ਚੰਡੀਗੜ੍ਹ: ਹਰਿਆਣਾ ਸਰਕਾਰ ਨੇ ਪਾਰਟ ਟਾਈਮ ਅਤੇ ਰੋਜ਼ਾਨਾ ਵੇਤਨਭੋਗੀ ਕਰਮਚਾਰੀਆਂ ਦੀਆਂ ਤਨਖਾਹ ਦਰਾਂ ਵਿੱਚ ਸੋਧ ਕੀਤੀ ਹੈ। ਨਵੀਂ ਦਰਾਂ 1 ਜਨਵਰੀ 2025 ਤੋਂ ਲਾਗੂ ਹੋਣਗੀਆਂ।
ਮੁੱਖ ਸਕੱਤਰ ਅਨੁਰਾਗ ਰਸਤੋਗੀ ਵੱਲੋਂ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ।
ਸੋਧੇ ਅਨੁਸਾਰ ਦੋ ਤਨਖਾਹ ਸਲੇਬ ਤੈਅ ਕੀਤੇ ਗਏ ਹਨ। ਹਰਿਆਣਾ ਕੌਸ਼ਲ ਰੁਜ਼ਗਾਰ ਨਿਗਮ ਅਨੁਸਾਰ, ਜੇਕਰ ਕਿਸੇ ਕਰਮਚਾਰੀ ਦੀ ਮਹੀਨਾਵਾਰ ਤਨਖਾਹ 19,900 ਰੁਪਏ ਹੈ, ਤਾਂ ਉਸ ਦੀ ਰੋਜ਼ਾਨਾ ਤਨਖਾਹ 765 ਰੁਪਏ ਅਤੇ ਪ੍ਰਤੀ ਘੰਟਾ 96 ਰੁਪਏ ਨਿਰਧਾਰਤ ਕੀਤੀ ਗਈ ਹੈ। ਜੇਕਰ ਉਹ ਇੱਕ ਘੰਟਾ ਰੋਜ਼ਾਨਾ ਕੰਮ ਕਰਦਾ ਹੈ, ਤਾਂ ਉਸ ਨੂੰ 2,487 ਰੁਪਏ ਮਹੀਨਾਵਾਰ ਤਨਖਾਹ ਮਿਲੇਗੀ।
ਇਸੇ ਤਰ੍ਹਾਂ, ਜੇਕਰ ਕਿਸੇ ਹੋਰ ਕਰਮਚਾਰੀ ਦੀ ਤਨਖਾਹ 24,100 ਰੁਪਏ ਹੈ, ਤਾਂ ਉਸ ਦਾ ਰੋਜ਼ਾਨਾ ਵੇਤਨ 927 ਰੁਪਏ ਅਤੇ ਪ੍ਰਤੀ ਘੰਟਾ 116 ਰੁਪਏ ਹੋਵੇਗਾ। ਇੱਕ ਘੰਟਾ ਰੋਜ਼ਾਨਾ ਕੰਮ ਕਰਨ ਉੱਤੇ, ਉਸਨੂੰ 3,012 ਰੁਪਏ ਪ੍ਰਤੀ ਮਹੀਨਾ ਤਨਖਾਹ ਮਿਲੇਗੀ।
ਗਰੁੱਪ ਸੀ ਅਤੇ ਡੀ ਦੇ ਰੈਗੂਲਰ ਕਰਮਚਾਰੀਆਂ ਨੂੰ ਪ੍ਰਤੀਪੂਰਵਕ ਛੁੱਟੀ ਦੀ ਸਹੂਲਤ
ਸਰਕਾਰ ਨੇ ਹਰਿਆਣਾ ਸਿਵਲ ਸੇਵਾ (ਛੁੱਟੀ) ਨਿਯਮ, 2016 ਵਿੱਚ ਸੋਧ ਕਰਦਿਆਂ ਗਰੁੱਪ ‘ਸੀ’ ਅਤੇ ‘ਡੀ’ ਦੇ ਨਿਯਮਤ ਕਰਮਚਾਰੀਆਂ ਲਈ ਪ੍ਰਤੀਪੂਰਵਕ ਛੁੱਟੀ (compensatory leave) ਦੇ ਨਿਯਮ ਜਾਰੀ ਕੀਤੇ ਹਨ।
