ਹਰਭਜਨ ਸਿੰਘ ਈ ਟੀ ਓ ਨੇ ਲੋਕ ਨਿਰਮਾਣ ਵਿਭਾਗ ਦੇ ਮੋਹਾਲੀ ਵਿਖੇ ਦਫ਼ਤਰਾਂ ਦਾ ਕੀਤਾ ਅਚਨਚੇਤ ਦੌਰਾ

Global Team
2 Min Read

ਚੰਡੀਗੜ੍ਹ:  ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ ਟੀ ਓ ਨੇ ਅੱਜ ਐਸ.ਏ.ਐਸ. ਨਗਰ, ਮੋਹਾਲੀ ਦੇ ਇੰਡਸਟਰੀਲ ਏਰੀਆ ਵਿੱਚ ਸਥਿਤ ਲੋਕ ਨਿਰਮਾਣ ਵਿਭਾਗ ਕੰਪਲੈਕਸ ਵਿਚ ਵਿਭਾਗੀ ਕੁਆਲਿਟੀ ਕੰਟਰੋਲ ਸੈਲ, ਪ੍ਰਾਂਤਕ ਮੰਡਲ, ਉਸਾਰੀ ਮੰਡਲ, ਬਾਗਵਾਨੀ ਉਪਮੰਡਲ ਮੋਹਾਲੀ ਦਫਤਰਾਂ ਦਾ ਨਿਰੀਖਣ ਕੀਤਾ ਗਿਆ।

ਇਸ ਨਿਰੀਖਣ ਦੌਰਾਨ ਲੋਕ ਨਿਰਮਾਣ ਮੰਤਰੀ ਵੱਲੋਂ ਇਨ੍ਹਾਂ ਦਫ਼ਤਰਾਂ ਦੀ ਕਾਰਗੁਜ਼ਾਰੀ ਦਾ ਜਾਇਜ਼ਾ ਲਿਆ ਗਿਆ ਅਤੇ ਮੁਲਾਜ਼ਮਾਂ ਨੂੰ ਸਮੇਂ ਸਿਰ ਦਫ਼ਤਰ ਵਿਚ ਹਾਜ਼ਰ ਹੋ ਕੇ ਸਮਾਂਬੱਧ ਤਰੀਕੇ ਨਾਲ ਸਰਕਾਰੀ ਕੰਮਕਾਜ ਨਿਪਟਾਉਣ ਦੀ ਹਦਾਇਤ ਕੀਤੀ ਗਈ। ਉਨ੍ਹਾਂ ਨੇ ਆਮ ਸ਼ਹਿਰੀਆਂ ਵੱਲੋਂ ਗ੍ਰੀਵਾਂਸ ਪੋਰਟਲ ਤੇ ਭੇਜੀਆਂ ਜਾਂਦੀਆਂ ਤਕਲੀਫ਼ਾਂ ਬਾਰੇ ਸਹੀ ਅਤੇ ਸਟੀਕ ਜਾਣਕਾਰੀ ਦੇਣ ਦੀ ਹਦਾਇਤ ਕੀਤੀ।ਇਸ ਨਿਰੀਖਣ ਦੌਰਾਨ ਕੁੱਝ ਕਰਮਚਾਰੀਆਂ ਦੀ ਵਿਭਾਗੀ ਕਾਰਗੁਜ਼ਾਰੀ ਦੀ ਕੈਬਨਿਟ ਮੰਤਰੀ ਵੱਲੋਂ  ਸ਼ਲਾਘਾ ਕੀਤੀ ਗਈ ਅਤੇ ਵਿਭਾਗੀ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਹਨਾਂ ਕਰਮਚਾਰੀਆਂ ਦਾ ਯੋਗ ਸਨਮਾਨ ਕੀਤਾ ਜਾਵੇ।ਉਹਨਾਂ ਲੋਕ ਨਿਰਮਾਣ ਵਿਭਾਗ ਦੇ ਸਾਰੇ ਅਧਿਕਾਰੀਆਂ/ ਕਰਮਚਾਰੀਆਂ ਨੂੰ ਮਿਆਰੀ ਅਤੇ ਸਮੇਂ ਸਿਰ ਕੰਮ ਮੁਕੰਮਲ ਕਰਨ ਦੀ ਹਦਾਇਤ ਵੀ ਕੀਤੀ।

ਇਸ ਦੌਰਾਨ ਮੁਲਾਜ਼ਮਾਂ ਵੱਲੋਂ ਸਰਕਾਰੀ ਕੰਮ ਦੌਰਾਨ ਦਰਪੇਸ਼ ਆਉਂਦੀਆਂ ਔਕੜਾਂ ਬਾਰੇ ਵੀ ਕੈਬਨਿਟ ਮੰਤਰੀ ਜਾਣੂ ਕਰਵਾਇਆ ਗਿਆ, ਜਿਹਨਾਂ ਨੂੰ ਜਲਦ ਦੂਰ ਕਰਨ ਦਾ ਕੈਬਨਿਟ ਮੰਤਰੀ ਨੇ ਭਰੋਸਾ ਦਿੱਤਾ। ਨਿਰੀਖਣ ਦੌਰਾਨ ਇੰਜੀਨੀਅਰ ਇਨ ਚੀਫ਼ ਸ਼੍ਰੀ ਗਗਨਦੀਪ ਸਿੰਘ, ਨਿਗਰਾਨ ਇੰਜੀਨੀਅਰਜ਼ ਸ੍ਰੀ ਆਰ ਪੀ ਸਿੰਘ, ਸ਼੍ਰੀ ਅਨੀਲ ਕੁਮਾਰ ਸ਼ਰਮਾ, ਕਾਰਜ਼ਕਾਰੀ ਇੰਜੀਨੀਅਰਜ਼ ਸ਼੍ਰੀ ਵਿਵੇਕ ਦੁਰੇਜਾ ਅਤੇ ਸ਼੍ਰੀ ਸ਼ਿਵਪ੍ਰੀਤ ਸਿੰਘ ਸਣੇ ਮਹਿਕਮੇ ਦੇ ਅਧਿਕਾਰੀ ਵੀ ਸ਼ਾਮਿਲ ਸਨ।

Share This Article
Leave a Comment