ਸ਼ਬਦ ਵਿਚਾਰ – 77 ਜਪੁ ਜੀ ਸਾਹਿਬ – ਪਉੜੀ 1

TeamGlobalPunjab
7 Min Read

ਸ਼ਬਦ ਵਿਚਾਰ – 77

ਜਪੁ ਜੀ ਸਾਹਿਬ – ਪਉੜੀ 1

ਡਾ. ਗੁਰਦੇਵ ਸਿੰਘ*

 ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਰਚਿਤ ਬਾਣੀ ਜਪੁ ਜੀ ਸਾਹਿਬ ਨਿਤਨੇਮ ਦੀਆਂ ਪੰਜ ਬਾਣੀਆਂ ਵਿੱਚ ਸ਼ਾਮਿਲ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪ੍ਰਥਮ ਬਾਣੀ ਹੈ। ਤਰਕੀਬਨ ਹਰ ਸਿੱਖ ਦੀ ਇਸ ਬਾਣੀ ਨਾਲ ਸਾਂਝ ਜ਼ਰੂਰ ਹੁੰਦੀ ਹੈ। ਇਸ ਹਵਾਲੇ ਨਾਲ ਇਸ ਬਾਣੀ ਦਾ ਗਿਆਨ ਹਰ ਸਿੱਖ ਲਈ ਜ਼ਰੂਰੀ ਬਣ ਜਾਂਦਾ ਹੈ। ਸੋ ਅੱਜ ਅਸੀਂ ਜਪੁਜੀ ਸਾਹਿਬ ਦੀ ਪਹਿਲੀ ਪਉੜੀ ਦੀ ਵਿਚਾਰ ਕਰਾਂਗੇ। ਪਿਛਲੇ ਅੰਕ ਵਿੱਚ ਅਸੀਂ ਜਪੁਜੀ ਸਾਹਿਬ ਦੇ ਮੂਲ ਮੰਤਰ ਦਾ ਵਿਚਾਰ ਕੀਤੀ ਸੀ।

ਪ੍ਰੋ. ਸਾਹਿਬ ਸਿੰਘ ਅਨੁਸਾਰ ‘ਆਦਿ ਸਚੁ ਜੁਗਾਦਿ ਸਚੁ ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ॥’ ਵਾਲੀ ਬਾਣੀ ਪੰਕਤੀ ਸ਼ਲੋਕ ਮੰਗਲਾਚਰਨ ਵਜੋਂ ਹੈ। ਇਸ ਸ਼ਲੋਕ ਵਿੱਚ ਪਹਿਲੇ ਪਾਤਸ਼ਾਹ ਨੇ ਅਕਾਲ ਪੁਰਖ ਇਸ਼ਟ ਦਾ ਸਰੂਪ ਬਿਆਨ ਕੀਤਾ ਹੈ, ਜਿਸ ਦਾ ਜਪ ਸਿਮਰਨ ਕਰਨ ਦਾ ਉਪਦੇਸ਼ ਇਸ ਸਾਰੀ ਬਾਣੀ ‘ਜਪੁ’ ਵਿਚ ਕੀਤਾ ਗਿਆ ਹੈ। ਇਸ ਤੋਂ ਅਗਾਂਹ ਬਾਣੀ ‘ਜਪੁ’ ਦਾ ਮਜ਼ਮੂਨ ਸ਼ੁਰੂ ਹੁੰਦਾ ਹੈ।