ਨਵੇਂ ਨਿਯਮਾਂ ਤਹਿਤ, ਜੇਕਰ ਕੋਈ ਕਰਮਚਾਰੀ ਨੋਟੀਫਾਇਡ ਛੁੱਟੀ ਵਾਲੇ ਦਿਨ ਅਧਿਕਾਰਕ ਡਿਊਟੀ ਕਰਦਾ ਹੈ, ਤਾਂ ਉਹ ਇੱਕ ਮਹੀਨੇ ਦੇ ਅੰਦਰ-ਅੰਦਰ ਪ੍ਰਤੀਪੂਰਵਕ ਛੁੱਟੀ ਲੈ ਸਕਦਾ ਹੈ। ਇਹ ਛੁੱਟੀ ਹੋਰ ਕਿਸੇ ਛੁੱਟੀ ਜਾਂ ਸਟੇਸ਼ਨ ਲੀਵ ਨਾਲ ਜੋੜੀ ਜਾ ਸਕਦੀ ਹੈ, ਪਰ ਕੁੱਲ ਅਵਧੀ 16 ਦਿਨ ਤੋਂ ਵੱਧ ਨਹੀਂ ਹੋ ਸਕਦੀ।
ਜੇਕਰ ਪ੍ਰਤੀਪੂਰਵਕ ਛੁੱਟੀ ਲਈ ਦਿੱਤੀ ਬਿਨੈ ਅਧਿਕਾਰੀ ਵੱਲੋਂ ਨਾਮੰਜ਼ੂਰ ਕਰ ਦਿੱਤੀ ਜਾਂਦੀ ਹੈ, ਤਾਂ ਅਗਲੇ 15 ਦਿਨਾਂ ਅੰਦਰ ਇਸ ਛੁੱਟੀ ਦੀ ਵਰਤੋਂ ਕੀਤੀ ਜਾ ਸਕਦੀ ਹੈ, ਨਹੀਂ ਤਾਂ ਇਹ ਮਿਆਦ ਖਤਮ ਮੰਨੀ ਜਾਵੇਗੀ। ਹਾਲਾਂਕਿ, ਜੇਕਰ ਉਸ ਦਿਨ ਲਈ ਮਾਲੀ ਪ੍ਰੋਤਸਾਹਨ ਦਿੱਤਾ ਗਿਆ ਹੋਵੇ ਜਾਂ ਪ੍ਰਸਤਾਵਿਤ ਹੋਵੇ, ਤਾਂ ਇਹ ਛੁੱਟੀ ਨਹੀਂ ਦਿੱਤੀ ਜਾਵੇਗੀ।
ਮਹਿਲਾ ਕਰਮਚਾਰੀਆਂ ਲਈ ਆਕਸਮਿਕ ਛੁੱਟੀਆਂ ਵਿੱਚ ਵਾਧਾ
ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਕਰਕੇ ਨਿਯਮਤ ਮਹਿਲਾ ਕਰਮਚਾਰੀਆਂ ਲਈ ਕੈਲੇਂਡਰ ਸਾਲ ਅਧੀਨ ਆਕਸਮਿਕ ਛੁੱਟੀਆਂ ਦੀ ਗਿਣਤੀ 20 ਤੋਂ ਵਧਾ ਕੇ 25 ਕਰ ਦਿੱਤੀ ਗਈ ਹੈ। ਨਿਯੁਕਤੀ ਦੀ ਤਾਰੀਖ ਦੇ ਅਧਾਰ ‘ਤੇ ਛੁੱਟੀਆਂ ਹੇਠ ਲਿਖੇ ਤਰੀਕੇ ਨਾਲ ਮਿਲਣਗੀਆਂ:
30 ਜੂਨ ਤੋਂ ਪਹਿਲਾਂ ਨਿਯੁਕਤ:
ਮਹਿਲਾ: 25 ਛੁੱਟੀਆਂ
ਪੁਰਸ਼: 10 ਛੁੱਟੀਆਂ
1 ਜੁਲਾਈ ਤੋਂ 30 ਸਤੰਬਰ ਤੱਕ ਨਿਯੁਕਤ:
