ਪੀ.ਏ.ਯੂ. ਦੇ ਕਦੋਂ ਕਦੋਂ ਲਗਣਗੇ ਸਾਉਣੀ ਦੇ ਕਿਸਾਨ ਮੇਲੇ

TeamGlobalPunjab
3 Min Read

ਲੁਧਿਆਣਾ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਖੇ ਦੋ ਦਿਨਾਂ ਕਿਸਾਨ ਮੇਲਾ 20-21 ਮਾਰਚ ਨੂੰ ਲਗਾਇਆ ਜਾ ਰਿਹਾ ਹੈ। ਪੀ.ਏ.ਯੂ. ਹਰ ਸਾਲ ਕਿਸਾਨਾਂ ਤੱਕ ਆਪਣਾ ਖੇਤੀ ਗਿਆਨ ਅਤੇ ਵਿਕਸਿਤ ਤਕਨਾਲੋਜੀ ਪਹੁੰਚਾਉਣ ਲਈ ਕਿਸਾਨ ਮੇਲੇ ਲਾਉਂਦੀ ਹੈ । ਇਸ ਸਾਲ ਸਾਉਣੀ ਦੀਆਂ ਫ਼ਸਲਾਂ ਨੂੰ ਲੈ ਕੇ ਮਾਰਚ ਮਹੀਨੇ ਵਿੱਚ ਲਾਏ ਜਾਣ ਵਾਲੇ ਕਿਸਾਨ ਮੇਲੇ 6 ਮਾਰਚ ਤੋਂ ਸ਼ੁਰੂ ਹੋ ਜਾਣਗੇ । ਇਸ ਵਾਰ ਦੇ ਮੇਲੇ ਬਾਗਬਾਨੀ ਨੂੰ ਫ਼ਸਲੀ ਚੱਕਰ ਦਾ ਹਿੱਸਾ ਬਨਾਉਣ ਦੇ ਉਦੇਸ਼ ਨਾਲ ਲਗਾਏ ਜਾ ਰਹੇ ਹਨ ਜਿਸ ਨਾਲ ਪਾਣੀ ਦੀ ਬੱਚਤ ਹੋ ਸਕੇ ਅਤੇ ਖੇਤੀ ਵਿਭਿੰਨਤਾ ਦਾ ਢੁੱਕਵਾਂ ਮਾਡਲ ਵੀ ਪੇਸ਼ ਕੀਤਾ ਜਾ ਸਕੇ।

ਯੂਨੀਵਰਸਿਟੀ ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਜਸਕਰਨ ਸਿੰਘ ਮਾਹਲ ਨੇ ਇਸ ਸੰਬੰਧੀ ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਕਿਹਾ ਕਿ ਯੂਨੀਵਰਸਿਟੀ ਦੇ ਵੱਖ-ਵੱਖ ਕ੍ਰਿਸ਼ੀ ਵਿਗਿਆਨ ਕੇਂਦਰ ਅਤੇ ਮੁੱਖ ਕੈਂਪਸ ਵਿੱਚ ਕੁੱਲ ਸੱਤ ਕਿਸਾਨ ਮੇਲੇ ਵਿਉਂਤੇ ਗਏ ਹਨ ਜਿਨ੍ਹਾਂ ਵਿੱਚੋਂ ਬੱਲੋਵਾਲ ਸੌਂਖੜੀ ਅਤੇ ਨਾਗਕਲਾਂ (ਅੰਮ੍ਰਿਤਸਰ) 6 ਮਾਰਚ, ਫਰੀਦਕੋਟ ਅਤੇ ਗੁਰਦਾਸਪੁਰ 12 ਮਾਰਚ ਨੂੰ ਲਗਾਇਆ ਜਾਵੇਗਾ। ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਰੌਣੀ (ਪਟਿਆਲਾ) ਵਿਖੇ 17 ਮਾਰਚ ਅਤੇ ਬਠਿੰਡਾ ਵਿਖੇ 25 ਮਾਰਚ ਨੂੰ ਲੱਗੇਗਾ। ਯੂਨੀਵਰਸਿਟੀ ਦੇ ਮੁੱਖ ਕੈਂਪਸ ਲੁਧਿਆਣਾ ਵਿਖੇ ਲੱਗਦਾ ਦੋ ਦਿਨਾ ਮੇਲਾ 20-21 ਮਾਰਚ ਨੂੰ ਵਿਉਂਤਿਆ ਗਿਆ ਹੈ। ਨਿਰਦੇਸ਼ਕ ਪਸਾਰ ਸਿੱਖਿਆ ਡਾ. ਜਸਕਰਨ ਸਿੰਘ ਮਾਹਲ ਨੇ ਕਿਹਾ ਕਿ ਕਿਸਾਨ ਮੇਲੇ ਵਿੱਚ ਕਿਸਾਨਾਂ ਲਈ ਨਵੀਆਂ ਕਿਸਮਾਂ ਦੇ ਨਾਲ-ਨਾਲ ਖੇਤੀ ਉਤਪਾਦਨ ਅਤੇ ਸੁਰੱਖਿਆ ਤਕਨੀਕਾਂ ਬਾਰੇ ਖੇਤੀ ਪ੍ਰਦਰਸ਼ਨੀਆਂ ਵੀ ਲਗਾਈਆਂ ਜਾਣਗੀਆਂ ਜੋ ਫ਼ਸਲਾਂ, ਸਬਜ਼ੀਆਂ, ਫ਼ਲਾਂ ਅਤੇ ਫੁੱਲਾਂ ਦੀਆਂ ਸੁਧਰੀਆਂ ਕਿਸਮਾਂ, ਪਾਣੀ ਅਤੇ ਮਿੱਟੀ ਦੀ ਸੰਭਾਲ, ਨਦੀਨਾਂ, ਕੀੜੇ-ਮਕੌੜੇ ਅਤੇ ਬਿਮਾਰੀਆਂ ਦੀ ਰੋਕਥਾਮ, ਮਧੂ ਮੱਖੀ ਪਾਲਣ, ਖੁੰਬਾਂ ਦੀ ਖੇਤੀ, ਸੁਰੱਖਿਅਤ ਕਾਸ਼ਤ, ਖੇਤੀ ਮਸ਼ੀਨਰੀ ਅਤੇ ਸਿੰਚਾਈ ਦੇ ਨਵੇਂ ਢੰਗਾਂ ਬਾਰੇ ਵਿਸਤਾਰ ਪੂਰਵਕ ਜਾਣਕਾਰੀ ਦੇਣਗੀਆਂ। ਡਾ. ਮਾਹਲ ਨੇ ਇਹ ਵੀ ਕਿਹਾ ਕਿ ਪੰਜਾਬ ਦੇ ਅਗਾਂਹਵਧੂ ਕਿਸਾਨਾਂ ਨੂੰ ਕਿਸਾਨ ਮੇਲੇ ਦੇ ਪਹਿਲੇ ਦਿਨ ਖੇਤੀ ਖੇਤਰ ਵਿੱਚ ਉਨ੍ਹਾਂ ਦੀਆਂ ਵਿਸ਼ੇਸ਼ ਪ੍ਰਾਪਤੀਆਂ ਬਾਰੇ ਸਨਮਾਨਿਤ ਵੀ ਕੀਤਾ ਜਾਵੇਗਾ ।

