ਸੋਨੀਪਤ ਵਿੱਚ ਮੀਂਹ ਬਣਿਆ ਕਾਲ: ਭਾਰੀ ਬਾਰਿਸ਼ ਕਾਰਨ ਡਿੱਗੀ ਘਰ ਦੀ ਛੱਤ; ਦਰਾਣੀ-ਜਠਾਣੀ ਦੀ ਮੌਤ

Global Team
3 Min Read

ਹਰਿਆਣਾ : ਸੋਨੀਪਤ ਵਿੱਚ ਗੋਹਾਨਾ ਦੇ ਪਿੰਡ ਮਹਿਮੂਦਪੁਰ ਵਿੱਚ ਇੱਕ ਪਰਿਵਾਰ ‘ਤੇ ਬਾਰਸ਼ ਕਾਲ ਬਣ ਕੇ ਵਰ੍ਹੀ। ਲਗਾਤਾਰ ਹੋ ਰਹੀ ਬਾਰਸ਼ ਦਰਮਿਆਨ ਇੱਕ ਪੁਰਾਣੇ ਅਤੇ ਖ਼ਸਤਾਹਾਲ ਮਕਾਨ ਦੀ ਛੱਤ ਡਿੱਗਣ ਕਾਰਨ ਜਠਾਣੀ-ਦਰਾਣੀ ਦੀ ਦਰਦਨਾਕ ਮੌਤ ਹੋ ਗਈ।

ਮਿਲੀ ਜਾਣਕਾਰੀ ਅਨੁਸਾਰ ਬਿਮਲਾ (55) ਅਤੇ ਸੁਨੀਲ ਰਾਣੀ (52) ਕਮਰੇ ਵਿੱਚ ਮੰਜੇ ‘ਤੇ ਸੁੱਤੀਆਂ ਹੋਈਆਂ ਸਨ, ਅਚਾਨਕ ਹੀ ਭਾਰੀ ਗਾਡਰ , ਮਿੱਟੀ ਅਤੇ ਇੱਟਾਂ ਉਨ੍ਹਾਂ ਦੇ ਉੱਪਰ ਆ ਡਿੱਗੀਆਂ, ਜਿਸ ਕਾਰਨ ਦੋਵਾਂ ਦੀ ਮੌਕੇ ‘ਤੇ ਹੀ ਜਾਨ ਚਲੀ ਗਈ। ਸਵੇਰੇ ਕਰੀਬ ਸਾਢੇ ਚਾਰ ਵਜੇ ਜਦੋਂ ਪਰਿਵਾਰ ਵਾਲੇ ਉਨ੍ਹਾਂ ਨੂੰ ਜਗਾਉਣ ਪਹੁੰਚੇ ਤਾਂ ਦੋਵੇਂ ਮਲਬੇ ਹੇਠ ਦੱਬੀਆਂ ਮਿਲੀਆਂ।

ਪਿੰਡ ਵਾਸਿਆਂ ਅਤੇ ਪਰਿਵਾਰ ਵਾਲਿਆਂ ਨੇ ਕਾਫ਼ੀ ਮੁਸ਼ੱਕਤ ਤੋਂ ਬਾਅਦ ਲਾਸ਼ਾਂ ਨੂੰ ਬਾਹਰ ਕੱਢਿਆ। ਬਿਮਲਾ ਦਾ ਕੋਈ ਪੁੱਤਰ ਨਹੀਂ ਸੀ, ਇਸ ਲਈ ਸੁਨੀਲ ਰਾਣੀ ਨੇ ਆਪਣਾ ਪੁੱਤਰ ਦੀਪਕ ਉਨ੍ਹਾਂ ਨੂੰ ਗੋਦ ਦਿੱਤਾ ਹੋਇਆ ਸੀ। ਘਟਨਾ ਦੀ ਸੂਚਨਾ ਮਿਲਣ ‘ਤੇ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਖਾਨਪੁਰ ਮੈਡੀਕਲ ਕਾਲਜ ਭੇਜ ਦਿੱਤਾ। ਮੁਢਲੀ ਜਾਂਚ ਵਿੱਚ ਪੁਲਿਸ ਇਸ ਨੂੰ ਖ਼ਸਤਾਹਾਲ ਮਕਾਨ ਦੀ ਛੱਤ ਡਿੱਗਣ ਕਾਰਨ ਹੋਇਆ ਹਾਦਸਾ ਮੰਨ ਰਹੀ ਹੈ ਅਤੇ ਮਾਮਲੇ ਦੀ ਜਾਂਚ ਕਰ ਰਹੀ ਹੈ।

ਦੱਸ ਦਈਏ ਕਿ ਹਰਿਆਣਾ ਵਿੱਚ ਮਾਨਸੂਨ ਐਕਟਿਵ ਹੋ ਚੁੱਕਾ ਹੈ। ਅੱਜ ਸਵੇਰੇ ਵੀ ਗੁਰੂਗ੍ਰਾਮ, ਫਰੀਦਾਬਾਦ, ਪਾਣੀਪਤ ਅਤੇ ਸੋਨੀਪਤ ਵਿੱਚ ਰੁਕ-ਰੁਕ ਕੇ ਬਾਰਸ਼ ਹੋਈ। ਮੌਸਮ ਵਿਗਿਆਨ ਕੇਂਦਰ, ਚੰਡੀਗੜ੍ਹ ਅਨੁਸਾਰ ਅਗਲੇ ਦੋ ਤੋਂ ਤਿੰਨ ਦਿਨਾਂ ਵਿੱਚ ਮਾਨਸੂਨ ਪੂਰੇ ਹਰਿਆਣਾ ਅਤੇ ਪੰਜਾਬ ਨੂੰ ਕਵਰ ਕਰ ਲਵੇਗਾ। ਬੀਤੇ ਕੱਲ੍ਹ, ਮੰਗਲਵਾਰ ਨੂੰ ਗੁਰੂਗ੍ਰਾਮ ਦਾ ਵੱਧ ਤੋਂ ਵੱਧ ਤਾਪਮਾਨ ਡਿੱਗ ਕੇ 28 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਕਿ ਆਮ ਨਾਲੋਂ 10 ਡਿਗਰੀ ਘੱਟ ਰਿਹਾ।

ਸੋਨੀਪਤ ‘ਚ ਜੀਟੀ ਰੋਡ ‘ਤੇ ਫੁੱਟ ਓਵਰਬ੍ਰਿਜ ਨਿਰਮਾਣ ਲਈ ਪੁੱਟੇ ਗਏ 15 ਫੁੱਟ ਡੂੰਘੇ ਖੱਡੇ ਵਿੱਚ ਬਾਰਸ਼ ਦਾ ਪਾਣੀ ਭਰ ਗਿਆ। ਇਸ ਵਿੱਚ ਡੁੱਬਣ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਗਈ। ਪੁਲਿਸ ਨੇ ਲਾਸ਼ ਨੂੰ ਬਾਹਰ ਕੱਢ ਲਿਆ ਹੈ, ਪਰ ਅਜੇ ਤੱਕ ਉਸਦੀ ਪਛਾਣ ਨਹੀਂ ਹੋ ਸਕੀ ਹੈ।

 

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment