ਦਿਲਕਸ਼ ਸੰਗੀਤ ਦਾ ਰਚੇਤਾ ਸੀ : ਹੰਸਰਾਜ ਬਹਿਲ

TeamGlobalPunjab
4 Min Read

-ਪ੍ਰੋ.ਪਰਮਜੀਤ ਸਿੰਘ ਨਿੱਕੇ ਘੁੰਮਣ

ਪੰਜਾਬੀ ਸਿਨੇਮਾ ਨਾਲ ਮੋਹ ਰੱਖਣ ਵਾਲੇ ਹਰੇਕ ਸ਼ਖ਼ਸ ਦੇ ਚੇਤਿਆਂ ਵਿੱਚ ਅੱਜ ਵੀ ”ਬੱਤੀ ਬਾਲ ਕੇ ਬਨੇਰੇ ਉੱਤੇ ਰੱਖਨੀ ਆਂ, ਪਿਆਰ ਦੇ ਭੁਲੇਖੇ ਕਿੰਨੇ ਸੋਹਣੇ ਸੋਹਣੇ ਖਾ ਗਏ, ਤੇਰੀ ਕਣਕ ਦੀ ਰਾਖੀ ਮੁੰਡਿਆ, ਦਾਣਾ ਪਾਣੀ ਖਿੱਚ ਕੇ ਲਿਆਉਂਦਾ, ਨੀ ਟੁੱਟ ਜਾਏਂ ਰੇਲ ਗੱਡੀਏ ਮੇਰਾ ਚੰਨ ਪ੍ਰਦੇਸੀ ਕੀਤਾ ਅਤੇ ਜਗ ਵਾਲਾ ਮੇਲਾ ਯਾਰੋ ਬਸ ਥੋੜੀ ਦੇਰ ਦਾ” ਜਿਹੇ ਗੀਤ ਆਪਣੇ ਜਾਨਦਾਰ ਬੋਲਾਂ ਅਤੇ ਦਿਲਕਸ਼ ਸੰਗੀਤ ਦੀ ਬਦੌਲਤ ਵਸੇ ਹੋਏ ਹਨ ਤੇ ਬਾਲੀਵੁੱਡ ਦੇ ਇਤਿਹਾਸ ਵਿੱਚ ਅੱਜ ਵੀ ”ਜਹਾਂ ਡਾਲ ਡਾਲ ਪਰ ਸੋਨੇ ਕੀ ਚਿੜੀਆ ਕਰਤੀ ਹੈ ਬਸੇਰਾ” ਨਾਮਕ ਗੀਤ ਨੂੰ ਆਪਣੇ ਸ਼ਾਨਦਾਰ ਸੰਗੀਤ ਲਈ ਮੀਲ ਪੱਥਰ ਵਜੋਂ ਜਾਣਿਆ ਜਾਂਦਾ ਹੈ। ਇਨ੍ਹਾ ਸਾਰੇ ਉਪਰੋਕਤ ਗੀਤਾਂ ਨੂੰ ਜਿਸ ਸ਼ਖ਼ਸ ਨੇ ਆਪਣੇ ਮਨਮੋਹਕ ਸੰਗੀਤ ਨਾਲ ਸੁਆਰਿਆ ਤੇ ਸ਼ਿੰਗਾਰਿਆ ਸੀ, ਉਸਦਾ ਨਾਂ ਸੀ –ਹੰਸ ਰਾਜ ਬਹਿਲ।

