ਰਾਜੇ ਨੇ ਕੋਰੋਨਾ ਦੀ ਆੜ ‘ਚ ਕਲੰਕਿਤ ਕੀਤਾ ਲੋਕਤੰਤਰ: ਹਰਪਾਲ ਚੀਮਾ

TeamGlobalPunjab
4 Min Read

ਚੰਡੀਗੜ੍ਹ: ਮਹਿਜ਼ 2 ਘੰਟਿਆਂ ‘ਚ ਨਿਪਟਾਏ ਪੰਜਾਬ ਵਿਧਾਨ ਸਭਾ ਦੇ ਇੱਕ-ਰੋਜ਼ਾ ਇਜਲਾਸ ਨੂੰ ਲੋਕਾਂ ਅਤੇ ਲੋਕਤੰਤਰ ਦੀ ਤੌਹੀਨ ਕਰਾਰ ਦਿੰਦੇ ਹੋਏ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਰਾਜਾ ਅਮਰਿੰਦਰ ਸਿੰਘ ਨੇ ਕੋਰੋਨਾ ਦੀ ਆੜ ‘ਚ ਲੋਕਤੰਤਰ ਹੀ ਕਲੰਕਿਤ ਕਰਕੇ ਰੱਖ ਦਿੱਤਾ, ਫਲਸਰੂਪ ਅੱਜ ਦੇ ਦਿਨ ਨੂੰ ਲੋਕਤੰਤਰ ‘ਚ ਕਾਲੇ ਦਿਨ ਵਜੋਂ ਯਾਦ ਕੀਤਾ ਜਾਵੇਗਾ। ਹਰਪਾਲ ਸਿੰਘ ਚੀਮਾ ਆਪਣੇ ਸਾਥੀ ਵਿਧਾਇਕਾਂ ਨਾਲ ਪੰਜਾਬ ਭਵਨ ਮੂਹਰੇ ਧਰਨੇ ‘ਤੇ ਬੈਠੇ ਹੋਏ ਮੀਡੀਆ ਨੂੰ ਪ੍ਰਤੀਕਰਮ ਦੇ ਰਹੇ ਸਨ।

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕੋਰੋਨਾ ਸਮੇਤ ਲੋਕਾਂ ਦੇ ਭਖਵੇਂ ਮੁੱਦਿਆਂ ‘ਤੇ ਅਮਰਿੰਦਰ ਸਿੰਘ ਸਰਕਾਰ ਮੁੱਖ ਵਿਰੋਧੀ ਧਿਰ (ਆਪ) ਦਾ ਸਾਹਮਣਾ ਕਰਨ ਤੋਂ ਭੱਜੀ ਹੈ, ਕਿਉਂਕਿ ਆਪਣੇ ਪੌਣੇ ਚਾਰ ਸਾਲਾਂ ਦੇ ਕੁਸ਼ਾਸਨ ਦੌਰਾਨ ‘ਮੋਤੀਆਂ ਵਾਲੀ ਸਰਕਾਰ’ ਕੋਰੋਨਾ ਸਮੇਤ ਹਰ ਫ਼ਰੰਟ ‘ਤੇ ਬੁਰੀ ਤਰਾਂ ਫ਼ੇਲ ਹੋਈ ਹੈ।

ਹਰਪਾਲ ਸਿੰਘ ਚੀਮਾ ਨੇ ਕਿਹਾ, ‘‘ਅਸੀਂ ਕੋਰੋਨਾ ਦੀਆਂ ਨੈਗੇਟਿਵ ਰਿਪੋਰਟਾਂ ਨਾਲ ਲੈ ਕੇ ਆਏ ਸੀ, ਪਰੰਤੂ ਇਹ ਕਹਿੰਦੇ ਹੋਏ ਅੰਦਰ ਨਹੀਂ ਜਾਣ ਦਿੱਤਾ ਗਿਆ ਕਿ ਤੁਹਾਡਾ ਇੱਕ ਸਕਿਉੁਰਿਟੀ ਗਾਰਡ ਕੋਰੋਨਾ ਪੋਜੇਟਿਵ ਆਇਆ ਹੈ, ਜਦਕਿ ਮੁੱਖ ਮੰਤਰੀ ਦੇ ਖ਼ੁਦ ਦੇ ਇੱਕ ਦਰਜਨ ਤੋਂ ਵੱਧ ਗੰਨਮੈਨ ਕੋਰੋਨਾ ਪੋਜੇਟਿਵ ਨਿਕਲੇ ਸਨ। ਇਸੇ ਤਰਾਂ ਦੀ ਬੇਤੁਕੀ ਦਲੀਲ ਨਾਲ ਵਿਰੋਧੀ ਧਿਰ ਦੀ ਉਪ ਨੇਤਾ ਬੀਬੀ ਸਰਬਜੀਤ ਕੌਰ ਮਾਣੂੰਕੇ ਅਤੇ ਮੀਤ ਹੇਅਰ ਨੂੰ ਰੋਕ ਦਿੱਤਾ ਗਿਆ। ਇਹ ਵਿਰੋਧੀ ਧਿਰ ਦੀ ਆਵਾਜ਼ ਦਬਾਉਣ ਦੀ ਕੋਝੀ ਕੋਸ਼ਿਸ਼ ਹੈ। ਜਿਸ ਦਾ ਜਵਾਬ ਲੋਕਾਂ ਦੀ ਕਚਹਿਰੀ ‘ਚ ਲਿਆ ਜਾਵੇਗਾ।’’

