ਹਰਿਆਣਾ ਰਾਜ ਸਭਾ ਚੋਣਾਂ: ਮੁੱਖ ਮੰਤਰੀ ਸੈਣੀ ਨੇ ਪਾਈ ਪਹਿਲੀ ਵੋਟ; ਅੱਜ ਸ਼ਾਮ ਨੂੰ ਐਲਾਨੇ ਜਾਣਗੇ ਨਤੀਜੇ

Global Team
2 Min Read

ਚੰਡੀਗੜ੍ਹ : ਹਰਿਆਣਾ ਵਿੱਚ ਰਾਜ ਸਭਾ ਦੀਆਂ ਦੋ ਸੀਟਾਂ ਲਈ ਵਿਧਾਨ ਸਭਾ ਵਿੱਚ ਵੋਟਿੰਗ ਸ਼ੁਰੂ ਹੋ ਗਈ ਹੈ। ਕਾਂਗਰਸੀ ਆਗੂ ਭੁਪਿੰਦਰ ਹੁੱਡਾ ਹਰਿਆਣਾ ਵਿਧਾਨ ਸਭਾ ਪਹੁੰਚੇ ਹਨ। ਉਨ੍ਹਾਂ ਦੇ ਨਾਲ ਕਾਂਗਰਸ ਦੇ ਸਾਰੇ ਵਿਧਾਇਕ ਮੌਜੂਦ ਸਨ। ਇੱਕ ਉਮੀਦਵਾਰ ਨੂੰ ਚੋਣ ਜਿੱਤਣ ਲਈ 31 ਵਿਧਾਇਕਾਂ ਦੀਆਂ ਵੋਟਾਂ ਦੀ ਲੋੜ ਹੁੰਦੀ ਹੈ। ਹਰਿਆਣਾ ਵਿੱਚ ਵਿਧਾਨ ਸਭਾ ਦੀਆਂ 90 ਸੀਟਾਂ ਹਨ।

ਦੱਸ ਦਈਏ ਕਿ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪਹਿਲੀ ਵੋਟ ਪਾਈ।ਸਵੇਰੇ 11:20 ਵਜੇ ਤੱਕ ਚੋਣ ਲਈ 25 ਵੋਟਾਂ ਪਈਆਂ ਹਨ।ਵੋਟਿੰਗ ਅੱਜ ਸ਼ਾਮ 4 ਵਜੇ ਤੱਕ ਜਾਰੀ ਰਹੇਗੀ ਅਤੇ ਗਿਣਤੀ ਸ਼ਾਮ 5 ਵਜੇ ਸ਼ੁਰੂ ਹੋਵੇਗੀ। ਇਸ ਤੋਂ ਬਾਅਦ ਨਤੀਜੇ ਐਲਾਨੇ ਜਾਣਗੇ।

ਭਾਜਪਾ ਨੇ ਸੰਜੇ ਭਾਟੀਆ ਨੂੰ ਨਾਮਜ਼ਦ ਕੀਤਾ ਹੈ, ਜਦਕਿ ਕਾਂਗਰਸ ਨੇ ਕਰਮਵੀਰ ਬੌਧ ਨੂੰ ਨਾਮਜ਼ਦ ਕੀਤਾ ਹੈ। ਭਾਜਪਾ ਨੇਤਾ ਸਤੀਸ਼ ਨੰਦਲ ਇੱਕ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ। ਇੰਡੀਅਨ ਨੈਸ਼ਨਲ ਲੋਕ ਦਲ (INLD) ਦੇ ਸੁਪਰੀਮੋ ਅਭੈ ਚੌਟਾਲਾ ਨੇ ਦੁਪਹਿਰ 12 ਵਜੇ ਪ੍ਰੈਸ ਕਾਨਫਰੰਸ ਬੁਲਾਈ ਹੈ। ਇਸ ਵਿੱਚ ਉਹ ਆਪਣੀ ਪਾਰਟੀ ਦਾ ਸਟੈਂਡ ਸਪੱਸ਼ਟ ਕਰਨਗੇ। ਪਾਰਟੀ ਦੇ ਦੋ ਵਿਧਾਇਕ ਹਨ, ਜਿਨ੍ਹਾਂ ਵਿੱਚ ਅਭੈ ਚੌਟਾਲਾ ਦੇ ਬੇਟੇ ਅਰਜੁਨ ਚੌਟਾਲਾ ਅਤੇ ਆਦਿਤਿਆ ਦੇਵੀਲਾਲ ਸ਼ਾਮਲ ਹਨ।

