ਕਿਸਾਨਾਂ ਦੇ ਸਿਰ ਪਾੜਨ ਦਾ ਆਦੇਸ਼ ਦੇਣ ਵਾਲੇ SDM ‘ਤੇ ਭੜਕੀ ਹਰਸਿਮਰਤ ਬਾਦਲ, ਕਿਹਾ, ‘ਉਹ ਗੁਨਾਹਗਾਰ ਕਿਵੇਂ ਨਹੀਂ ਹੈ?’

TeamGlobalPunjab
2 Min Read

ਚੰਡੀਗੜ੍ਹ : ਹਰਿਆਣਾ ’ਚ ਕਿਸਾਨਾਂ ਦਾ ਪ੍ਰਦਰਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਕਰਨਾਲ ਦੇ SDM ਵਲੋਂ ਸਖ਼ਤ ਐਕਸ਼ਨ ਲੈਣ ਦੀ ਗੱਲ ਕਹਿੰਦੇ ਹੋਏ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ, ਜਿਸ ਤੋਂ ਬਾਅਦ ਲੋਕਾਂ ਵਲੋਂ ਰੋਸ ਪ੍ਰਗਟ ਕੀਤਾ ਜਾ ਰਿਹਾ ਹੈ। ਹਰਸਿਮਰਤ ਕੌਰ ਬਾਦਲ ਵਲੋਂ ਟਵਿੱਟਰ ‘ਤੇ ਇੱਕ ਵੀਡੀਓ ਸਾਂਝੀ ਕੀਤੀ ਗਈ ਹੈ, ਜਿਸ ’ਚ ਉਨ੍ਹਾਂ ਨੇ ਕਿਸਾਨਾਂ ਦੇ ਹੱਕ ’ਚ ਬੋਲਦਿਆਂ SDM ਵਲੋਂ ਕੀਤੀ ਗਈ ਕਾਰਵਾਈ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ।

ਹਰਸਿਮਰਤ ਬਾਦਲ ਨੇ ਟਵੀਟ ਕਰ ਲਿਖਿਆ, ‘ਉਹ ਗੁਨਾਹਗਾਰ ਕਿਵੇਂ ਨਹੀਂ ਹੈ? ਕਰਨਾਲ ਦੇ ਐੱਸਡੀਐਮ ਦਾ ਵੀਡੀਓ ਹੀ ਉਸ ਵਿਰੁੱਧ ਐਫ਼.ਆਈ.ਆਰ. ਤੇ ਨੌਕਰੀ ਤੋਂ ਬਰਖ਼ਾਸਤਗੀ ਲਈ ਬਹੁਤ ਵੱਡਾ ਸਬੂਤ ਹੈ, ਜਿਸ ‘ਚ ਉਹ ਪੁਲਿਸ ਨੂੰ ਹੁਕਮ ਚਾੜ੍ਹਦਾ ਹੋਇਆ ਕਹਿ ਰਿਹਾ ਹੈ, “ਇਨ ਕਿਸਾਨੋਂ ਕਾ ਸਰ ਫੋੜ ਦੋ।” ਉਨ੍ਹਾਂ ਲਿਖਿਆ ਕਿ ਕਿਸਾਨ ਜ਼ਖਮਾਂ ਦੀ ਤਾਬ ਨਾ ਸਹਾਰਦਾ ਹੋਇਆ ਇੱਕ ਕਿਸਾਨ ਪਹਿਲਾਂ ਹੀ ਦਮ ਤੋੜ ਚੁੱਕਿਆ ਹੈ। ਅਦਾਲਤ ਨੂੰ ਬਿਨਾਂ ਹੋਰ ਸਮਾਂ ਗਵਾਏ ਆਪਣੇ ਆਧਾਰ ‘ਤੇ ਹੀ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਪਹਿਲਾਂ ਭਾਰਤ ਸਰਕਾਰ ਅੰਨਦਾਤਾ ਨੂੰ ਅਪਮਾਨਜਨਕ ਨਾਂਅ ਲੈ ਕੇ ਭੰਡਦੀ ਰਹੀ, ਅਤੇ ਹੁਣ ਸ਼ਰੇਆਮ ਉਨ੍ਹਾਂ ‘ਤੇ ਹਿੰਸਕ ਤਸ਼ੱਦਦ ਦੀ ਆਗਿਆ ਦੇ ਰਹੀ ਹੈ। ਸੰਸਾਰ ਦੇ ਸਭ ਤੋਂ ਵੱਡੇ ਲੋਕਤੰਤਰ ਵਿੱਚ ਇਹ ਬੇਹੱਦ ਘਿਨਾਉਣਾ ਵਰਤਾਰਾ ਹੈ!’

ਜ਼ਿਕਰਯੋਗ ਹੈ ਕਿ ਹਰਿਆਣਾ ’ਚ ਕਿਸਾਨਾਂ ਦੇ ਪ੍ਰਦਰਸ਼ਨ ਤੋਂ ਪਹਿਲਾਂ ਕਰਨਾਲ ਦੇ SDM ਆਯੁਸ਼ ਸਿਨਹਾ ਨੇ ਵਾਇਰਲ ਵੀਡੀਓ ’ਚ ਸਖ਼ਤ ਐਕਸ਼ਨ ਲੈਣ ਦੀ ਗੱਲ ਕਹਿੰਦੇ ਹੋਏ ਨਜ਼ਰ ਆਏ ਹਨ।

Share This Article
Leave a Comment