ਸ਼ਬਦ ਵਿਚਾਰ – 98
ਜਪੁ ਜੀ ਸਾਹਿਬ – ਪਉੜੀ 22
ਡਾ. ਗੁਰਦੇਵ ਸਿੰਘ*
ਅਕਾਲ ਪੁਰਖ ਕਿਹੋ ਜਿਹਾ ਹੈ ਕਿਵੇਂ ਦਾ ਹੈ ਕਿਥੇ ਹੈ ਇਸ ਬਾਰੇ ਅਨੇਕ ਗ੍ਰੰਥ, ਸਿਮ੍ਰਤੀਆਂ ਆਪਣੇ ਆਪਣੇ ਮਤ ਤੇ ਸਿਧਾਂਤ ਪੇਸ਼ ਕਰਦੇ ਹਨ। ਗੁਰਬਾਣੀ ਦਾ ਇਸ ਸਭ ਪਰ ਫੈਸਲਾ ਸਪਸ਼ਟ ਹੈ। ਜਪੁ ਜੀ ਸਾਹਿਬ ਦੀ ਚੱਲ ਰਹੀ ਲੜੀਵਾਰ ਵਿਚਾਰ ਅੰਦਰ ਅੱਜ ਅਸੀਂ ਜਪੁਜੀ ਸਾਹਿਬ ਦੀ 22ਵੀਂ ਪਉੜੀ ਦੀ ਵਿਚਾਰ ਕਰਾਂਗੇ ਜਿਸ ਵਿੱਚ ਉਸ ਅਕਾਲ ਪੁਰਖ ਦੀ ਵਡ ਸਮਰਥਾ ਦਾ ਉਪਦੇਸ਼ ਦਿੱਤਾ ਗਿਆ ਹੈ।
ਪਾਤਾਲਾ ਪਾਤਾਲ ਲਖ ਆਗਾਸਾ ਆਗਾਸ ॥ ਓੜਕ ਓੜਕ ਭਾਲਿ ਥਕੇ ਵੇਦ ਕਹਨਿ ਇਕ ਵਾਤ ॥
ਪਦ ਅਰਥ : ਪਾਤਾਲਾ ਪਾਤਾਲ = ਪਾਤਾਲਾਂ ਦੇ ਹੇਠ ਹੋਰ ਪਾਤਾਲ ਹਨ। ਆਗਾਸਾ ਆਗਾਸ = ਆਕਾਸ਼ਾਂ ਦੇ ਉੱਤੇ ਹੋਰ ਆਕਾਸ਼ ਹਨ। ਓੜਕ = ਅਖ਼ੀਰ, ਅੰਤ, ਅਖ਼ੀਰਲੇ ਬੰਨੇ। ਭਾਲਿ ਥਕੇ = ਭਾਲ ਭਾਲ ਕੇ ਥੱਕ ਗਏ ਹਨ। ਕਹਨਿ = ਆਖਦੇ ਹਨ। ਇਕ ਵਾਤ = ਇਕ ਗੱਲ, ਇਕ-ਜ਼ਬਾਨ ਹੋ ਕੇ।
ਵਿਆਖਿਆ : (ਸਾਰੇ) ਵੇਦ ਇੱਕ = ਜ਼ਬਾਨ ਹੋ ਕੇ ਆਖਦੇ ਹਨ, “ਪਾਤਾਲਾਂ ਦੇ ਹੇਠ ਹੋਰ ਲੱਖਾਂ ਪਾਤਾਲ ਹਨ ਅਤੇ ਆਕਾਸ਼ਾਂ ਦੇ ਉੱਤੇ ਹੋਰ ਲੱਖਾਂ ਆਕਾਸ਼ ਹਨ, (ਬੇਅੰਤ ਰਿਸ਼ੀ ਮੁਨੀ ਇਹਨਾਂ ਦੇ) ਅਖ਼ੀਰਲੇ ਬੰਨਿਆਂ ਦੀ ਭਾਲ ਕਰਕੇ ਥੱਕ ਗਏ ਹਨ, (ਪਰ ਲੱਭ ਨਹੀਂ ਸਕੇ) “।
ਸਹਸ ਅਠਾਰਹ ਕਹਨਿ ਕਤੇਬਾ ਅਸੁਲੂ ਇਕੁ ਧਾਤੁ ॥ ਲੇਖਾ ਹੋਇ ਤ ਲਿਖੀਐ ਲੇਖੈ ਹੋਇ ਵਿਣਾਸੁ ॥
ਪਦ ਅਰਥ: ਸਹਸ ਅਠਾਰਹ = ਅਠਾਰਾਂ ਹਜ਼ਾਰ (ਆਲਮ) । ਕਹਨਿ ਕਤੇਬਾ = ਕਤੇਬਾਂ ਆਖਦੀਆਂ ਹਨ। ਕਤੇਬਾ = ਈਸਾਈ ਮਤ ਤੇ ਇਸਲਾਮ ਆਦਿਕ ਦੀਆਂ ਚਾਰ ਕਿਤਾਬਾਂ: ਕੁਰਾਨ, ਅੰਜੀਲ, ਤੌਰੇਤ ਤੇ ਜ਼ੰਬੂਰ। ਅਸੁਲੂ = ਮੁੱਢ। ਨੋਟ: ਇਹ ਅਰਬੀ ਬੋਲੀ ਦਾ ਲਫ਼ਜ਼ ਹੈ। ਅੱਖਰ ‘ਸ’ ਦਾ ਹੇਠਲਾ (ੁ) ਅਰਬੀ ਦਾ ਅੱਖ਼ਰ ‘ਸੁਆਦ’ ਦੱਸਣ ਵਾਸਤੇ ਹੈ। ਇਕ ਧਾਤੁ = ਇੱਕ ਅਕਾਲ ਪੁਰਖ, ਇਕ ਪੈਦਾ ਕਰਨ ਵਾਲਾ। ਲੇਖਾ ਹੋਇ = ਜੇ ਲੇਖਾ ਹੋ ਸਕੇ। ਲਿਖੀਐ = ਲਿਖ ਸਕੀਦਾ ਹੈ। ਲੇਖੈ ਵਿਣਾਸੁ = ਲੇਖੇ ਦਾ ਖ਼ਾਤਮਾ, ਲੇਖੇ ਦਾ ਅੰਤ।
