ਨਵੀਂ ਦਿੱਲੀ: ਖੇਤੀ ਕਾਨੂੰਨਾਂ ਨੂੰ ਲੈ ਕੇ ਅੱਜ ਹਰਸਿਮਰਤ ਕੌਰ ਬਾਦਲ ਵੱਲੋਂ ਲੋਕਸਭਾ ‘ਚ ਭਾਸ਼ਣ ਦਿੱਤਾ ਗਿਆ। ਇਸ ਦੌਰਾਨ ਹਰਸਿਮਰਤ ਕੌਰ ਬਾਦਲ ਨੇ ਕੇਂਦਰ ਸਰਕਾਰ ਖਿਲਾਫ਼ ਖੂਬ ਭੜਾਸ ਕੱਢੀ। ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਸਰਕਾਰ ਦੇ ਅੜੀਅਲ ਰਵੱਈਏ ਕਾਰਨ ਦੇਸ਼ ਬਰਬਾਦ ਹੋ ਜਾਵੇਗਾ। ਅੱਜ ਦੇਸ਼ ਦਾ ਕਿਸਾਨ ਸੜਕਾਂ ‘ਤੇ ਬੈਠਾ ਹੋਇਆ। ਦਿੱਲੀ ਦੀਆਂ ਸਰਹੱਦਾਂ ‘ਤੇ ਕਿਸਾਨਾਂ ਦਾ ਅੰਦੋਲਨ ਲਗਤਾਰ ਜਾਰੀ ਹੈ। ਪਰ ਸਰਕਾਰ ਕਿਸਾਨਾਂ ਦੇ ਅੰਦੋਲਨ ਨੂੰ ਸਮਝ ਨਹੀਂ ਰਹੀ। ਕੇਂਦਰ ਸਰਕਾਰ ਦੀ ਵਜ੍ਹਾ ਨਾਲ ਇਹ ਅੰਦੋਲਨ ਵੱਡਾ ਹੋਇਆ ਹੈ।
ਇਸ ਤੋਂ ਇਲਾਵਾ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਦਿੱਲੀ ਦੀਆਂ ਸਰਹੱਦਾਂ ‘ਤੇ ਬਜ਼ੁਰਗ ਮਹਿਲਾਵਾਂ ਵੀ ਡਟੀਆਂ ਹੋਈਆਂ ਹਨ। 200 ਤੋਂ ਵੱਧ ਕਿਸਾਨ ਸ਼ਹੀਦ ਹੋ ਗਏ ਹਨ। ਪਰ ਪ੍ਰਧਾਨ ਮੰਤਰੀ ਮੋਦੀ ਨੇ ਉਹਨਾਂ ਪ੍ਰਤੀ ਇੱਕ ਵੀ ਸ਼ਬਦ ਨਹੀਂ ਸਾਂਝਾ ਕੀਤਾ। ਇਸ ਦੌਰਾਨ ਹਰਸਿਮਰਤ ਕੌਰ ਬਾਦਲ ਨੇ ਕੈਪਟਨ ਸਰਕਾਰ ‘ਤੇ ਵਰ੍ਹਦੇ ਹੋਏ ਕਿਹਾ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਨੇ ਪੈਰਵੀ ਕੀਤੀ ਹੁੰਦੀ ਤਾਂ ਕਿਸਾਨ ਸ਼ਹੀਦ ਨਾ ਹੁੰਦੇ। ਇਸ ਦੇ ਨਾਲ ਹੀ ਬਾਦਲ ਨੇ ਕਿਹਾ ਕਿ 26 ਜਨਵਰੀ ਦੀ ਹਿੰਸਾ ਨੂੰ ਰੋਕਿਆ ਜਾ ਸਕਦਾ ਸੀ, ਪਰ ਦਿੱਲੀ ਪੁਲਿਸ ਨੇ ਸਖ਼ਤੀ ਨਹੀਂ ਕੀਤੀ ਉਲਟਾ ਭੀੜ ਨੂੰ ਲਾਲ ਕਿਲ੍ਹੇ ਵੱਲ ਜਾਣ ਦਿੱਤਾ। ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਕਿਸਾਨ ਸਰਹੱਦਾਂ ‘ਤੇ ਏ.ਕੇ-47, ਨਹੀਂ ਉਮੀਦ ਲੈ ਕੇ ਬੈਠੇ ਹੋਏ ਹਨ। ਇਸ ਲਈ ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਨੂੰ ਮੰਨੇ ਅਤੇ ਉਹਨਾਂ ਦੇ ਹੱਕ ਦੇਵੇ।
It is shocking that Prime Minister @narendramodi called the ‘annadaata’ a parasite. I condemned this in the #parliament https://t.co/yTxx7brAOL
— Harsimrat Kaur Badal (@HarsimratBadal_) February 9, 2021