ਹੰਸ ਰਾਜ ਬਹਿਲ ਦਾ ਜਨਮ ਅਣਵੰਡੇ ਪੰਜਾਬ ਵੇਲੇ 19 ਨਵੰਬਰ,1916 ਨੂੰ ਅੰਬਾਲਾ ਵਿਖੇ ਵੱਸਦੇ ਇੱਕ ਜ਼ਿਮੀਂਦਾਰ ਪਰਿਵਾਰ ਵਿੱਚ ਹੋਇਆ ਸੀ। ਉਸਦੇ ਇੱਕ ਨਜ਼ਦੀਕੀ ਰਿਸ਼ਤੇਦਾਰ ਪੰਡਿਤ ਚੂਨੀ ਲਾਲ ਬਹਿਲ ਇੱਕ ਸੂਝਵਾਨ ਸੰਗੀਤਕਾਰ ਸਨ ਤੇ ਉਨ੍ਹਾ ਦੀ ਛਤਰ-ਛਾਇਆ ਹੇਠ ਹੀ ਹੰਸਰਾਜ ਹੁਰਾਂ ਸੰਗੀਤ ਦੀਆਂ ਬਾਰੀਕੀਆਂ ਤੇ ਗਹਿਰਾਈਆਂ ਦਾ ਗਿਆਨ ਪ੍ਰਾਪਤ ਕੀਤਾ ਤੇ ਫਿਰ ਲਾਹੌਰ ਦੇ ਅਨਾਰਕਲੀ ਬਜ਼ਾਰ ਵਿੱਚ ਇੱਕ ਸੰਗੀਤ ਵਿਦਿਆਲਾ ਖੋਲ੍ਹ ਦਿੱਤਾ। ਉਸ ਵੇਲੇ ਦੀ ਮਸ਼ਹੂਰ ਰਿਕਾਰਡਿੰਗ ਕੰਪਨੀ ਐਚ.ਐਮ.ਵੀ. ਨੇ ਹੰਸਰਾਜ ਦੀ ਸੰਗੀਤ ਕਲਾ ਤੋਂ ਮੁਤਾਸਿਰ ਹੋ ਕੇ ਉਸਦੀਆਂ ਕੁਝ ਐਲਬਮ ਰਿਕਾਰਡ ਕੀਤੀਆਂ ਸਨ। ਸੰਨ 1944 ਵਿੱਚ 28 ਵਰ੍ਹਿਆਂ ਦੀ ਉਮਰ ਵਿੱਚ ਹੰਸਰਾਜ,ਉਸਦਾ ਭਰਾ ਗੁਲਸ਼ਨ ਬਹਿਲ ਅਤੇ ਦੋਸਤ ਵਰਮਾ ਮਲਿਕ ਜੋ ਕਿ ਬਾਅਦ ਵਿੱਚ ਇੱਕ ਨਾਮਵਰ ਗੀਤਕਾਰ ਬਣਿਆ ਸੀ, ਮੁੰਬਈ ਵਿਖੇ ਆਪਣੀ ਕਿਸਮਤ ਅਜ਼ਮਾਉਣ ਜਾ ਪੁੱਜੇ ਸਨ।

ਮੁੰਬਈ ਪੁੱਜਣ ਤੋਂ ਬਾਅਦ ਪੰਡਿਤ ਚੂਨੀ ਲਾਲ ਜੀ ਨੇ ਫ਼ਿਲਮਕਾਰ ਪ੍ਰਿਥਵੀ ਰਾਜ ਕਪੂਰ ਰਾਹੀਂ ਹੰਸਰਾਜ ਦੀ ਜਾਣ-ਪਛਾਣ ਉੱਘੇ ਫ਼ਿਲਮਕਾਰ ਆਰਦੇਸ਼ਹੀਰ ਈਰਾਨੀ ਨਾਲ ਕਰਵਾ ਦਿੱਤੀ ਜਿਨ੍ਹਾਂ ਨੇ ਸੰਨ 1946 ਵਿੱਚ ਆਪਣੀ ਫ਼ਿਲਮ ‘ਪੁਜਾਰੀ’ ਲਈ ਸੰਗੀਤ ਤਿਆਰ ਕਰਨ ਦਾ ਜ਼ਿੰਮਾ ਹੰਸਰਾਜ ਨੂੰ ਸੌਂਪ ਦਿੱਤਾ। ਇਹ ਫ਼ਿਲਮ ਬਾਕਸ ਆਫ਼ਿਸ ‘ਤੇ ਠੀਕਠਾਕ ਰਹੀ ਤੇ ਬਹਿਲ ਸਾਹਿਬ ਦਾ ਕੰਮ ਚੱਲ ਪਿਆ।

- Advertisement -

ਸੰਨ 1948 ਵਿੱਚ ਲਤਾ ਮੰਗੇਸ਼ਕਰ ਦੀ ਭੈਣ ਆਸ਼ਾ ਭੌਂਸਲੇ ਨੂੰ ਫ਼ਿਲਮ ‘ ਚੁਨਰੀਆ’ ਦੇ ਗੀਤ ” ਸਾਵਨ ਆਇਓ ਰੇ” ਰਾਹੀਂ ਬ੍ਰੇਕ ਦੇ ਕੇ ਹੰਸਰਾਜ ਬਹਿਲ ਨੇ ਬਾਲੀਵੁੱਡ ਵਿੱਚ ਪ੍ਰਵੇਸ਼ ਕਰਵਾਇਆ ਸੀ। ਇਸ ਤੋਂ ਬਾਅਦ ਹੰਸਰਾਜ ਨੇ ਸੱਤਰ ਦੇ ਕਰੀਬ ਫ਼ਿਲਮਾਂ ਲਈ ਸੰਗੀਤ ਤਿਆਰ ਕੀਤਾ ਸੀ ਜਿਨ੍ਹਾ ਵਿੱਚ ‘ਫੁਲਵਾੜੀ, ਨਖ਼ਰੇ, ਖ਼ਾਮੋਸ਼ ਸਿਪਾਹੀ, ਰਾਜਪੂਤ, ਲਾਲ ਪਰੀ, ਦੋਸਤ, ਮਿਲਨ, ਮਸਤ ਕਲੰਦਰ, ਚੰਗੇਜ਼ ਖ਼ਾਨ, ਮੁੜ ਮੁੜ ਕੇ ਨਾ ਦੇਖ, ਖਿਲਾੜੀ, ਅਪਨੀ ਇੱਜ਼ਤ, ਸਿਕੰਦਰੇ-ਆਜ਼ਮ, ਰੁਸਤਮੇ ਹਿੰਦ ਅਤੇ ਇਨਸਾਫ਼ ਕਾ ਖ਼ੂਨ ‘ਆਦਿ ਦੇ ਨਾਂ ਸ਼ਾਮਿਲ ਸਨ।

