ਜਗਤਾਰ ਸਿੰਘ ਸਿੱਧੂ;
ਅਕਾਲੀ ਦਲ ਵਕਫ ਸੋਧ ਬਿੱਲ ਦੇ ਮੁੱਦੇ ਉਪਰ ਘੱਟ ਗਿਣਤੀਆਂ ਦੇ ਹੱਕ ਵਿਚ ਡੱਟ ਕੇ ਖੜ ਗਿਆ ਹੈ। ਕੇਵਲ ਐਨਾ ਨਹੀਂ ਸਗੋਂ ਪਾਰਲੀਮੈਂਟ ਅੰਦਰ ਅਕਾਲੀ ਦਲ ਦੇ ਇਕਲੌਤੇ ਪਾਰਲੀਮੈਂਟ ਮੈਂਬਰ ਬੀਬਾ ਹਰਸਿਮਰਤ ਕੌਰ ਬਾਦਲ ਨੇ ਭਾਜਪਾ ਨੂੰ ਨਿਸ਼ਾਨੇ ਉਤੇ ਲੈਂਦਿਆਂ ਕਿਹਾ ਹੈ ਕਿ ਵਕਫ ਬੋਰਡ ਦੇ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਦਰ ਸਿੱਧਾ ਸਰਕਾਰੀ ਦਖਲ/ ਦਬਾਅ ਦਾ ਪ੍ਰੋਗਰਾਮ ਹੈ। ਹਰਸਿਮਰਤ ਬਾਦਲ ਦਾ ਕਹਿਣਾ ਹੈ ਕਿ ਪੰਜਾਬ ਦੇ ਬਾਹਰ ਸਿੱਖਾਂ ਦੇ ਧਾਰਮਿਕ ਅਸਥਾਨਾਂ ਦੇ ਪ੍ਰਬੰਧਕੀ ਬੋਰਡ ਵਿੱਚ ਦਖਲ ਬਾਅਦ ਹੁਣ ਪੰਜਾਬ ਏਜੰਡੇ ਤੇ ਹੈ।
ਅਕਾਲੀ ਦਲ ਸਿੱਖ ਭਾਈਚਾਰੇ ਦੀ ਨੁਮਾਇੰਦਗੀ ਕਰਨ ਵਾਲੀ ਇਕੋਇਕ ਜਮਾਤ ਹੈ। ਬੇਸ਼ੱਕ ਮੌਜੂਦਾ ਸਮੇਂ ਵਿੱਚ ਅਕਾਲੀ ਦਲ ਨੂੰ ਵੀ ਲੀਡਰਸ਼ਿਪ ਦੇ ਸਵਾਲ ਉੱਤੇ ਕਈ ਵਿਰੋਧਤਾਈਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਇਹ ਵੀ ਸਪੱਸ਼ਟ ਹੈ ਕਿ ਖੇਤਰੀ ਪਾਰਟੀ ਵਜੋਂ ਅਕਾਲੀ ਦਲ ਦਾ ਕੋਈ ਬਦਲ ਨਹੀਂ ਹੈ। ਕੋਈ ਸਮਾਂ ਸੀ ਜਦੋਂ ਭਾਜਪਾ ਕੋਲ ਪਾਰਲੀਮੈਂਟ ਅੰਦਰ ਕੋਈ ਤਾਕਤ ਨਹੀਂ ਸੀ ਅਤੇ ਅਕਾਲੀ ਆਗੂ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਭਾਜਪਾ ਨਾਲ ਡੱਟਕੇ ਖੜ੍ਹਾ ਹੋ ਗਿਆ। ਇਹ ਸੁਨੇਹਾ ਵੀ ਪੂਰੇ ਮੁਲਕ ਵਿੱਚ ਗਿਆ ਕਿ ਭਾਜਪਾ ਘੱਟ ਗਿਣਤੀਆਂ ਦੇ ਨਾਲ ਖੜ੍ਹੀ ਹੈ। ਦਰਬਾਰ ਸਾਹਿਬ ਉਤੇ ਫੌਜੀ ਹਮਲੇ ਅਤੇ ਚੌਰਾਸੀ ਦੇ ਦੇਸ਼ ਅੰਦਰ ਸਿੱਖ ਕਤਲੇਆਮ ਵਰਗੇ ਸੰਵੇਦਨਸ਼ੀਲ ਮਾਮਲਿਆਂ ਨੇ ਕਾਂਗਰਸ ਨੂੰ ਪੂਰੀ ਤਰ੍ਹਾਂ ਸਿੱਖਾਂ ਲਈ ਨਫ਼ਰਤ ਦਾ ਪਾਤਰ ਬਣਾ ਦਿੱਤਾ। ਅਜਿਹੀ ਸਥਿਤੀ ਵਿਚ ਅਕਾਲੀ ਦਲ ਭਾਜਪਾ ਗੱਠਜੋੜ ਜਿਥੇ ਪੰਜਾਬ ਵਿਚ ਲੰਮਾਂ ਸਮਾਂ ਸਰਕਾਰ ਤੇ ਕਾਬਜ਼ ਰਿਹਾ ਉਥੇ ਕੌਮੀ ਪੱਧਰ ਤੇ ਅਕਾਲੀ ਦਲ ਭਾਜਪਾ ਦੇ ਨਾਲ ਮਜ਼ਬੂਤ ਧਿਰ ਬਣਕੇ ਖੜ੍ਹਾ।
