ਮਹਿੰਦਰਗੜ੍ਹ: ਹਰਿਆਣਾ ਦੇ ਮਹਿੰਦਰਗੜ੍ਹ ਜ਼ਿਲ੍ਹੇ ਦੇ ਨਾਂਗਲ ਚੌਧਰੀ ਖੇਤਰ ਵਿੱਚ ਸਥਿਤ ਇੰਟੀਗ੍ਰੇਟੇਡ ਮਲਟੀ-ਮੌਡਲ ਲੌਜਿਸਟਿਕਸ ਹੱਬ ਤੋਂ ਪਹਿਲੀ ਮਾਲ ਗੱਡੀ ਰਵਾਨਾ ਹੋ ਗਈ ਹੈ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਐਤਵਾਰ ਨੂੰ ਹੱਬ ਦੇ ਨਵੇਂ ਬਣੇ ਰੇਲ ਯਾਰਡ ਤੋਂ ਪਹਿਲੀ ਮਾਲ ਗੱਡੀ ਨੂੰ ਹਰੀ ਝੰਡੀ ਦਿਖਾਈ। ਇਸ ਮੌਕੇ ਉਦਯੋਗ ਅਤੇ ਵਣਜ ਮੰਤਰੀ ਰਾਓ ਨਰਬੀਰ ਸਿੰਘ ਸਮੇਤ ਕਈ ਆਗੂ ਅਤੇ ਅਧਿਕਾਰੀ ਮੌਜੂਦ ਰਹੇ।
280 ਕਰੋੜ ਦੀ ਲਾਗਤ ਨਾਲ ਰੇਲ ਕਨੈਕਟੀਵਿਟੀ
ਇਸ ਰੇਲ ਕਨੈਕਟੀਵਿਟੀ ਨੂੰ ਲਗਭਗ 280 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਹੈ। ਮੁੱਖ ਮੰਤਰੀ ਨੇ ਇਸ ਸ਼ੁਰੂਆਤ ਨੂੰ ਹਰਿਆਣਾ ਨੂੰ ਦੇਸ਼ ਦੇ ਪ੍ਰਮੁੱਖ ਲੌਜਿਸਟਿਕਸ ਨੈਟਵਰਕ ਨਾਲ ਜੋੜਨ ਵੱਲ ਇੱਕ ਮਹੱਤਵਪੂਰਨ ਕਦਮ ਦੱਸਿਆ।
1300 ਕਰੋੜ ਦਾ ਪ੍ਰੋਜੈਕਟ, 20 ਲੱਖ ਕੰਟੇਨਰਾਂ ਦੀ ਸਮਰੱਥਾ
ਮੁੱਖ ਮੰਤਰੀ ਮੁਤਾਬਕ, ਪ੍ਰੋਜੈਕਟ ਦਾ ਪਹਿਲਾ ਪੜਾਅ ਲਗਭਗ 408 ਏਕੜ ਖੇਤਰ ਵਿੱਚ ਵਿਕਸਤ ਕੀਤਾ ਜਾ ਰਿਹਾ ਹੈ ਅਤੇ ਇਸ ’ਤੇ ਕੁੱਲ 1300 ਕਰੋੜ ਰੁਪਏ ਦੀ ਲਾਗਤ ਆ ਰਹੀ ਹੈ। ਇਹ ਦੇਸ਼ ਦੀਆਂ 50 ਪ੍ਰਮੁੱਖ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਵਿੱਚ ਸ਼ਾਮਲ ਹੈ। ਪੂਰਾ ਹੋਣ ਤੋਂ ਬਾਅਦ ਇਸ ਹੱਬ ਵਿੱਚ ਹਰ ਸਾਲ ਲਗਭਗ 20 ਲੱਖ ਕੰਟੇਨਰਾਂ ਨੂੰ ਸੰਭਾਲਣ ਦੀ ਸਮਰੱਥਾ ਹੋਵੇਗੀ।
ਉਦਯੋਗਾਂ ਅਤੇ ਵਪਾਰ ਨੂੰ ਮਿਲੇਗਾ ਸਿੱਧਾ ਫਾਇਦਾ
