ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸੂਬਾ ਸਰਕਾਰ ਵੱਲੋਂ ਕੋਰੋਨਾ ਮਹਾਂਮਾਰੀ ਦੌਰਾਨ ਹੁਣ ਇੰਤਕਾਲ ਦੀ ਫ਼ੀਸ ਦੁੱਗਣੀ ਕਰਨ ਬਾਰੇ ਲਏ ਜਾ ਰਹੇ ਫ਼ੈਸਲੇ ਦਾ ਸਖ਼ਤ ਵਿਰੋਧ ਕਰਦੇ ਹੋਏ ਇਸ ਨੂੰ ਲੋਕ ਵਿਰੋਧੀ ਫ਼ੈਸਲਾ ਕਰਾਰ ਦਿੱਤਾ ਹੈ।
ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਅਤੇ ਕਿਸਾਨ ਵਿੰਗ ਦੇ ਸੂਬਾ ਪ੍ਰਧਾਨ ਅਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਜਿੱਥੇ ਦੁਨੀਆ ਭਰ ਦੀਆਂ ਸਰਕਾਰਾਂ ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਆਪਣੇ ਨਾਗਰਿਕਾਂ ਲਈ ਰਾਹਤਾਂ ਅਤੇ ਰਿਆਇਤਾਂ ਦੇ ਰਹੀਆਂ ਹਨ ਉੱਥੇ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਦੀ ਕੈਪਟਨ ਸਰਕਾਰ ਆਪਣੇ ਨਾਗਰਿਕਾਂ ‘ਤੇ ਨਿੱਤ-ਨਵਾਂ ਵਿੱਤੀ ਬੋਝ ਥੋਪ ਰਹੀਆਂ ਹਨ। ਡੀਜ਼ਲ-ਪੈਟਰੋਲ ‘ਤੇ ਵਿਸ਼ੇਸ਼ ਟੈਕਸ ਲਗਾਉਣ, ਬੱਸਾਂ ਦਾ ਭਾੜਾ ਵਧਾਉਣ ਉਪਰੰਤ ਹੁਣ ਇੰਤਕਾਲ ਦੀਆਂ ਫ਼ੀਸਾਂ ਦੁੱਗਣੀਆਂ ਕਰਨਾ ਪੰਜਾਬ ਦੇ ਕਿਸਾਨਾਂ ‘ਤੇ ਸਾਲਾਨਾ 25 ਕਰੋੜ ਰੁਪਏ ਦਾ ਵਾਧਾ ਬੇਹੱਦ ਨਿੰਦਣਯੋਗ ਅਤੇ ਸ਼ਰਮਨਾਕ ਫ਼ੈਸਲਾ ਸਾਬਤ ਹੋਵੇਗਾ।
ਹਰਪਾਲ ਸਿੰਘ ਚੀਮਾ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਤੰਜ ਕਸਦਿਆਂ ਕਿਹਾ ਕਿ ਪਹਿਲਾਂ ਹੀ ਗੰਭੀਰ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੀ ਪੰਜਾਬ ਦੀ ਕਿਰਸਾਨੀ ‘ਤੇ ਅਜਿਹਾ ਬੇਲੋੜਾ ਵਾਧਾ ਥੋਪਣ ਵਾਲਾ ਮੁੱਖ ਮੰਤਰੀ (ਕੈਪਟਨ) ਖ਼ੁਦ ਨੂੰ ਕਿਸਾਨਾਂ ਦਾ ਮਸੀਹਾ ਕਿਵੇਂ ਕਹਾ ਸਕਦਾ ਹੈ?
ਚੀਮਾ ਨੇ ਕਿਹਾ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਸੱਚਮੁੱਚ ਕਿਸਾਨਾਂ ਦੇ ਮਸੀਹੇ ਹੁੰਦੇ ਤਾਂ ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਕੇਂਦਰ ਸਰਕਾਰ ਵੱਲੋਂ ਡੀਜ਼ਲ-ਪੈਟਰੋਲ ਦੀ ਅਸਮਾਨੀ ਚੜ੍ਹਾਈਆਂ ਕੀਮਤਾਂ ਨੂੰ ਘਟਾਉਣ ਲਈ ਪੰਜਾਬ ਦੇ ਹਿੱਸੇ ਦੇ ਵੈਟ ‘ਚ ਛੋਟ ਦਾ ਐਲਾਨ ਕਰਦੇ।
ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਸੂਬੇ ਦੇ ਖ਼ਜ਼ਾਨੇ ਨੂੰ ਇੰਤਕਾਲ ਦੀਆਂ ਫ਼ੀਸਾਂ 300 ਤੋਂ 600 ਪ੍ਰਤੀ ਇੰਤਕਾਲ ਦੁੱਗਣੀਆਂ ਕਰਨ ਨਾਲ ਨਹੀਂ ਸਗੋਂ ਪੰਜਾਬ ਦੇ ਵਿੱਤੀ ਸਰੋਤਾਂ ਨੂੰ ਅਰਬਾਂ ਰੁਪਏ ਦੀ ਰੋਜ਼ਾਨਾ ਚਪਤ ਲਗਾ ਰਹੇ ਬਹੁਭਾਂਤੀ ਮਾਫ਼ੀਆ ਨੂੰ ਨੱਥ ਪਾ ਕੇ ਹੀ ਭਰਿਆ ਜਾ ਸਕਦਾ ਹੈ।
ਸੰਧਵਾਂ ਨੇ ਕਿਹਾ ਕਿ ਅਜਿਹੇ ਮਾਰੂ ਫ਼ੈਸਲੇ ਸਿੱਧੇ ਲੋਕਾਂ ਅਤੇ ਕਿਸਾਨਾਂ ਦੀਆਂ ਜੇਬਾਂ ‘ਤੇ ਡਾਕੇ ਹਨ, ਜਿੰਨਾ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਸੰਧਵਾਂ ਨੇ ਸਵਾਲ ਕੀਤਾ ਕਿ ਕੋਰੋਨਾ ਮਹਾਂਮਾਰੀ ਦੇ ਨਾਂਅ ‘ਤੇ ਜੇਕਰ ਸ਼ਰਾਬ ਅਤੇ ਰੇਤ-ਬਜਰੀ ਕਾਰੋਬਾਰੀਆਂ ਨੂੰ ਕ੍ਰਮਵਾਰ 700 ਕਰੋੜ ਅਤੇ 250 ਕਰੋੜ ਦੀ ਛੋਟ ਦਿੱਤੀ ਜਾ ਸਕਦੀ ਹੈ ਤਾਂ ਪੰਜਾਬ ਦੇ ਕਿਸਾਨਾਂ ਨੂੰ ਛੋਟ ਦੇਣ ਦੀ ਥਾਂ ਉਨ੍ਹਾਂ ‘ਤੇ ਹੋਰ ਵਿੱਤੀ ਬੋਝ ਕਿਉਂ ਥੋਪਿਆ ਜਾ ਰਿਹਾ ਹੈ।