ਹਰਭਜਨ ਮਾਨ ਤੇ ਕੰਵਰ ਗਰੇਵਾਲ ਸਮੇਤ ਕਈ ਕਲਾਕਾਰ ਦਿੱਲੀ ਕਿਸਾਨ ਅੰਦੋਲਨ ‘ਚ ਪੁੱਜੇ

TeamGlobalPunjab
2 Min Read

ਨਵੀਂ ਦਿੱਲੀ/ਚੰਡੀਗੜ੍ਹ: ਕਾਲੇ ਖੇਤੀ ਕਾਨੂੰਨਾਂ ਦੀ ਵਾਪਸੀ ਤੋਂ ਇਲਾਵਾ ਬਿਜਲੀ ਸੋਧ ਬਿੱਲ 2020 ਤੇ ਪਰਾਲੀ ਸਾੜਨ ਵਾਲੇ ਕਿਸਾਨਾਂ ਨੂੰ ਇੱਕ ਕਰੋੜ ਰੁਪਏ ਦਾ ਜ਼ੁਰਮਾਨਾ ਕਰਨ ਵਾਲਾ ਆਰਡੀਨੈਂਸ ਰੱਦ ਕਰਾਉਣ ਤੱਕ ਸੰਘਰਸ਼ ਜ਼ਾਰੀ ਰਖਿਆ ਜਾਵੇਗਾ। ਇਹ ਐਲਾਨ ਅੱਜ ਬੀਕੇਯੂ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਨੇ ਕੇਂਦਰੀ ਮੰਤਰੀਆਂ ਨਾਲ ਮੀਟਿੰਗ ਤੋਂ ਪਹਿਲਾਂ ਟਿਕਰੀ ਬਾਰਡਰ ਉੱਤੇ ਲੱਗੇ ਮੋਰਚੇ ‘ਚ ਜੁੜੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ।

ਉਹਨਾਂ ਆਖਿਆ ਕਿ ਉਹ ਪੰਜਾਬ ਲਈ ਇਕੱਲੀ ਐਮ.ਐਸ.ਪੀ. ਲੈਣ ਨਹੀਂ ਆਏ ਸਗੋਂ ਕਿਸਾਨ ਵਿਰੋਧੀ ਕਾਨੂੰਨਾਂ ਤੇ ਨੀਤੀਆਂ ਨੂੰ ਰੱਦ ਕਰਾਉਣ ਦੇ ਨਾਲ-ਨਾਲ ਸਾਰੇ ਸੂਬਿਆਂ ਵਿੱਚ ਸਾਰੀਆਂ ਫਸਲਾਂ ਲਈ ਘੱਟੋ ਘੱਟ ਖਰੀਦ ਮੁੱਲ ਨੂੰ ਸੰਵਿਧਾਨਕ ਦਰਜਾ ਦਿਵਾਉਣ ਅਤੇ ਸਰਵਜਨਕ ਜਨਤਕ ਵੰਡ ਪ੍ਰਣਾਲੀ ਨੂੰ ਕਾਨੂੰਨੀ ਦਰਜ਼ਾ ਦਰਜ਼ਾ ਦਿਵਾਉਣ ਲਈ ਮੈਦਾਨ ‘ਚ ਨਿੱਤਰੇ ਹਨ। ਉਹਨਾਂ ਆਖਿਆ ਕਿ ਉਹ ਵਿਸ਼ਾਲ ਤਾਕਤ ਦੇ ਜ਼ੋਰ ਲੰਮਾਂ ਦਮ ਰੱਖਕੇ ਲੜਨ ਦੀ ਤਿਆਰੀ ਨਾਲ ਦਿੱਲੀ ਦੇ ਬਾਰਡਰ ‘ਤੇ ਪੁੱਜੇ ਹਨ। ਉਹਨਾਂ ਆਖਿਆ ਕਿ ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਦੀ ਦਲਾਲ ਅਤੇ ਕਿਸਾਨਾਂ ਦੀ ਦੁਸ਼ਮਣ ਬਣੀ ਹੋਈ ਹੈ। ਉਹਨਾਂ ਆਖਿਆ ਕਿ ਮੋਦੀ ਸਰਕਾਰ ਨੇ ਇੱਕ ਪਾਸੇ ਕਿਸਾਨਾਂ ਤੋਂ ਜ਼ਮੀਨਾਂ ਖੋਹਣ ਦਾ ਹੱਲਾ ਬੋਲ ਰੱਖਿਆ ਹੈ ਦੂਜੇ ਪਾਸੇ ਉਹਨਾਂ ਦੇ ਸੰਘਰਸ਼ ਕਰਨ ਦੇ ਜਮਹੂਰੀ ਹੱਕਾਂ ਦਾ ਘਾਣ ਕਰ ਰਹੀ ਹੈ।

ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਆਖਿਆ ਕਿ ਦਿੱਲੀ ‘ਚ ਲੱਗੇ ਮੋਰਚੇ ਵਿੱਚ ਹਰਿਆਣਾ ਦੇ ਕਿਸਾਨਾਂ ਤੇ ਲੋਕਾਂ ਵੱਲੋਂ ਦਿਲ ਖੋਲ੍ਹ ਕੇ ਲੰਗਰ ਲਾਏ ਜਾ ਰਹੇ ਅਤੇ ਉਹ ਮੋਰਚੇ ‘ਚ ਲਗਾਤਾਰ ਸ਼ਮੂਲੀਅਤ ਕਰ ਰਹੇ ਹਨ। ਮਹਿਲਾ ਆਗੂ ਹਰਿੰਦਰ ਕੌਰ ਬਿੰਦੂ ਨੇ ਆਖਿਆ ਕਿ ਦਿੱਲੀ ਮੋਰਚੇ ‘ਚ ਪੰਜਾਬ ‘ਚੋਂ ਲਗਾਤਾਰ ਕਾਫਲੇ ਆ ਰਹੇ ਹਨ ਅਤੇ ਪੰਜਾਬ ‘ਚ ਭਾਜਪਾ ਆਗੂਆਂ , ਟੋਲ ਪਲਾਜਿਆ ਤੇ ਸਾਪਿੰਗ ਮਾਲਜ ਅੱਗੇ ਲੱਗੇ ਮੋਰਚਿਆਂ ਵਿੱਚ ਗਿਣਤੀ ਵਧ ਰਹੀ ਹੈ।

ਅੱਜ ਦੀ ਸਟੇਜ ਤੋਂ ਉਘੇ ਕਲਾਕਾਰ ਹਰਭਜਨ ਮਾਨ, ਕੰਵਰ ਗਰੇਵਾਲ, ਹਰਫ਼ ਚੀਮਾਂ, ਮਲਕੀਤ ਸਿੰਘ ਰੌਣੀ, ਕਰਮਜੀਤ ਅਨਮੋਲ ਤੋਂ ਇਲਾਵਾ ਇਕੱਤਰ ਸਿੰਘ ਦੀ ਨਿਰਦੇਸ਼ਨਾ ਵਾਲੀ ਨਾਟਕ ਟੀਮ ਵੱਲੋਂ ਆਪੋ-ਆਪਣੇ ਵਿਚਾਰ ,ਗੀਤ ਅਤੇ ਨਾਟਕ ਪੇਸ਼ ਕੀਤੇ ਗਏ।

Share This Article
Leave a Comment