ਹੁਣ ਅਕਾਲੀ ਦਲ ਦੇ ਹੀ ਪਾਰਲੀਮੈਂਟ ਮੈਂਬਰ ਬੀਬਾ ਹਰਸਿਮਰਤ ਬਾਦਲ ਵਲੋਂ ਵਕਫ ਸੋਧ ਬਿੱਲ ਉੱਤੇ ਬੋਲਦਿਆਂ ਕਿਹਾ ਕਿ ਜੇਕਰ ਤੁਹਾਨੂੰ ਘੱਟ ਗਿਣਤੀਆਂ ਦੇ ਹਿੱਤਾਂ ਦੀ ਐਨੀ ਚਿੰਤਾ ਹੈ ਤਾਂ ਆਰਟੀਕਲ ਦੀ ਧਾਰਾ 25 ਦੀ ਸੋਧ ਬਾਰੇ ਬਿੱਲ ਲੈ ਕੇ ਆਉ ਤਾਂ ਅਸੀਂ ਸਾਰੇ ਹਮਾਇਤ ਕਰਾਂਗੇ ਕਿਉਂ ਜੋ ਅਸੀਂ ਹਿੰਦੂ ਨਹੀਂ ਅਤੇ ਇਸ ਸੋਧ ਨਾਲ ਸੰਵਿਧਾਨ ਵਿੱਚ ਸਿੱਖ ਦੀ ਪਹਿਚਾਣ ਅੰਕਤ ਹੋਵੇਗੀ। ਹਰਸਿਮਰਤ ਬਾਦਲ ਨੇ ਸਵਾਲ ਕੀਤਾ ਕਿ ਭਾਜਪਾ ਨੂੰ ਮੁਸਲਮਾਨਾਂ ਦੀ ਐਨੀ ਚਿੰਤਾ ਕਿਉਂ ਹੈ ਜਦੋਂ ਕਿ ਭਾਜਪਾ ਅਤੇ ਉਸ ਦੀਆਂ ਹਮਾਇਤੀ ਧਿਰਾਂ ਨੂੰ ਛੱਡਕੇ ਪਾਰਲੀਮੈਂਟ ਦਾ ਕੋਈ ਵੀ ਮੁਸਲਿਮ ਮੈਂਬਰ ਵਕਫ ਸੋਧ ਬਿੱਲ ਦੇ ਹੱਕ ਵਿੱਚ ਨਹੀਂ ਹੈ!
ਖੈਰ, ਲੋਕ ਸਭਾ ਵਾਂਗ ਰਾਜ ਸਭਾ ਨੇ ਵੀ ਲੰਮੀ ਬਹਿਸ ਬਾਅਦ ਵਕਫ ਸੋਧ ਬਿੱਲ ਨੂੰ ਪਾਸ ਕਰ ਦਿੱਤਾ। ਕਾਂਗਰਸ ਦਾ ਦਾਅਵਾ ਹੈ ਕਿ ਇਸ ਬਿੱਲ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਜਾਵੇਗੀ।
ਇਸੇ ਦੌਰਾਨ ਮੁਸਲਿਮ ਭਾਈਚਾਰੇ ਦੇ ਵਫਦ ਵਲੋਂ ਅੱਜ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨਾਲ ਮੁਲਾਕਾਤ ਵੀ ਅਹਿਮ ਹੈ। ਬੇਸ਼ੱਕ ਵਫ਼ਦ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਇਹ ਸਤਿਕਾਰ ਵਜੋਂ ਰਸਮੀ ਮੁਲਾਕਾਤ ਸੀ ਪਰ ਵਕਫ ਸੋਧ ਬਿੱਲ ਦੇ ਸਿਲਸਿਲੇ ਵਿੱਚ ਇਸ ਮੁਲਾਕਾਤ ਨੂੰ ਅਹਿਮੀਅਤ ਦਿੱਤੀ ਜਾ ਰਹੀ ਹੈ ਕਿਉਂਕਿ ਘੱਟ ਗਿਣਤੀਆਂ ਦੇ ਹੱਕਾਂ ਦਾ ਮੁੱਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਉਠਾਇਆ ਹੈ।
ਸੰਪਰਕ: 9914002186