ਬੇਕਾਬੂ ਹੋ ਕੇ ਪਲਟੀ ਰੋਡਵੇਜ਼ ਬੱਸ, 13 ਯਾਤਰੀ ਗੰਭੀਰ ਜ਼ਖ਼ਮੀ

Global Team
2 Min Read

ਹਰਿਆਣਾ : ਜੀਂਦ ਵਿੱਚ ਅੱਜ ਇੱਕ ਰੋਡਵੇਜ਼ ਬੱਸ ਉਚਾਨਾ ਨੇੜੇ ਡਿਵਾਈਡਰ ਨਾਲ ਟਕਰਾ ਕੇ ਪਲਟ ਗਈ। ਟੋਹਾਣਾ ਤੋਂ ਜੈਪੁਰ ਜਾ ਰਹੀ ਇਸ ਬੱਸ ਵਿੱਚ ਲਗਭਗ 50 ਯਾਤਰੀ ਸਵਾਰ ਸਨ, ਜਿਨ੍ਹਾਂ ਵਿੱਚੋਂ 13 ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ। ਬੱਸ ਡਰਾਈਵਰ ਨੂੰ ਰੋਹਤਕ PGI ਰੈਫਰ ਕੀਤਾ ਗਿਆ ਹੈ।

ਜਾਣਕਾਰੀ ਅਨੁਸਾਰ, ਹਰਿਆਣਾ ਦੀ ਬੱਸ ਜੈਪੁਰ ਜਾ ਰਹੀ ਸੀ। ਇਹ ਹਾਦਸਾ ਬੜੌਦਾ ਪਿੰਡ ਨੇੜੇ ਵਾਪਰਿਆ। ਬੱਸ ਪਹਿਲਾਂ ਡਿਵਾਈਡਰ ਨਾਲ ਟਕਰਾਈ, ਫਿਰ ਸੜਕ ਕਿਨਾਰੇ ਖੜ੍ਹੇ ਲੋਡਿੰਗ ਟੈਂਪੂ ਨਾਲ। ਇਸ ਤੋਂ ਬਾਅਦ, ਉਹ ਸੜਕ ਤੋਂ ਉਤਰ ਕੇ ਕਰੀਬ 20 ਮੀਟਰ ਦੂਰ ਜਾ ਕੇ ਕੱਚੇ ਵਿੱਚ ਪਲਟ ਗਈ, ਜਿਸ ਨਾਲ ਲੋਡਿੰਗ ਟੈਂਪੂ ਨੁਕਸਾਨਿਆ ਗਿਆ।

ਬੱਸ ਯਾਤਰੀਆਂ ਅਨੁਸਾਰ ਬੱਸ ਕਾਫ਼ੀ ਤੇਜ਼ ਰਫ਼ਤਾਰ ਵਿੱਚ ਸੀ ਅਤੇ ਡਰਾਈਵਰ ਵੀਡੀਓ ਕਾਲ ‘ਤੇ ਕਿਸੇ ਨਾਲ ਗੱਲ ਕਰ ਰਿਹਾ ਸੀ। ਇਸੇ ਦੌਰਾਨ ਬੱਸ ਸੜਕ ਕਿਨਾਰੇ ਖੜ੍ਹੇ ਇੱਕ ਟੈਂਪੂ ਨਾਲ ਟਕਰਾ ਗਈ ਅਤੇ ਪਲਟ ਗਈ।

ਮੌਕੇ ‘ਤੇ ਪੁੱਜੇ SHO ਨੇ ਦੱਸਿਆ ਕਿ ਜਿਵੇਂ ਹੀ ਪੁਲਿਸ ਨੂੰ ਹਾਦਸੇ ਦੀ ਜਾਣਕਾਰੀ ਮਿਲੀ ਤਾਂ 10 ਮਿੰਟ ਦੇ ਅੰਦਰ ਹੀ ਸਥਿਤੀ ਨੂੰ ਸੰਭਾਲ ਲਿਆ ਗਿਆ। 10 ਤੋਂ 15 ਮਿੰਟ ਦੇ ਅੰਦਰ ਹੀ ਸਾਰੇ ਜ਼ਖ਼ਮੀਆਂ ਨੂੰ ਇਲਾਜ ਲਈ ਉਚਾਨਾ ਅਤੇ ਜੀਂਦ ਦੇ ਹਸਪਤਾਲ ਵਿੱਚ ਪਹੁੰਚਾਇਆ ਗਿਆ। ਬੱਸ ਓਵਰ ਸਪੀਡ ਵਿੱਚ ਸੀ। ਡਿਵਾਈਡਰ ਨਾਲ ਟਕਰਾਉਣ ਕਾਰਨ ਬੱਸ ਨੇ ਆਪਣੀ ਲਾਈਨ ਬਦਲੀ ਅਤੇ ਸਾਈਡ ਵਿੱਚ ਖੜ੍ਹੀ ਲੋਡਿੰਗ ਗੱਡੀ ਵਿੱਚ ਜਾ ਟਕਰਾਈ। ਹਾਦਸੇ ਵਿੱਚ ਡਰਾਈਵਰ ਸਮੇਤ 5 ਤੋਂ 6 ਲੋਕਾਂ ਨੂੰ ਜ਼ਿਆਦਾ ਗੰਭੀਰ ਸੱਟਾਂ ਲੱਗੀਆਂ ਹਨ।

ਜ਼ਖਮੀਆਂ ਦਾ ਇਲਾਜ ਕਰ ਰਹੇ ਡਾਕਟਰ ਨੇ ਦੱਸਿਆ 24 ਮਰੀਜ਼ ਉਚਾਨਾ ਦੇ ਹਸਪਤਾਲ ਪਹੁੰਚੇ, ਜਿਨ੍ਹਾਂ ਵਿੱਚੋਂ ਕਈਆਂ ਦੀ ਹਾਲਤ ਗੰਭੀਰ ਸੀ ਅਤੇ ਉਨ੍ਹਾਂ ਨੂੰ ਇੱਥੋਂ ਜੀਂਦ ਰੈਫਰ ਕਰ ਦਿੱਤਾ ਗਿਆ। 18 ਮਰੀਜ਼ਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ, ਜਿਨ੍ਹਾਂ ਨੂੰ ਇੱਥੇ ਮੁੱਢਲੀ ਸਹਾਇਤਾ ਦਿੱਤੀ ਗਈ। ਬੱਸ ਡਰਾਈਵਰ ਨੂੰ ਰੋਹਤਕ ਪੀਜੀਆਈ (PGI) ਰੈਫਰ ਕਰ ਦਿੱਤਾ ਗਿਆ ਹੈ। 5 ਮਰੀਜ਼ਾਂ ਨੂੰ ਫ੍ਰੈਕਚਰ ਹੋਇਆ ਹੈ।

Share This Article
Leave a Comment