ਇਸ ਪ੍ਰੋਜੈਕਟ ਨਾਲ ਆਟੋਮੋਬਾਈਲ, ਮਸ਼ੀਨਰੀ, ਗਾਰਮੈਂਟਸ ਅਤੇ ਖੇਤੀਬਾੜੀ ਉਤਪਾਦਾਂ ਵਰਗੇ ਖੇਤਰਾਂ ਨੂੰ ਸਿੱਧਾ ਫਾਇਦਾ ਮਿਲਣ ਦੀ ਉਮੀਦ ਹੈ। ਨਾਂਗਲ ਚੌਧਰੀ ਦਾ ਇਹ ਹੱਬ ਰੇਲ ਅਤੇ ਸੜਕ ਸੰਪਰਕ ਨੂੰ ਜੋੜਦਾ ਹੈ। ਇਸ ਨਾਲ ਪੱਛਮੀ ਬੰਦਰਗਾਹਾਂ ਤੋਂ ਐਨਸੀਆਰ ਤੱਕ ਮਾਲ ਦੀ ਆਵਾਜਾਈ ਤੇਜ਼, ਆਸਾਨ ਅਤੇ ਕਿਫ਼ਾਇਤੀ ਬਣੇਗੀ।
ਰੁਜ਼ਗਾਰ ਅਤੇ ਨਿਵੇਸ਼ ਦੇ ਨਵੇਂ ਮੌਕੇ
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹੱਬ ਦੇ ਸੰਚਾਲਨ ਨਾਲ ਪੂਰੇ ਖੇਤਰ ਵਿੱਚ ਵਪਾਰ ਅਤੇ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ। ਸਰਕਾਰ ਵੱਲੋਂ ਬਿਜਲੀ, ਪਾਣੀ ਅਤੇ ਸੜਕ ਵਰਗੀਆਂ ਬੁਨਿਆਦੀ ਸਹੂਲਤਾਂ ਪਹਿਲਾਂ ਹੀ ਮੁਹੱਈਆ ਕਰਵਾਈਆਂ ਜਾ ਚੁੱਕੀਆਂ ਹਨ।
ਉਨ੍ਹਾਂ ਉਦਯੋਗਪਤੀਆਂ ਅਤੇ ਨਿਵੇਸ਼ਕਾਂ ਨੂੰ ਪਬਲਿਕ-ਪ੍ਰਾਈਵੇਟ ਪਾਰਟਨਰਸ਼ਿਪ ਮਾਡਲ ਤਹਿਤ ਅੱਗੇ ਆਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਸ ਰਾਹੀਂ ਹਰਿਆਣਾ ਦੀ ਉਦਯੋਗਿਕ ਯਾਤਰਾ ਵਿੱਚ ਹੋਰ ਤੇਜ਼ੀ ਲਿਆਂਦੀ ਜਾ ਸਕਦੀ ਹੈ।
ਕਈ ਵਿਭਾਗਾਂ ਵੱਲੋਂ ਸਾਂਝੇ ਤੌਰ ’ਤੇ ਕੀਤਾ ਗਿਆ ਆਯੋਜਨ
ਇਸ ਰਾਜ ਪੱਧਰੀ ਪ੍ਰੋਗਰਾਮ ਦਾ ਆਯੋਜਨ ਹਰਿਆਣਾ ਸਰਕਾਰ ਦੇ ਉਦਯੋਗ ਅਤੇ ਵਣਜ ਵਿਭਾਗ, ਹਰਿਆਣਾ ਰਾਜ ਉਦਯੋਗਿਕ ਅਤੇ ਬੁਨਿਆਦੀ ਢਾਂਚਾ ਵਿਕਾਸ ਨਿਗਮ ਅਤੇ ਰੇਲ ਮੰਤਰਾਲੇ ਦੇ ਉਪਕ੍ਰਮ ਡੈਡੀਕੇਟਡ ਫ੍ਰੇਟ ਕੌਰੀਡੋਰ ਕਾਰਪੋਰੇਸ਼ਨ ਆਫ਼ ਇੰਡੀਆ ਲਿਮਟਿਡ ਵੱਲੋਂ ਸਾਂਝੇ ਤੌਰ ’ਤੇ ਕੀਤਾ ਗਿਆ।

