ਸ਼ਬਦ ਵਿਚਾਰ -82
ਜਪੁ ਜੀ ਸਾਹਿਬ -ਪਉੜੀ 6
ਡਾ. ਗੁਰਦੇਵ ਸਿੰਘ*
ਦੁਨੀਆਂ ਦੀਆਂ ਬੇਸ਼ਕੀਮਤੀ ਵਸਤੂਆਂ ਵੀ ਪਲ ਭਰ ਵਿੱਚ ਪ੍ਰਾਪਤ ਹੋ ਸਕਦੀਆਂ ਹਨ ਜੇ ਜੀਵਨ ਦੀ ਜਾਂਚ ਨੂੰ ਗੁਰਬਾਣੀ ਦੇ ਅਨੁਸਾਰ ਬਦਲਿਆ ਜਾਵੇ। ਵੱਖ ਵੱਖ ਧਾਰਮਿਕ ਥਾਵਾਂ ‘ਤੇ ਇਸ਼ਨਾਨ ਕਰਨ ਦਾ ਤਾਂ ਹੀ ਫਾਇਦਾ ਹੈ ਇਸ ਤਰ੍ਰਾਂ ਕਰਨ ਨਾਲ ਪ੍ਰਮਾਤਮਾ ਦਾ ਮਿਲਾਪ ਹੋ ਜਾਵੇ। ਜਪੁਜੀ ਸਾਹਿਬ ਦੀ ਬਾਣੀ ਦੀ ਚਲ ਰਹੀ ਵਿਚਾਰ ਵਿੱਚ ਅੱਜ ਅਸੀਂ ਛੇਵੀਂ ਪਉੜੀ ਦੀ ਵਿਚਾਰ ਕਰਾਂਗੇ ਜਿਸ ਵਿੱਚ ਗੁਰੂ ਸਾਹਿਬ ਸਾਨੂੰ ਵਿਸ਼ੇਸ਼ ਉਪਦੇਸ਼ ਦੇ ਰਹੇ ਹਨ:
ਤੀਰਥਿ ਨਾਵਾ ਜੇ ਤਿਸੁ ਭਾਵਾ ਵਿਣੁ ਭਾਣੇ ਕਿ ਨਾਇ ਕਰੀ॥
ਜੇਤੀ ਸਿਰਠਿ ਉਪਾਈ ਵੇਖਾ ਵਿਣੁ ਕਰਮਾ ਕਿ ਮਿਲੈ ਲਈ॥
ਮਤਿ ਵਿਚਿ ਰਤਨ ਜਵਾਹਰ ਮਾਣਿਕ ਜੇ ਇਕ ਗੁਰ ਕੀ ਸਿਖ ਸੁਣੀ॥
ਗੁਰਾ ਇਕ ਦੇਹਿ ਬੁਝਾਈ॥
ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ॥੬॥
ਮੈਂ ਤੀਰਥ ਉੱਤੇ ਜਾ ਕੇ ਤਦ ਇਸ਼ਨਾਨ ਕਰਾਂ ਜੇ ਇਉਂ ਕਰਨ ਨਾਲ ਉਸ ਪਰਮਾਤਮਾ ਨੂੰ ਖ਼ੁਸ਼ ਕਰ ਸਕਾਂ, ਪਰ ਜੇ ਇਸ ਤਰ੍ਹਾਂ ਪਰਮਾਤਮਾ ਖ਼ੁਸ਼ ਨਹੀਂ ਹੁੰਦਾ, ਤਾਂ ਮੈਂ (ਤੀਰਥ ਉੱਤੇ) ਇਸ਼ਨਾਨ ਕਰਕੇ ਕੀਹ ਖੱਟਾਂਗਾ? ਅਕਾਲ ਪੁਰਖ ਦੀ ਪੈਦਾ ਕੀਤੀ ਹੋਈ ਜਿਤਨੀ ਭੀ ਦੁਨੀਆ ਮੈਂ ਵੇਖਦਾ ਹਾਂ, (ਇਸ ਵਿੱਚ) ਪਰਮਾਤਮਾ ਦੀ ਕਿਰਪਾ ਤੋਂ ਬਿਨਾ ਕਿਸੇ ਨੂੰ ਕੁਝ ਨਹੀਂ ਮਿਲਦਾ, ਕੋਈ ਕੁਝ ਨਹੀਂ ਲੈ ਸਕਦਾ।
ਜੇ ਸਤਿਗੁਰੂ ਦੀ ਇਕ ਸਿੱਖਿਆ ਸੁਣ ਲਈ ਜਾਏ, ਤਾਂ ਮਨੁੱਖ ਦੀ ਬੁੱਧ ਦੇ ਅੰਦਰ ਰਤਨ, ਜਵਾਹਰ ਤੇ ਮੌਤੀ (ਉਪਜ ਪੈਂਦੇ ਹਨ, ਭਾਵ, ਪਰਮਾਤਮਾ ਦੇ ਗੁਣ ਪੈਦਾ ਹੋ ਜਾਂਦੇ ਹਨ) ।
(ਤਾਂ ਤੇ) ਹੇ ਸਤਿਗੁਰੂ! (ਮੇਰੀ ਤੇਰੇ ਅੱਗੇ ਇਹ ਅਰਦਾਸ ਹੈ ਕਿ) ਮੈਨੂੰ ਇਕ ਇਹ ਸਮਝ ਦੇਹ, ਜਿਸ ਕਰਕੇ ਮੈਨੂੰ ਉਹ ਅਕਾਲ ਪੁਰਖ ਨਾ ਵਿਸਰ ਜਾਏ, ਜੋ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ।6।
ਤੀਰਥ ਤੇ ਇਸ਼ਨਾਨ ਭੀ ਪ੍ਰਭੂ ਦੀ ਪ੍ਰਸੰਨਤਾ ਦੇ ਪਿਆਰ ਦੀ ਪ੍ਰਾਪਤੀ ਦਾ ਵਸੀਲਾ ਨਹੀਂ ਹੈ। ਜਿਸ ਉੱਤੇ ਮਿਹਰ ਹੋਵੇ ਉਹ ਗੁਰੂ ਦੇ ਰਾਹ ਤੇ ਤੁਰ ਕੇ ਪ੍ਰਭੂ ਦੀ ਯਾਦ ਵਿਚ ਜੁੜੇ। ਬੱਸ! ਉਸੇ ਮਨੁੱਖ ਦੀ ਮਤ ਵਿਚ ਹੁਲਾਰਾ ਆਉਂਦਾ ਹੈ। ਸ਼ਬਦ ਵਿਚਾਰ ਅਗਲੀ ਲੜੀ ਵਿੱਚ ਜਪੁਜੀ ਸਾਹਿਬ ਦੀ ਪੰਜਵੀਂ ਪਉੜੀ ਦੀ ਵਿਚਾਰ ਕਰਾਂਗੇ। ਇਸ ਸਬੰਧੀ ਆਪ ਜੀ ਦਾ ਜੇ ਕੋਈ ਵਿਚਾਰ ਹੋਵੇ ਤਾਂ ਆਪ ਜੀ ਸਾਡੇ ਨਾਲ ਜ਼ਰੂਰ ਸ਼ਾਂਝਾ ਕਰੋ ਜੀ।