ਪੰਜਾਬੀ ਫ਼ਿਲਮਾਂ ਦੇ ਸੰਗੀਤ ਲਈ ਹੰਸਰਾਜ ਬਹਿਲ ਨੂੰ ਸਦਾ ਚਿਰ ਯਾਦ ਕੀਤਾ ਜਾਂਦਾ ਰਹੇਗਾ। ਉਸਨੇ ‘ਲੱਛੀ, ਦੋ ਲੱਛੀਆਂ, ਭੰਗੜਾ, ਜੱਟ ਪੰਜਾਬੀ,ਕੁਆਰਾ ਮਾਮਾ ਅਤੇ ਜੱਟ ਦਾ ਗੰਡਾਸਾ ‘ ਤੋਂ ਇਲਾਵਾ ਸੰਨ 1964 ਵਿੱਚ ਸ੍ਰੀ ਪਦਮ ਪ੍ਰਕਾਸ਼ ਮਹੇਸ਼ਵਰੀ ਵੱਲੋਂ ਬਲਰਾਜ ਸਾਹਨੀ,ਨਿਸ਼ੀ ਅਤੇ ਵਸਤੀ ਜਿਹੇ ਨਾਮਵਰ ਬਾਲੀਵੁੱਡ ਅਦਾਕਾਰਾਂ ਨੂੰ ਲੈ ਕੇ ਬਣਾਈ ਗਈ ਪੰਜਾਬੀ ਫ਼ਿਲਮ ‘ਸਤਲੁਜ ਦੇ ਕੰਢੇ’ ਲਈ ਵੀ ਦਿਲਾਂ ਨੂੰ ਛੂਹ ਲੈਣ ਵਾਲਾ ਸੰਗੀਤ ਤਿਆਰ ਕੀਤਾ ਸੀ। ਉਸਦੇ ਸੰਗੀਤ ਨਾਲ ਸਜੇ ਹਿੰਦੀ ਨਗ਼ਮਿਆਂ ਵਿੱਚ ” ਯਾ ਇਲਾਹੀ ਤੌਬਾ, ਹਮ ਕਿਉਂ ਰੋਤੇ ਹੈਂ ਰਾਤੋਂ ਕੋ, ਕਿਉਂ ਦਿਲ ਪੇ ਹਾਥ ਰੱਖਾ ਹੈ, ਕਿਆ ਮਿਲਾ ਦੁਨੀਆ ਕੋ ਦੋ ਪਿਆਰ ਭਰੇ ਦਿਲ ਤੋੜ ਕੇ,ਚੰਦਾ ਗਏ ਪ੍ਰਦੇਸ,ਜਬ ਰਾਤ ਨਹੀਂ ਕਟਤੀ,ਲੂਟ ਲੀਆ ਕਿਸੀ ਗ਼ਰੀਬ ਕਾ ਘਰ ” ਅਤੇ ”ਮੁਹੱਬਤ ਜ਼ਿੰਦਾ ਰਹਤੀ ਹੈ ” ਨੂੰ ਅੱਜ ਵੀ ਸੰਗੀਤ ਪ੍ਰੇਮੀਆਂ ਵੱਲੋਂ ਬੜੀ ਸ਼ਿੱਦਤ ਨਾਲ ਯਾਦ ਕੀਤਾ ਜਾਂਦਾ ਹੈ। 20 ਮਈ,1984 ਨੂੰ ਇਸ ਉਮਦਾ ਤੇ ਨਾਯਾਬ ਸੰਗੀਤਕਾਰ ਦਾ ਦੇਹਾਂਤ ਹੋ ਗਿਆ ਸੀ।

ਸੰਪਰਕ: 97816-46008

Share this Article
Leave a comment