ਡਾ. ਮਾਹਲ ਨੇ ਕਿਹਾ ਕਿ ਇਹ ਮੇਲੇ ਕਿਸਾਨ, ਕਿਸਾਨ ਬੀਬੀਆਂ ਅਤੇ ਪੇਂਡੂ ਨੌਜਵਾਨਾਂ ਲਈ ਅਜਿਹਾ ਸਾਂਝਾ ਧਰਾਤਲ ਹਨ ਜਿੱਥੇ ਉਹ ਖੇਤੀ ਨਾਲ ਸੰਬੰਧਤ ਨਵੀਆਂ ਖੋਜਾਂ, ਤਕਨੀਕਾਂ, ਸੁਧਰੇ ਬੀਜਾਂ ਅਤੇ ਖੇਤੀ ਸਾਹਿਤ ਤੱਕ ਪਹੁੰਚਦੇ ਹਨ। ਪਿਛਲੇ ਪੰਜਾਹ ਸਾਲ ਤੋਂ ਵੀ ਵੱਧ ਲੰਬੇ ਇਤਿਹਾਸ ਵਾਲੇ ਇਹ ਖੇਤੀ ਕਿਸਾਨ ਮੇਲੇ, ਕਿਸਾਨਾਂ ਲਈ ਮੁੱਖ ਆਕਰਸ਼ਣ ਹਨ ਜਿਨ•ਾਂ ਦੀ ਉਹ ਸ਼ਿੱਦਤ ਨਾਲ ਉਡੀਕ ਕਰਦੇ ਹਨ।

ਡਾ. ਮਾਹਲ ਨੇ ਕਿਸਾਨਾਂ ਨੂੰ ਇਹਨਾਂ ਮੇਲਿਆਂ ਵਿੱਚ ਸ਼ਾਮਲ ਹੋਣ ਲਈ ਨਿੱਘਾ ਸੱਦਾ ਦਿੰਦਿਆਂ ਕਿਹਾ ਕਿ ਕਿਸਾਨ ਵੀਰ ਵਿਗਿਆਨਕ ਖੇਤੀ ਨਾਲ ਜੁੜਨ ਲਈ ਇਥੇ ਮਾਹਿਰਾਂ ਨਾਲ ਵਿਚਾਰ ਵਟਾਂਦਰਾ ਕਰਨ ਅਤੇ ਬੀਜਾਂ, ਪੁਸਤਕਾਂ ਖਰੀਦਣ ਦੇ ਨਾਲ-ਨਾਲ ਖੇਤ ਮਸ਼ੀਨਰੀਆਂ ਦੀਆਂ ਪ੍ਰਦਰਸ਼ਨੀਆਂ ਜ਼ਰੂਰ ਦੇਖਣ।

- Advertisement -

Share this Article
Leave a comment