ਇਸ ਤੋਂ ਇਲਾਵਾ ਊਰਜਾ ਮੰਤਰੀ ਅਨਿਲ ਵਿੱਜ ਅੰਬਾਲਾ ਵਿੱਚ ਆਪਣੇ ਘਰ ਤੋਂ ਗੱਡੀ ਤੱਕ ਵ੍ਹੀਲਚੇਅਰ ‘ਤੇ ਪਹੁੰਚੇ। ਉਨ੍ਹਾਂ ਕਿਹਾ ਕਿ ਵੋਟ ਪਾਉਣ ਜਰੂਰ ਜਾਵਾਂਗਾ, ਭਾਵੇਂ ਮੈਂ ਸਟ੍ਰੈਚਰ ‘ਤੇ ਜਾਵਾਂ ਜਾਂ ਵ੍ਹੀਲਚੇਅਰ ‘ਤੇ। ਦੱਸ ਦਈਏ ਕਿ ਬੀਤੇ ਦਿਨੀ ਬਾਥਰੂਮ ਵਿੱਚ ਫਿਸਲਣ ਕਾਰਨ ਉਨ੍ਹਾਂ ਦੇ ਦੋਵਾਂ ਪੈਰਾਂ ਵਿੱਚ ਫ੍ਰੈਕਚਰ ਹੋ ਗਿਆ ਸੀ ਜਿਸ ਕਾਰਨ ਉਨ੍ਹਾਂ ਦੇ ਪੈਰਾਂ ‘ਤੇ ਪਲਾਸਟਰ ਚੜ੍ਹਿਆ ਹੋਇਆ ਹੈ।

ਜ਼ਿਕਰਯੋਗ ਹੈ ਕਿ ਜੇਕਰ ਸਾਰੇ ਦੇ ਸਾਰੇ 90 ਵਿਧਾਇਕ ਆਪਣੀਆਂ ਵੋਟਾਂ ਪਾਉਂਦੇ ਹਨ, ਤਾਂ ਇੱਕ ਉਮੀਦਵਾਰ ਨੂੰ ਜਿੱਤਣ ਲਈ 31 ਵੋਟਾਂ ਦੀ ਲੋੜ ਹੋਵੇਗੀ। ਵਰਤਮਾਨ ਵਿੱਚ ਕਾਂਗਰਸ ਅਤੇ ਭਾਜਪਾ ਇੱਕ-ਇੱਕ ਸੀਟ ਜਿੱਤਦੇ ਦਿਖਾਈ ਦਿੰਦੇ ਹਨ। ਆਜ਼ਾਦ ਉਮੀਦਵਾਰ ਨੰਦਲ ਨੂੰ ਸਿਰਫ਼ ਤਾਂ ਹੀ ਫਾਇਦਾ ਹੋ ਸਕਦਾ ਹੈ ਜੇਕਰ ਕਰਾਸ-ਵੋਟਿੰਗ ਜਾਂ ਵੋਟ ਰੱਦ ਕੀਤੀ ਜਾਂਦੀ ਹੈ। ਦੂਜੇ ਪਾਸੇ ਵਿਧਾਨ ਸਭਾ ਦਾ ਬਜਟ ਸੈਸ਼ਨ ਦੁਪਹਿਰ 2 ਵਜੇ ਸ਼ੁਰੂ ਹੋਵੇਗਾ। ਮੰਨਿਆ ਜਾ ਰਿਹਾ ਹੈ ਕਿ ਇਸ ਤੋਂ ਪਹਿਲਾਂ ਸਾਰੇ ਵਿਧਾਇਕ ਆਪਣੀ ਵੋਟ ਪਾ ਦੇਣਗੇ।

 

Share This Article
Leave a Comment