ਵਿਆਖਿਆ : (ਮੁਸਲਮਾਨ ਤੇ ਈਸਾਈ ਆਦਿਕ ਦੀਆਂ ਚਾਰੇ) ਕਤੇਬਾਂ ਆਖਦੀਆਂ ਹਨ, “ਕੁੱਲ ਅਠਾਰਹ ਹਜ਼ਾਰ ਆਲਮ ਹਨ, ਜਿਨ੍ਹਾਂ ਦਾ ਮੁੱਢ ਇਕ ਅਕਾਲ ਪੁਰਖ ਹੈ”। (ਪਰ ਸੱਚੀ ਗੱਲ ਤਾਂ ਇਹ ਹੈ ਕਿ ਸ਼ਬਦ) ‘ਹਜ਼ਾਰਾਂ’ ਤੇ ‘ਲੱਖਾਂ’ ਭੀ ਕੁਦਰਤ ਦੀ ਗਿਣਤੀ ਵਿਚ ਵਰਤੇ ਨਹੀਂ ਜਾ ਸਕਦੇ, ਅਕਾਲ ਪੁਰਖ ਦੀ ਕੁਦਰਤ ਦਾ) ਲੇਖਾ ਤਦੋਂ ਹੀ ਲਿੱਖ ਸਕੀਦਾ ਹੈ, ਜੇ ਲੇਖਾ ਹੋ ਹੀ ਸਕੇ, (ਇਹ ਲੇਖਾ ਤਾਂ ਹੋ ਹੀ ਨਹੀਂ ਸਕਦਾ, ਲੇਖਾ ਕਰਦਿਆਂ ਕਰਦਿਆਂ) ਲੇਖੇ ਦਾ ਹੀ ਖ਼ਾਤਮਾ ਹੋ ਜਾਂਦਾ ਹੈ (ਗਿਣਤੀ ਦੇ ਹਿੰਦਸੇ ਹੀ ਮੁੱਕ ਜਾਂਦੇ ਹਨ) ।
ਨਾਨਕ ਵਡਾ ਆਖੀਐ ਆਪੇ ਜਾਣੈ ਆਪੁ ॥੨੨॥
ਪਦ ਅਰਥ: ਆਖੀਐ = ਆਖੀਦਾ ਹੈ (ਜਿਸ ਅਕਾਲ ਪੁਰਖ ਨੂੰ) । ਆਪੇ = ਉਹ ਅਕਾਲ ਪੁਰਖ ਆਪ ਹੀ। ਜਾਣੈ = ਜਾਣਦਾ ਹੈ। ਆਪੁ = ਆਪਣੇ ਆਪ ਨੂੰ।
ਵਿਆਖਿਆ : ਹੇ ਨਾਨਕ! ਜਿਸ ਅਕਾਲ ਪੁਰਖ ਨੂੰ (ਸਾਰੇ ਜਗਤ ਵਿਚ) ਵੱਡਾ ਆਖਿਆ ਜਾ ਰਿਹਾ ਹੈ, ਉਹ ਆਪ ਹੀ ਆਪਣੇ ਆਪ ਨੂੰ ਜਾਣਦਾ ਹੈ (ਉਹ ਆਪਣੀ ਵਡਿਆਈ ਆਪ ਹੀ ਜਾਣਦਾ ਹੈ। 22।
ਸੋ ਜਪੁਜੀ ਸਾਹਿਬ ਦੀ ਇਸ ਪਉੜੀ ਵਿੱਚ ਗੁਰੂ ਸਾਹਿਬ ਸਾਨੂੰ ਉਪਦੇਸ਼ ਕਰ ਰਹੇ ਹਨ ਕਿ ਪ੍ਰਭੂ ਦੀ ਕੁਦਰਤ ਦਾ ਬਿਆਨ ਕਰਨ ਲਗਿਆਂ ‘ਹਜ਼ਾਰਾਂ’ ਜਾਂ ‘ਲੱਖਾਂ’ ਦੇ ਹਿੰਦਸੇ ਵੀ ਵਰਤੇ ਨਹੀਂ ਜਾ ਸਕਦੇ। ਇਤਨੀ ਬੇਅੰਤ ਕੁਦਰਤ ਹੈ ਕਿ ਇਸ ਦਾ ਲੇਖਾ ਕਰਨ ਲਗਿਆਂ ਗਿਣਤੀ ਦੇ ਹਿੰਦਸੇ ਹੀ ਮੁੱਕ ਜਾਂਦੇ ਹਨ। ਸ਼ਬਦ ਵਿਚਾਰ ਦੀ ਅਗਲੀ ਲੜੀ ਵਿੱਚ ਜਪੁਜੀ ਸਾਹਿਬ ਦੀ 23ਵੀਂ ਪਉੜੀ ਦੀ ਵਿਚਾਰ ਕਰਾਂਗੇ। ਇਸ ਸਬੰਧੀ ਆਪ ਜੀ ਦਾ ਜੇ ਕੋਈ ਵਿਚਾਰ ਹੋਵੇ ਤਾਂ ਸਾਡੇ ਨਾਲ ਜ਼ਰੂਰ ਸ਼ਾਂਝਾ ਕਰੋ ਜੀ।