ਚੰਡੀਗੜ੍ਹ: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਐਲਾਨ ਕੀਤਾ ਹੈ ਕਿ ਅਗਲੇ ਹਫ਼ਤੇ ਤੋਂ ਸੂਬੇ ਦੇ ਕਿਸਾਨਾਂ ਨੂੰ ਵਾਟਸਐਪ ਰਾਹੀਂ ਕਿਯੂਆਰ ਕੋਡ ਵਾਲਾ ਜੇ-ਫਾਰਮ ਭੇਜਿਆ ਜਾਵੇਗਾ, ਜਿਸ ਨਾਲ ਉਹ ਕਰਜ਼ੇ ਸਮੇਤ ਹੋਰ ਸਹੂਲਤਾਂ ਆਸਾਨੀ ਨਾਲ ਲੈ ਸਕਣਗੇ।
ਉਨ੍ਹਾਂ ਦੱਸਿਆ ਕਿ ਅਗਲੇ ਸੀਜ਼ਨ ਤੋਂ ਇੱਕ ਕਿਸਾਨ ਐਪ ਵੀ ਸ਼ੁਰੂ ਕੀਤੀ ਜਾਵੇਗੀ, ਜਿਸ ਵਿੱਚ ਜੇ-ਫਾਰਮ, ਭੁਗਤਾਨ ਦੀ ਸਥਿਤੀ, ਬੀਜਾਈ ਅਤੇ ਉਪਜ ਦੀ ਤਸਦੀਕ, ਗੇਟ ਪਾਸ ਸ਼ੈਡਿਊਲਿੰਗ ਅਤੇ ਹੋਰ ਸਾਰੀ ਜਾਣਕਾਰੀ ਇੱਕ ਹੀ ਥਾਂ ਉਪਲਬਧ ਹੋਵੇਗੀ। ਇਸ ਨਾਲ ਖਰੀਦ ਪ੍ਰਕ੍ਰਿਆ ਤੇਜ਼ ਅਤੇ ਸੁਚਾਰੂ ਬਣੇਗੀ।
ਮੁੱਖ ਮੰਤਰੀ ਨੇ ਕਿਹਾ ਕਿ ਰਬੀ ਸੀਜ਼ਨ 2026-27 ਵਿੱਚ ਸੂਬੇ ਦੀਆਂ ਮੰਡੀਆਂ ਵਿੱਚ ਕਣਕ ਦੀ ਬੰਪਰ ਆਮਦ ਹੋਈ ਹੈ। ਹੁਣ ਤੱਕ 81 ਲੱਖ 48 ਹਜ਼ਾਰ ਮੀਟ੍ਰਿਕ ਟਨ ਕਣਕ ਮੰਡੀਆਂ ਵਿੱਚ ਪਹੁੰਚ ਚੁੱਕੀ ਹੈ, ਜੋ ਪਿਛਲੇ ਚਾਰ ਸਾਲਾਂ ਤੋਂ ਵੱਧ ਹੈ। 11 ਅਪ੍ਰੈਲ ਨੂੰ ਇੱਕ ਹੀ ਦਿਨ ਵਿੱਚ 7 ਲੱਖ 71 ਹਜ਼ਾਰ ਮੀਟ੍ਰਿਕ ਟਨ ਦੀ ਆਮਦ ਦਰਜ ਕੀਤੀ ਗਈ।
ਉਨ੍ਹਾਂ ਦੱਸਿਆ ਕਿ 5 ਲੱਖ 80 ਹਜ਼ਾਰ ਤੋਂ ਵੱਧ ਕਿਸਾਨ ਆਪਣੀ ਫਸਲ ਮੰਡੀਆਂ ਵਿੱਚ ਲੈ ਕੇ ਆਏ ਹਨ ਅਤੇ ਡਿਜੀਟਲ ਗੇਟ ਪਾਸ ਰਾਹੀਂ ਉਨ੍ਹਾਂ ਦੀ ਪਛਾਣ ਕੀਤੀ ਜਾ ਰਹੀ ਹੈ। ਲਗਭਗ 97 ਫੀਸਦੀ ਕਣਕ ਦੀ ਬਾਇਓਮੈਟ੍ਰਿਕ ਤਸਦੀਕ ਵੀ ਹੋ ਚੁੱਕੀ ਹੈ। ਇਸ ਤੋਂ ਇਲਾਵਾ, 70 ਲੱਖ 23 ਹਜ਼ਾਰ ਮੀਟ੍ਰਿਕ ਟਨ ਕਣਕ ਦੀ ਖਰੀਦ ਹੋ ਚੁੱਕੀ ਹੈ ਅਤੇ 34 ਲੱਖ 56 ਹਜ਼ਾਰ ਮੀਟ੍ਰਿਕ ਟਨ ਦੀ ਲਿਫਟਿੰਗ ਵੀ ਹੋ ਗਈ ਹੈ।
