ਚੰਡੀਗੜ੍ਹ : ਹਰਿਆਣਾ ਵਿੱਚ ਨਗਰ ਨਿਗਮ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ। ਹਰਿਆਣਾ ਚੋਣ ਕਮਿਸ਼ਨ ਨੇ ਪ੍ਰੈੱਸ ਕਾਨਫਰੰਸ ਕਰਕੇ ਦੱਸਿਆ ਕਿ ਸੋਨੀਪਤ, ਪੰਚਕੂਲਾ ਅਤੇ ਅੰਬਾਲਾ ਨਗਰ ਨਿਗਮ ਵਿੱਚ 10 ਮਈ ਨੂੰ ਵੋਟਿੰਗ ਹੋਵੇਗੀ ਅਤੇ 13 ਮਈ ਨੂੰ ਨਤੀਜੇ ਆਉਣਗੇ।
ਰਾਜ ਚੋਣ ਕਮਿਸ਼ਨਰ ਦੇਵੇਂਦਰ ਕਲਿਆਣ ਨੇ ਦੱਸਿਆ ਕਿ ਪੰਚਾਇਤਾਂ ਦੀਆਂ ਜ਼ਿਮਨੀ ਚੋਣਾਂ ਵੀ ਨਗਰ ਨਿਗਮਾਂ ਦੇ ਨਾਲ ਹੀ ਹੋਣਗੀਆਂ। ਪਾਣੀਪਤ ਅਤੇ ਕਰਨਾਲ ਜ਼ਿਲ੍ਹਾ ਪ੍ਰੀਸ਼ਦ ਦੇ 1-1 ਵਾਰਡ, 12 ਬਲਾਕ ਸੰਮਤੀ ਮੈਂਬਰਾਂ, 29 ਸਰਪੰਚਾਂ ਅਤੇ 485 ਪੰਚਾਂ ਲਈ ਵੋਟਿੰਗ ਹੋਵੇਗੀ। ਚੋਣਾਂ ਦੇ ਐਲਾਨ ਦੇ ਨਾਲ ਹੀ ਸਾਰੀਆਂ ਥਾਵਾਂ ‘ਤੇ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ। ਪੰਚਾਇਤੀ ਰਾਜ ਦੇ ਨਤੀਜੇ ਵੋਟਿੰਗ ਵਾਲੇ ਦਿਨ ਯਾਨੀ 10 ਮਈ ਨੂੰ ਹੀ ਆ ਜਾਣਗੇ।
ਚੋਣ ਡਿਊਟੀ ਕਰਨ ਵਾਲੇ ਕਰਮਚਾਰੀਆਂ ਨੂੰ ਹੁਣ ਕੇਂਦਰੀ ਚੋਣ ਕਮਿਸ਼ਨ ਵੱਲੋਂ ਤੈਅ ਦਰਾਂ ਦੇ ਬਰਾਬਰ ਮਾਣਭੱਤਾ ਮਿਲੇਗਾ। ਵੋਟਿੰਗ EVM ਰਾਹੀਂ ਹੋਵੇਗੀ, ਪਰ ਵੀਵੀਪੈਟ (VVPAT) ਦੀ ਵਰਤੋਂ ਨਹੀਂ ਕੀਤੀ ਜਾਵੇਗੀ। ਰਾਜ ਚੋਣ ਕਮਿਸ਼ਨਰ ਦੇਵੇਂਦਰ ਕਲਿਆਣ ਨੇ ਸਪੱਸ਼ਟ ਕੀਤਾ ਕਿ ਅੱਜ ਤੋਂ ਹੀ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ।
ਆਦਰਸ਼ ਚੋਣ ਜ਼ਾਬਤਾ ਸਿਰਫ਼ ਉੱਥੇ ਹੀ ਲਾਗੂ ਹੋਵੇਗਾ, ਜਿੱਥੇ ਚੋਣਾਂ ਹੋਣੀਆਂ ਹਨ। ਪੰਚਕੂਲਾ ਵਿੱਚ 14 ਅਪ੍ਰੈਲ ਨੂੰ ਅੰਬੇਡਕਰ ਜਯੰਤੀ ‘ਤੇ ਰਾਜ ਪੱਧਰੀ ਪ੍ਰੋਗਰਾਮ ਪ੍ਰਸਤਾਵਿਤ ਹੈ, ਇਸ ਦੇ ਲਈ ਵੀ ਹੁਣ ਚੋਣ ਅਧਿਕਾਰੀ ਤੋਂ ਇਜਾਜ਼ਤ ਲੈਣੀ ਪਵੇਗੀ। ਆਦਰਸ਼ ਚੋਣ ਜ਼ਾਬਤੇ ਦੇ ਲਾਗੂ ਹੋਣ ਨਾਲ ਜਿਨ੍ਹਾਂ ਕਰਮਚਾਰੀਆਂ ਦੀ ਡਿਊਟੀ ਚੋਣਾਂ ਵਿੱਚ ਲੱਗੀ ਹੈ, ਉਨ੍ਹਾਂ ਦੇ ਤਬਾਦਲਿਆਂ ‘ਤੇ ਰੋਕ ਲਗਾ ਦਿੱਤੀ ਗਈ ਹੈ। ਇਸ ਸਬੰਧੀ ਮੁੱਖ ਸਕੱਤਰ (ਚੀਫ ਸੈਕ੍ਰੇਟਰੀ) ਨੂੰ ਪੱਤਰ ਲਿਖਿਆ ਗਿਆ ਹੈ।
ਪਹਿਲਾਂ ਨਿਯਮ ਸੀ ਕਿ ਨੋਟਾ ਨੂੰ ਸਭ ਤੋਂ ਵੱਧ ਵੋਟਾਂ ਮਿਲਣ ਦੀ ਸਥਿਤੀ ਵਿੱਚ ਨੋਟਾ ਜੇਤੂ ਬਣਦਾ ਸੀ, ਯਾਨੀ ਦੁਬਾਰਾ ਚੋਣ ਕਰਵਾਉਣ ਦੀ ਵਿਵਸਥਾ ਸੀ। ਇਸ ਵਾਰ ਅਜਿਹਾ ਨਹੀਂ ਹੋਵੇਗਾ। ਸਗੋਂ ਨੋਟਾ ਦੀਆਂ ਵੋਟਾਂ ਕੱਢ ਕੇ ਜਿਸ ਉਮੀਦਵਾਰ ਨੂੰ ਸਭ ਤੋਂ ਵੱਧ ਵੋਟਾਂ ਮਿਲਣਗੀਆਂ, ਉਸ ਨੂੰ ਜੇਤੂ ਐਲਾਨਿਆ ਜਾਵੇਗਾ। ਯਾਨੀ ਨੋਟਾ ਚੋਣ ਨਤੀਜਿਆਂ ‘ਤੇ ਕੋਈ ਅਸਰ ਨਹੀਂ ਪਾ ਸਕੇਗਾ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ

