ਭਿਵਾਨੀ : ਪੰਜਾਬ ਅਤੇ ਹਰਿਆਣਾ ਦੇ ਕਿਸਾਨ ਖੇਤੀ ਕਾਨੂੰਨ ਦਾ ਵਿਰੋਧ ਕਰ ਰਹੇ ਹਨ ਤਾਂ ਇਸ ਵਿਚਾਲੇ ਹਰਿਆਣਾ ‘ਚ ਬੀਜੇਪੀ ਵੱਲੋਂ ਇਕ ਨਵੀਂ ਰਣਨੀਤੀ ਉਲੀਕੀ ਗਈ। ਹਰਿਆਣਾ ਦੇ ਖੇਤੀ ਅਤੇ ਪਸ਼ੂ ਪਾਲਣ ਮੰਤਰੀ ਜੇਪੀ ਦਲਾਲ ਅੱਜ ਐਸਵਾਈਐਲ ਮੁੱਦੇ ‘ਤੇ ਭੁੱਖ ਹੜਤਾਲ ਕਰਨਗੇ। ਜੇਪੀ ਦਲਾਲ ਹੁੱਡਾ ਪਾਰਕ ਭਵਾਨੀ ਵਿੱਚ ਅੱਜ ਸਵੇਰੇ ਤੋਂ ਸ਼ਾਮ 5 ਵਜੇ ਤੱਕ ਵਰਤ ਰੱਖਣਗੇ ਅਤੇ ਮੰਗ ਕਰਨਗੇ ਕਿ ਪੰਜਾਬ ਐਸਵਾਈਐਲ ਦਾ ਪਾਣੀ ਹਰਿਆਣਾ ਨੂੰ ਦੇਵੇ। ਇਸ ਭੁੱਖ ਹੜਤਾਲ ਨੂੰ ਲੈ ਕੇ ਬੀਜੇਪੀ ਨੇ ਵੱਡੇ ਪੱਧਰ ‘ਤੇ ਪ੍ਰਚਾਰ ਕੀਤਾ ਸੀ ਅਤੇ ਲੋਕਾਂ ਨੂੰ ਵੱਧ ਤੋਂ ਵੱਧ ਸ਼ਾਮਲ ਹੋਣ ਲਈ ਕਿਹਾ ਸੀ।
ਐਸਵਾਈਐਲ ਦੇ ਪਾਣੀ ਦੀ ਮੰਗ ਨੂੰ ਲੈ ਕੇ ਬੀਜੇਪੀ ਵੱਲੋਂ ਰੱਖੀ ਗਈ ਭੁੱਖ ਹੜਤਾਲ ‘ਤੇ ਕਿਸਾਨ ਜਥੇਬੰਦੀਆਂ ਨੇ ਇਤਰਾਜ਼ ਜਤਾਇਆ ਹੈ। ਕਿਸਾਨਾਂ ਨੇ ਕਿਹਾ ਹੈ ਕਿ ਬੀਜੇਪੀ ਖੇਤੀ ਕਾਨੂੰਨ ਖ਼ਿਲਾਫ਼ ਹੋ ਰਹੇ ਪ੍ਰਦਰਸ਼ਨ ਤੋਂ ਲੋਕਾਂ ਦਾ ਧਿਆਨ ਭਟਕਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਅੱਜ ਪੂਰੇ ਦੇਸ਼ ਵਿਚ ਮੁੱਦਾ ਖੇਤੀ ਕਾਨੂੰਨ ਦਾ ਬਣਿਆ ਹੋਇਆ ਹੈ। ਪਰ ਬੀਜੇਪੀ ਐਸਵਾਈਐਲ ਦੇ ਮੁੱਦੇ ਨੂੰ ਬਿਨਾਂ ਕਿਸੇ ਕਾਰਨ ਤੋਂ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ।