਼ਰੂਰੀ ਹੋਵੇਗਾ। ਇਹ ਸਾਰੇ ਦਸਤਾਵੇਜ਼ ਜਮ੍ਹਾ ਕਰਨ ਤੋਂ ਬਾਅਦ ਹੀ ਯੋਜਨਾ ਦਾ ਲਾਭ ਮਿਲ ਸਕੇਗਾ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।