ਹੁਸ਼ਿਆਰਪੁਰ : 26 ਜਨਵਰੀ ਨੂੰ ਦਿੱਲੀ ਵਿੱਚ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਤੋਂ ਬਾਅਦ ਸੰਯੁਕਤ ਕਿਸਾਨ ਮੋਰਚਾ ਨੇ ਕੁਝ ਕਿਸਾਨ ਲੀਡਰਾਂ ‘ਤੇ ਸਖ਼ਤ ਕਾਰਵਾਈ ਕੀਤੀ ਸੀ। ਜਿਸ ਦੇ ਤਹਿਤ ਆਜ਼ਾਦ ਕਿਸਾਨ ਕਮੇਟੀ ਦੋਆਬਾ ਦੇ ਪ੍ਰਧਾਨ ਹਰਪਾਲ ਸਿੰਘ ਸੰਘਾ ਨੂੰ ਵੀ ਮੁਅੱਤਲ ਕਰ ਦਿੱਤਾ ਗਿਆ ਸੀ। ਹੁਣ ਸੰਯੁਕਤ ਕਿਸਾਨ ਮੋਰਚਾ ਨੇ ਹਰਪਾਲ ਸਿੰਘ ਸੰਘਾ ਦੀ ਬਹਾਲੀ ਕਰ ਦਿੱਤੀ ਹੈ। ਸੰਯੁਕਤ ਕਿਸਾਨ ਮੋਰਚਾ ਨੇ ਹਰਪਾਲ ਸਿੰਘ ਸੰਘਾ ਤੋਂ ਪਰੇਡ ਸਬੰਧੀ ਸਪਸ਼ਟੀਕਰਨ ਦੇਣ ਲਈ ਕਿਹਾ ਸੀ। ਹਰਪਾਲ ਸੰਘਾ ਨੇ ਕਿਹਾ ਕਿ 26 ਜਨਵਰੀ ਨੂੰ ਪਰੇਡ ਦੌਰਾਨ ਉਹ ਅਣਜਾਣਪੁਣੇ ‘ਚ ਦਿੱਲੀ ਦੇ ਉਹਨਾਂ ਰੂਟਾਂ ‘ਤੇ ਚਲੇ ਗਏ ਸਨ ਜਿਹਨਾਂ ‘ਤੇ ਪੁਲਿਸ ਪਾਬੰਧੀ ਲਾਈ ਸੀ। ਪਰ ਜਦੋਂ ਉਨ੍ਹਾਂ ਨੂੰ ਗਲਤ ਰੂਟ ਸਬੰਧੀ ਪਤਾ ਲੱਗਾ ਸੀ ਤਾਂ ਉਹ ਤੁਰੰਤ ਵਾਪਸ ਆ ਗਏ ਸਨ। ਕਿਸਾਨ ਲੀਡਰ ਸੰਘਾ ਨੇ ਕਿਹਾ ਕਿ ਜਦੋਂ ਉਹ ਗਲ਼ਤ ਰਾਹ ਪਏ ਸਨ ਤਾਂ ਸੰਯੁਕਤ ਕਿਸਾਨ ਮੋਰਚੇ ਦੀ ਗੱਡੀ ‘ਚ ਹੀ ਉਹ ਸਵਾਰ ਸਨ। ਅਤੇ ਉਹਨਾਂ ਦੇ ਨਾਲ ਹੋਰ ਕਿਸਾਨ ਜਥੇਬੰਦੀਆ ਦੇ ਲੀਡਰ ਵੀ ਹਾਜ਼ਰ ਸੀ। ਪਰ ਥੌੜੀ ਦੇਰ ਬਾਅਦ ਅਸੀਂ ਆਪਣੇ ਸਹੀ ਰੂਟ ਦਾ ਰਸਤਾ ਭਾਲ ਲਿਆ ਸੀ।
26 ਜਨਵਰੀ ਨੂੰ ਦਿੱਲੀ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਟਰੈਕਟਰ ਮਾਰਚ ਕੱਢਿਆ ਗਿਆ ਸੀ। ਜਿਸ ਦੌਰਾਨ ਦਿੱਲੀ ਪੁਲਿਸ ਨੇ ਕਿਸਾਨਾਂ ਨੂੰ ਰੂਟ ਤੈਅ ਕਰਕੇ ਦਿੱਤੇ ਸਨ। ਇਸ ਦੌਰਾਨ ਕੁਝ ਜਥੇਬੰਦੀਆਂ ਨੇ ਪੁਲਿਸ ਦੇ ਰੂਟ ਛੱਡ ਕੇ ਦਿੱਲੀ ਦੇ ਆਉਟਰ ਰਿੰਗ ਰੋਡ ਵੱਲ ਚਾਲੇ ਪਾਏ ਸਨ। ਜਿਸ ਕਾਰਨ ਹਿੰਸਾ ਫੈਲੀ ਸੀ। ਕਿਸਾਨਾਂ ਨੇ ਪੁਲਿਸ ਵੱਲੋਂ ਲਾਏ ਬੈਰੀਕੇਡ ਤੋੜ ਦਿੱਤੇ ਸਨ। ਇਸੇ ਤਰ੍ਹਾਂ ਆਜ਼ਾਦ ਕਿਸਾਨ ਕਮੇਟੀ ਦੋਆਬਾ ਦੇ ਪ੍ਰਧਾਨ ਹਰਪਾਲ ਸਿੰਘ ਸੰਘਾ ਵੀ ਪੁਲਿਸ ਵੱਲੋਂ ਤੈਅ ਕੀਤੇ ਰਸਤੇ ਤੋਂ ਵੱਖ ਹੋ ਕੇ ਮਾਰਚ ਕੱਢਣ ਲੱਗੇ ਸਨ। ਜਿਸ ਕਾਰਨ ਸੰਯੁਕਤ ਕਿਸਾਨ ਮੋਰਚਾ ਨੇ ਉਹਨਾਂ ਨੂੰ ਮੁਅੱਤਲ ਕੀਤਾ ਸੀ। ਅੱਜ ਸਪਸ਼ਟੀਕਰਨ ਦੇਣ ਤੋਂ ਬਾਅਦ ਉਹਨਾਂ ਨੂੰ ਬਹਾਲ ਕਰ ਦਿੱਤਾ ਗਿਆ।