ਨਵੀਂ ਦਿੱਲੀ : ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਨੇ ਸ਼ੁੱਕਰਵਾਰ ਨੂੰ ਹੀ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਕਰ ਲਈ। ਉਨ੍ਹਾਂ ਪੰਜਾਬ ਕਾਂਗਰਸ ਦੇ ਨਾਰਾਜ਼ ਵਿਧਾਇਕਾਂ ਅਤੇ ਮੰਤਰੀਆਂ ਬਾਰੇ ਕਾਂਗਰਸ ਪ੍ਰਧਾਨ ਨਾਲ ਜਾਣਕਾਰੀ ਸਾਂਝੀ ਕੀਤੀ ਹੈ । ਇਹ ਮੀਟਿੰਗ ਦਿੱਲੀ ਵਿੱਚ ਹੀ ਸੋਨੀਆ ਦੀ ਰਿਹਾਇਸ਼ ‘ਤੇ ਹੋਈ ਹੈ।
ਮੀਟਿੰਗ ਵਿੱਚ ਹਰੀਸ਼ ਰਾਵਤ ਨੇ ਸੋਨੀਆ ਨੂੰ ਨਵਜੋਤ ਸਿੱਧੂ ਦੇ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਨ ਤੋਂ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਬਗਾਵਤ ਤੱਕ ਦੇ ਪੂਰੇ ਮਾਮਲੇ ਦੀ ਜਾਣਕਾਰੀ ਦਿੱਤੀ ਹੈ। ਇਸ ਤੋਂ ਇਲਾਵਾ ਬਾਗ਼ੀ ਮੰਤਰੀਆਂ ਵੱਲੋਂ ਪੰਜਾਬ ਵਿੱਚ ਸਰਕਾਰ ਅਤੇ ਪਾਰਟੀ ਬਾਰੇ ਪੁੱਛੇ ਗਏ ਸਵਾਲਾਂ ਨਾਲ ਸਬੰਧਤ ਰਿਪੋਰਟ ਵੀ ਉਨ੍ਹਾਂ ਨੂੰ ਦਿੱਤੀ ਗਈ ਹੈ।
ਇਸ ਤੋਂ ਪਹਿਲਾਂ ਹਰੀਸ਼ ਰਾਵਤ ਨੇ ਪੱਤਰਕਾਰਾਂ ਨੂੰ ਖੁਦ ਜਾਣਕਾਰੀ ਦਿੱਤੀ ਸੀ ਕਿ ਅੱਜ ਦੀ ਮੀਟਿੰਗ ਮੁਲਤਵੀ ਹੋ ਗਈ ਹੈ, ਪਰ ਫਿਰ ਅਚਾਨਕ ਉਹ ਸ਼ੁੱਕਰਵਾਰ ਦੁਪਹਿਰ ਤੋਂ ਬਾਅਦ ਹੀ ਸੋਨੀਆ ਗਾਂਧੀ ਨੂੰ ਮਿਲਣ ਲਈ ਪਹੁੰਚ ਗਏ। ਉਹਨਾਂ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੂੰ ਪੰਜਾਬ ਦੀ ਕਾਂਗਰਸ ਪਾਰਟੀ ਦੀ ਮੌਜੂਦਾ ਸਥਿਤੀ ਬਾਰੇ ਰਿਪੋਰਟ ਦਿੱਤੀ ਹੈ।
मैंने कांग्रेस अध्यक्ष सोनिया गांधी के सामने पूरी बातें रख दी हैं। उनसे कहा कि सभी पक्षों का कहना है कि जो सोनिया गांधी का निर्णय होगा उसे हम मानेंगे। थोड़ी बातें बिगड़ी हैं लेकिन हम उसे संभालने की कोशिश करेंगे: पंजाब कांग्रेस में चल रहे संकट पर पंजाब कांग्रेस प्रभारी हरीश रावत pic.twitter.com/4r50iX1a6V
— ANI_HindiNews (@AHindinews) August 27, 2021
ਹਲਾਂਕਿ ਸਵੇਰ ਸਮੇਂ ਹਰੀਸ਼ ਰਾਵਤ ਨੇ ਕਿਹਾ ਸੀ ਕਿ ਉਹ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨਾਲ ਸ਼ਨੀਵਾਰ ਨੂੰ ਮੁਲਾਕਾਤ ਕਰਨਗੇ, ਪਰ ਅਚਾਨਕ ਅੱਜ ਹੀ ਪਾਰਟੀ ਪ੍ਰਧਾਨ ਨਾਲ ਮੁਲਾਕਾਤ ਕੀਤੀ ਜਾਣ ਦੇ ਕਈ ਮਾਇਨੇ ਕੱਢੇ ਜਾ ਰਹੇ ਹਨ। ਖ਼ਬਰਾਂ ਇਹ ਵੀ ਹਨ ਕਿ ਕੈਪਟਨ ਤੋਂ ਨਾਰਾਜ਼ ਤਿੰਨੇ ਮੰਤਰੀਆਂ ਨੇ ਵੀ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੀ ਹੈ । ਜਿਸ ਤੋਂ ਬਾਅਦ ਸੋਨੀਆ ਗਾਂਧੀ ਨੇ ਹਰੀਸ਼ ਰਾਵਤ ਨੂੰ ਅੱਜ ਇਹ ਮੀਟਿੰਗ ਲਈ ਸੱਦ ਲਿਆ।
ਸੂਤਰਾਂ ਦੀ ਮੰਨੀਏ ਤਾਂ ਸੋਨੀਆ ਗਾਂਧੀ ਨੇ ਸਾਫ਼ ਸੰਕੇਤ ਦੇ ਦਿੱਤਾ ਹੈ ਕਿ ਪਾਰਟੀ ਵਿੱਚ ਅਨੁਸ਼ਾਸਨਹੀਨਤਾ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਵਿਧਾਨ ਸਭਾ ਚੋਣਾਂ ਲਈ ਕਾਂਗਰਸ ਦੇ ਸਾਰੇ ਆਗੂਆਂ ਨੂੰ ਇੱਕ ਪਲੇਟਫਾਰਮ ਤੇ ਖੜੇ ਹੋਣਾ ਹੋਵੇਗਾ।