ਮਹਿਲਾ: 12 ਛੁੱਟੀਆਂ
ਪੁਰਸ਼: 5 ਛੁੱਟੀਆਂ
1 ਅਕਤੂਬਰ ਤੋਂ 30 ਨਵੰਬਰ ਤੱਕ ਨਿਯੁਕਤ:
ਮਹਿਲਾ: 6 ਛੁੱਟੀਆਂ
ਪੁਰਸ਼: 2 ਛੁੱਟੀਆਂ
1 ਦਸੰਬਰ ਤੋਂ ਬਾਅਦ ਨਿਯੁਕਤ:
ਮਹਿਲਾ: 3 ਛੁੱਟੀਆਂ
ਪੁਰਸ਼: 1 ਛੁੱਟੀ
ਲੰਬੀ ਸੇਵਾ ਵਾਲਿਆਂ ਲਈ ਵਾਧੂ ਆਕਸਮਿਕ ਛੁੱਟੀ
10 ਸਾਲ ਦੀ ਸੇਵਾ ਪੂਰੀ ਕਰਨ ‘ਤੇ ਪੁਰਸ਼ ਕਰਮਚਾਰੀਆਂ ਨੂੰ 10 ਵਾਧੂ ਆਕਸਮਿਕ ਛੁੱਟੀਆਂ ਮਿਲਣਗੀਆਂ।
20 ਸਾਲ ਦੀ ਸੇਵਾ ਤੋਂ ਬਾਅਦ ਇਹ ਗਿਣਤੀ 20 ਹੋ ਜਾਵੇਗੀ। ਜੋ ਕਰਮਚਾਰੀ ਜਿਸ ਸਾਲ ਇਹ ਮੀਲ ਪੱਥਰ ਪੂਰਾ ਕਰੇਗਾ, ਉਹ ਉਸੇ ਸਾਲ ਤੋਂ ਇਹ ਛੁੱਟੀਆਂ ਲੈ ਸਕੇਗਾ।
ਮ੍ਰਿਤਕ ਕਰਮਚਾਰੀਆਂ ਦੇ ਪਰਿਵਾਰਾਂ ਲਈ ਆਵਾਸੀ ਸੁਵਿਧਾਵਾਂ
ਸੇਵਾ ਦੌਰਾਨ ਕਰਮਚਾਰੀ ਦੀ ਮੌਤ ਹੋਣ ਦੀ ਸਥਿਤੀ ਵਿੱਚ, ਪਰਿਵਾਰ ਨੂੰ ਚੋਣ ਦੇ ਤੌਰ ‘ਤੇ ਜਾਂ ਤਾਂ 2 ਸਾਲ ਲਈ ਕਿਰਾਇਆ ਭੱਤਾ ਮਿਲੇਗਾ ਜਾਂ ਆਮ ਲਾਇਸੈਂਸ ਫੀਸ ਦੇ ਭੁਗਤਾਨ ਉੱਤੇ ਸਰਕਾਰੀ ਆਵਾਸ ਰੱਖਣ ਦੀ ਇਜਾਜ਼ਤ ਮਿਲੇਗੀ। ਜੇਕਰ ਪਰਿਵਾਰ ਆਪਣੀ ਇੱਛਾ ਨਾਲ ਆਵਾਸ ਛੱਡ ਦੇਵੇ, ਤਾਂ ਬਾਕੀ ਸਮੇਂ ਲਈ ਕਿਰਾਇਆ ਭੱਤਾ ਨਹੀਂ ਦਿੱਤਾ ਜਾਵੇਗਾ।
ਆਊਟਸੋਰਸ ਕਰਮਚਾਰੀਆਂ ਦੇ ਠੇਕਿਆਂ ਦੀ ਮਿਆਦ ਵਧੀ
ਹਰਿਆਣਾ ਸਰਕਾਰ ਨੇ ਆਊਟਸੋਰਸਿੰਗ ਪਾਲਿਸੀ ਭਾਗ-2 ਤਹਿਤ ਵਿਭਾਗਾਂ, ਬੋਰਡਾਂ ਅਤੇ ਨਿਗਮਾਂ ਵਿੱਚ ਕੰਮ ਕਰ ਰਹੇ ਕਰਮਚਾਰੀਆਂ ਦੇ ਠੇਕੇ ਦੀ ਮਿਆਦ ਇੱਕ ਮਹੀਨੇ ਲਈ ਵਧਾ ਕੇ 31 ਜੁਲਾਈ 2025 ਤੱਕ ਕਰ ਦਿੱਤੀ ਹੈ।