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਖੇਤੀ ਵਿਰੋਧੀ ਆਰਡੀਨੈਂਸ, ਕੇਂਦਰੀ ਬਿਜਲੀ ਸੋਧ ਬਿਲ ਅਤੇ ਪੰਜਾਬ ਦੇ ਪਾਣੀ ਅਤੇ ਐਸਵਾਈਐਲ ਵਰਗੇ ਅਜਿਹੇ ਅਹਿਮ ਅਤੇ ਸੰਵੇਦਨਸ਼ੀਲ ਮੁੱਦੇ ਸਨ, ਜਿੰਨਾ ‘ਤੇ ਸਦਨ ‘ਚ ਅਕਾਲੀ ਦਲ (ਬਾਦਲ) ਅਤੇ ਭਾਜਪਾ ਦੀ ਮੌਜੂਦਗੀ ਬੇਹੱਦ ਜ਼ਰੂਰੀ ਸੀ ਤਾਂ ਬਾਦਲਾਂ ਅਤੇ ਭਾਜਪਾ ਦਾ ਦੋਗਲਾ ਸਟੈਂਡ ਜੱਗ ਜ਼ਾਹਿਰ ਹੁੰਦਾ ਅਤੇ ਸਦਨ ਦੇ ਰਿਕਾਰਡ ‘ਤੇ ਦਰਜ ਹੁੰਦਾ, ਪਰੰਤੂ ਰਾਜੇ ਨੇ ਬਾਦਲਾਂ ਨਾਲ ਸੈਟਿੰਗ ਕਰਕੇ ਜਿੱਥੇ ਬਾਦਲਾਂ ਨੂੰ ਸਦਨ ‘ਚੋਂ ਬਾਹਰ ਰਹਿਣ ਦਾ ਮੌਕਾ ਦਿੱਤਾ, ਉੱਥੇ ਮੇਰੇ (ਨੇਤਾ ਵਿਰੋਧੀ ਧਿਰ) ਸਮੇਤ ‘ਆਪ’ ਦੇ ਵਿਧਾਇਕਾਂ ਨੂੰ ਅੰਦਰ ਨਹੀਂ ਆਉਣ ਦਿੱਤਾ।

- Advertisement -

‘ਆਪ’ ਨੇ ਜਿੱਥੇ ਸਰਕਾਰ ਨੂੰ ਸ਼ਰਾਬ, ਸਿੱਖਿਆ, ਰੇਤ ਸਮੇਤ ਬਹੁਭਾਂਤੀ ਮਾਫ਼ੀਏ ‘ਤੇ ਘਰਿਆ ਉੱਥੇ ਬਹੁ ਕਰੋੜੀ ਵਜ਼ੀਫ਼ਾ ਘੁਟਾਲੇ ‘ਚ ਫਸੇ ਸਾਧੂ ਸਿੰਘ ਧਰਮਸੋਤ ਨੂੰ ਅਜੇ ਤੱਕ ਮੰਤਰੀ ਮੰਡਲ ‘ਚੋਂ ਬਰਖ਼ਾਸਤ ਨਾ ਕਰਨ ਲਈ ਮੁੱਖ ਮੰਤਰੀ ‘ਤੇ ਸਵਾਲ ਉਠਾਏ।