ਉਨ੍ਹਾਂ ਕਿਹਾ ਕਿ 18 ਅਪ੍ਰੈਲ ਤੋਂ ਲਿਫਟਿੰਗ ਦੀ ਗਤੀ ਹੋਰ ਵਧੀ ਹੈ ਅਤੇ ਹਰ ਰੋਜ਼ ਲਗਭਗ ਸਾਢੇ 3 ਲੱਖ ਮੀਟ੍ਰਿਕ ਟਨ ਕਣਕ ਉਠਾਈ ਜਾ ਰਹੀ ਹੈ। ਪਿਛਲੇ ਸਾਲ ਨਾਲ ਤੁਲਨਾ ਕਰਦੇ ਹੋਏ ਇਸ ਵਾਰ ਆਮਦ ਕਾਫੀ ਵੱਧ ਰਹੀ ਹੈ।
ਸਰਕਾਰ ਵੱਲੋਂ ਖਰੀਦ ਪ੍ਰਕ੍ਰਿਆ ਨੂੰ ਪੂਰੀ ਤਰ੍ਹਾਂ ਆਨਲਾਈਨ ਕੀਤਾ ਗਿਆ ਹੈ, ਜਿਸ ਨਾਲ ਪਾਰਦਰਸ਼ੀਤਾ ਵਧੀ ਹੈ ਅਤੇ ਕਿਸਾਨਾਂ ਨੂੰ ਸਮੇਂ ’ਤੇ ਭੁਗਤਾਨ ਮਿਲ ਰਿਹਾ ਹੈ। ਹੁਣ ਤੱਕ “ਮੇਰੀ ਫਸਲ-ਮੇਰਾ ਬਿਊਰਾ” ਪੋਰਟਲ ’ਤੇ 10 ਲੱਖ ਤੋਂ ਵੱਧ ਕਿਸਾਨ ਰਜਿਸਟਰ ਕਰ ਚੁੱਕੇ ਹਨ ਅਤੇ 13 ਲੱਖ ਤੋਂ ਵੱਧ ਡਿਜੀਟਲ ਗੇਟ ਪਾਸ ਜਾਰੀ ਹੋਏ ਹਨ।
ਫਰਜ਼ੀ ਖਰੀਦ ਰੋਕਣ ਲਈ ਸੂਬੇ ਦੀਆਂ ਸਾਰੀਆਂ ਮੰਡੀਆਂ ਅਤੇ ਖਰੀਦ ਕੇਂਦਰਾਂ ਦੀ ਜਿਓ-ਫੈਂਸਿੰਗ ਕੀਤੀ ਗਈ ਹੈ ਅਤੇ ਸੀਸੀਟੀਵੀ ਕੈਮਰਿਆਂ ਨਾਲ ਨਿਗਰਾਨੀ ਕੀਤੀ ਜਾ ਰਹੀ ਹੈ।
ਸਰਕਾਰ ਨੇ ਆੜਤੀਆਂ ਦਾ ਕਮਿਸ਼ਨ ਵੀ ਵਧਾ ਕੇ 55 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਹੈ। ਇਸਦੇ ਨਾਲ ਹੀ ਬੇਮੌਸਮੀ ਬਾਰਿਸ਼ ਕਾਰਨ ਪ੍ਰਭਾਵਿਤ ਫਸਲ ਲਈ ਗੁਣਵੱਤਾ ਮਾਪਦੰਡਾਂ ਵਿੱਚ ਵੀ ਰਾਹਤ ਦਿੱਤੀ ਗਈ ਹੈ, ਤਾਂ ਜੋ ਕਿਸਾਨਾਂ ਨੂੰ ਨੁਕਸਾਨ ਨਾ ਹੋਵੇ।
ਮੁੱਖ ਮੰਤਰੀ ਨੇ ਦੱਸਿਆ ਕਿ ਪਿਛਲੇ 11 ਸਾਲਾਂ ਵਿੱਚ ਕਿਸਾਨਾਂ ਨੂੰ ਮੁਆਵਜ਼ੇ ਅਤੇ ਫਸਲ ਬੀਮਾ ਯੋਜਨਾਵਾਂ ਤਹਿਤ 16 ਹਜ਼ਾਰ 160 ਕਰੋੜ ਰੁਪਏ ਦਿੱਤੇ ਗਏ ਹਨ। ਇਸ ਤੋਂ ਇਲਾਵਾ, ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਅਧੀਨ ਵੀ ਹਜ਼ਾਰਾਂ ਕਰੋੜ ਰੁਪਏ ਸਿੱਧੇ ਕਿਸਾਨਾਂ ਦੇ ਖਾਤਿਆਂ ਵਿੱਚ ਜਮਾ ਕਰਵਾਏ ਗਏ ਹਨ।