ਇਸ ਮੌਕੇ ਉਨਾਂ ਨਾਲ ‘ਆਪ’ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ, ਪੰਜਾਬ ਦੇ ਇੰਚਾਰਜ ਜਰਨੈਲ ਸਿੰਘ, ਬੀਬੀ ਸਰਬਜੀਤ ਕੌਰ, ਅਮਨ ਅਰੋੜਾ, ਕੁਲਤਾਰ ਸਿੰਘ ਸੰਧਵਾਂ, ਪ੍ਰੋ. ਬਲਜਿੰਦਰ ਕੌਰ, ਮੀਤ ਹੇਅਰ, ਜੈ ਸਿੰਘ ਰੋੜੀ ਅਤੇ ਮਾਸਟਰ ਬਲਦੇਵ ਸਿੰਘ (ਸਾਰੇ ਵਿਧਾਇਕ) ਵੀ ਸਰਕਾਰ ਵਿਰੁੱਧ ਧਰਨੇ ‘ਤੇ ਬੈਠੇ ਹੋਏ ਸਨ।
ਬਾੱਕਸ ਲਈ ਕੋਰੋਨਾ ਰੋਕਣ ਲਈ ਲੋੜੀਂਦੇ ਪ੍ਰਬੰਧ ਕਰਨ ਦੀ ਥਾਂ ਯਮਰਾਜ ਬਣ ਕੇ ਲੋਕਾਂ ਨੂੰ ਡਰਾ ਰਹੇ ਹਨ ਮੁੱਖ ਮੰਤਰੀ-ਭਗਵੰਤ ਮਾਨ ਚੰਡੀਗੜ- ‘ਆਪ’ ਵਿਧਾਇਕਾਂ ਦੇ ਧਰਨੇ ‘ਚ ਪਹੁੰਚੇ ਭਗਵੰਤ ਮਾਨ ਨੇ ਸਿੱਧਾ ਮੁੱਖ ਮੰਤਰੀ ਨੂੰ ਨਿਸ਼ਾਨਾਂ ਬਣਾਉਂਦੇ ਹੋਏ ਕਿਹਾ ਕਿ ਪਿਛਲੇ ਪੌਣੇ ਚਾਰ ਸਾਲਾਂ ਤੋਂ ‘ਇਕਾਂਤਵਾਸ’ ‘ਚ ਬੈਠੇ ਰਾਜਾ ਅਮਰਿੰਦਰ ਸਿੰਘ ਕੋਰੋਨਾ ਵਿਰੁੱਧ ਲੋੜੀਂਦੇ ਪ੍ਰਬੰਧ ਕਰਨ ਤੋਂ ਬੁਰੀ ਤਰਾਂ ਫ਼ੇਲ ਰਹੇ ਹਨ ਅਤੇ ਹੁਣ ‘ਯਮਰਾਜ’ ਵਾਂਗ ਲੋਕਾਂ ‘ਚ ਦਹਿਸ਼ਤ ਫੈਲਾ ਰਹੇ ਹਨ ਕਿ ਕੋਰੋਨਾ ਨਾਲ ਐਨੀ ਤਰੀਖ ਤੱਕ ਐਨੇ ਵਿਅਕਤੀਆਂ ਦੀ ਮੌਤ ਹੋ ਜਾਵੇਗੀ।

ਭਗਵੰਤ ਮਾਨ ਨੇ ਕਿਹਾ ਕਿ ਜਿੱਥੇ ਬਾਦਲਾਂ ਨੇ ਹਰਸਿਮਰਤ ਕੌਰ ਬਾਦਲ ਦੀ ਇੱਕ ਕੁਰਸੀ ਪਿੱਛੇ ਅਕਾਲੀ ਦਲ ਦੇ ਸਾਰੇ ਸਿਧਾਂਤ ਅਤੇ ਪੰਜਾਬ ਦੇ ਹਿੱਤਾਂ ਦਾ ਸੌਦਾ ਕੀਤਾ ਹੈ, ਉੱਥੇ ਰਾਜੇ ਨੇ ਬਾਦਲਾਂ ਦੇ ਮਾਫ਼ੀਆ ਰਾਜ ਦੀ ਖ਼ੁਦ ਕਮਾਨ ਸੰਭਾਲ ਕੇ ਬਹੁਤਰਫੀ ਲੁੱਟ ਦੇ ਰਿਕਾਰਡ ਤੋੜ ਦਿੱਤੇ ਹਨ।

ਦੂਜੇ ਪਾਸੇ ਇੱਕ ਵੀ ਚੋਣ ਵਾਅਦਾ ਪੂਰਾ ਨਹੀਂ ਕੀਤਾ। ਸ੍ਰੀ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਬੇਅਦਬੀਆਂ ਸਮੇਤ ਨਸੇ ਦੇ ਤਸਕਰਾਂ ਨੂੰ ਸਲਾਖਾਂ ਪਿੱਛੇ ਸੁੱਟਣ ਦੀਆਂ ਗਲਾਂ ਕਰਨ ਵਾਲੇ ਰਾਜਾ ਅਮਰਿੰਦਰ ਸਿੰਘ ਨੇ ਇੱਕ ਤੋਂ ਬਾਅਦ ਇੱਕ ਕਰਕੇ ਕਈ-ਕਈ ਸਿਟਾਂ (ਸਪੈਸ਼ਲ ਜਾਂਚ ਟੀਮਾਂ) ਗਠਿਤ ਕੀਤੀਆਂ ਪਰੰਤੂ ਸਭ ਦਾ ਸਿੱਟਾ ਸਿਫਰ ਰਿਹਾ, ਕਿਉਂਕਿ ਰਾਜਾ ਬਾਦਲਾਂ ਸਮੇਤ ਸਾਰੇ ਦੋਸ਼ੀਆਂ ਅਤੇ ਮਾਫ਼ੀਆ ਨੂੰ ਬਚਾਉਣ ‘ਤੇ ਲੱਗਿਆ ਹੋਇਆ ਹੈ।

Share this Article
Leave a comment