ਜਪੁਜੀ ਸਾਹਿਬ ਦੀ ਪਹਿਲੀ ਪਉੜੀ ਦੀ ਵਿਚਾਰ ਕਰਨ ਤੋਂ ਪਹਿਲਾਂ ਇਸ ਦੀ ਪਉੜੀ ਪੰਜਵੀਂ ਤੁਕ ਇੱਕ ਵਾਰ ਵਿਚਾਰ ਲੈਂਦੇ ਹਾਂ। ਇਸ ਤੁਕ ਨੂੰ ਪੜ੍ਹਿਆਂ ਇਹ ਪਤਾ ਲੱਗਦਾ ਹੈ ਕਿ ਇਸ ਪਉੜੀ ਵਿਚ ਗੁਰੂ ਨਾਨਕ ਸਾਹਿਬ ਮਨ ਨੂੰ ‘ਸਚਿਆਰਾ’ ਕਰਨ ਦਾ ਤਰੀਕਾ ਦੱਸ ਰਹੇ ਹਨ। ਸਭ ਤੋਂ ਪਹਿਲਾਂ ਉਹਨਾਂ ਸਾਧਨਾਂ ਦਾ ਜ਼ਿਕਰ ਕਰਦੇ ਹਨ ਜੋ ਹੋਰ ਲੋਕ ਵਰਤ ਰਹੇ ਹਨ। ਤੀਰਥਾਂ ਦਾ ਇਸ਼ਨਾਨ, ਜੰਗਲਾਂ ਵਿਚ ਜਾ ਕੇ ਸਮਾਧੀ ਲਾਉਣੀ, ਮਨ ਨੂੰ ਮਾਇਆ ਵਿਚ ਪਹਿਲਾਂ ਰਜਾ ਲੈਣਾ, ਸ਼ਾਸਤ੍ਰਾਂ ਦੀ ਫਿਲਾਸਫ਼ੀ-ਇਹ ਆਮ ਪ੍ਰਚਲਤ ਤਰੀਕੇ ਸਨ ਪਰ ਸਤਿਗੁਰੂ ਜੀ ਇਹਨਾਂ ਤੋਂ ਵੱਖਰਾ ਉਹ ਸਾਧਨ ਦੱਸਦੇ ਹਨ, ਜਿਸ ਨੂੰ ਗੁਰਸਿੱਖੀ ਦਾ ਮੁੱਢਲਾ ਨਿਯਮ ਸਮਝ ਲੈਣਾ ਚਾਹੀਦਾ ਹੈ, ਭਾਵ, ਅਕਾਲ ਪੁਰਖ ਦੀ ਰਜ਼ਾ ਵਿਚ ਤੁਰਨਾ। ਆਓ ਪਹਿਲਾਂ ਜਪੁ ਬਾਣੀ ਦੀ ਪਹਿਲੀ ਪਉੜੀ ਦੀ ਸ਼ਾਬਦਿਕ ਵਿਚਾਰ ਕਰ ਲੈਂਦੇ ਹਾਂ।

॥ ਜਪੁ ॥

ਇਸ ਸਾਰੀ ਬਾਣੀ ਦਾ ਨਾਮ ‘ਜਪੁ’ ਹੈ।

ਆਦਿ ਸਚੁ ਜੁਗਾਦਿ ਸਚੁ ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥੧॥

ਹੇ ਨਾਨਕ! ਅਕਾਲ ਪੁਰਖ ਮੁੱਢ ਤੋਂ ਹੋਂਦ ਵਾਲਾ ਹੈ, ਜੁਗਾਂ ਦੇ ਮੁੱਢ ਤੋਂ ਮੌਜੂਦ ਹੈ। ਇਸ ਵੇਲੇ ਭੀ ਮੌਜੂਦ ਹੈ ਤੇ ਅਗਾਂਹ ਨੂੰ ਭੀ ਹੋਂਦ ਵਾਲਾ ਰਹੇਗਾ।1।

ਸੋਚੈ ਸੋਚਿ ਨ ਹੋਵਈ ਜੇ ਸੋਚੀ ਲਖ ਵਾਰ ॥ ਚੁਪੈ ਚੁਪ ਨ ਹੋਵਈ ਜੇ ਲਾਇ ਰਹਾ ਲਿਵ ਤਾਰ॥

ਜੇ ਮੈਂ ਲੱਖ ਵਾਰੀ (ਭੀ) (ਇਸ਼ਨਾਨ ਆਦਿਕ ਨਾਲ ਸਰੀਰ ਦੀ) ਸੁੱਚ ਰੱਖਾਂ, (ਤਾਂ ਭੀ ਇਸ ਤਰ੍ਹਾਂ) ਸੁੱਚ ਰੱਖਣ ਨਾਲ (ਮਨ ਦੀ) ਸੁੱਚ ਨਹੀਂ ਰਹਿ ਸਕਦੀ। ਜੇ ਮੈਂ (ਸਰੀਰ ਦੀ) ਇਕ-ਤਾਰ ਸਮਾਧੀ ਲਾਈ ਰੱਖਾਂ; (ਤਾਂ ਭੀ ਇਸ ਤਰ੍ਹਾਂ) ਚੁੱਪ ਕਰ ਰਹਿਣ ਨਾਲ ਮਨ ਦੀ ਸ਼ਾਂਤੀ ਨਹੀਂ ਹੋ ਸਕਦੀ।

ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਭਾਰ ॥ ਸਹਸ ਸਿਆਣਪਾ ਲਖ ਹੋਹਿ ਤ ਇਕ ਨ ਚਲੈ ਨਾਲਿ॥

ਜੇ ਮੈਂ ਸਾਰੇ ਭਵਣਾਂ ਦੇ ਪਦਾਰਥਾਂ ਦੇ ਢੇਰ (ਭੀ) ਸਾਂਭ ਲਵਾਂ, ਤਾਂ ਭੀ ਤ੍ਰਿਸ਼ਨਾ ਦੇ ਅਧੀਨ ਰਿਹਾਂ ਤ੍ਰਿਸ਼ਨਾ ਦੂਰ ਨਹੀਂ ਹੋ ਸਕਦੀ। ਜੇ (ਮੇਰੇ ਵਿਚ) ਹਜ਼ਾਰਾਂ ਤੇ ਲੱਖਾਂ ਚਤੁਰਾਈਆਂ ਹੋਵਣ, (ਤਾਂ ਭੀ ਉਹਨਾਂ ਵਿਚੋਂ) ਇਕ ਭੀ ਚਤੁਰਾਈ ਸਾਥ ਨਹੀਂ ਦੇਂਦੀ।

ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ ॥ ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ ॥੧॥

(ਤਾਂ ਫਿਰ) ਅਕਾਲ ਪੁਰਖ ਦਾ ਪਰਕਾਸ਼ ਹੋਣ ਲਈ ਯੋਗ ਕਿਵੇਂ ਬਣ ਸਕੀਦਾ ਹੈ (ਅਤੇ ਸਾਡੇ ਅੰਦਰ ਦਾ) ਕੂੜ ਦਾ ਪਰਦਾ ਕਿਵੇਂ ਟੁੱਟ ਸਕਦਾ ਹੈ? ਰਜ਼ਾ ਦੇ ਮਾਲਕ ਅਕਾਲ ਪੁਰਖ ਦੇ ਹੁਕਮ ਵਿਚ ਤੁਰਨਾ-(ਇਹੀ ਇਕ ਵਿਧੀ ਹੈ) । ਹੇ ਨਾਨਕ! (ਇਹ ਵਿਧੀ) ਧੁਰ ਤੋਂ ਹੀ ਜਦ ਤੋਂ ਜਗਤ ਬਣਿਆ ਹੈ, ਲਿਖੀ ਚਲੀ ਆ ਰਹੀ ਹੈ।1।

ਉਕਤ ਪਹਿਲੀ ਪਉੜੀ ਵਿੱਚ ਗੁਰੂ ਸਾਹਿਬ ਮਨੁੱਖ ਨੂੰ ਸਚਿਆਰ ਬਣਨ ਦਾ ਤਰੀਕਾ ਦਸ ਰਹੇ ਹਨ। ਇਸ ਪਉੜੀ ਨੂੰ ਸਮਝਣ ਲਈ ਜਿਵੇਂ ਪਹਿਲਾਂ ਦਸਿਆ ਹੀ ਗਿਆ ਹੈ ਕਿ ਇਸ ਪਉੜੀ ਦੀ ਪੰਜਵੀਂ ਤੁਕ ਵਲ ਖਾਸ ਧਿਆਨ ਦੇਣਾ ਜ਼ਰੂਰੀ ਹੈ। ‘ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ। ‘ਇਸ ਤੁਕ ਨੂੰ ਪਹਿਲੀ ਹਰੇਕ ਤੁਕ ਦੇ ਨਾਲ ਪੜ੍ਹਿਆਂ ਸਪੱਸ਼ਟ ਹੋ ਜਾਂਦਾ ਹੈ ਕਿ ਪਹਿਲੀ ਹਰੇਕ ਤੁਕ ਵਿਚ ‘ਮਨ’ ਦਾ ਹੀ ਜ਼ਿਕਰ ਹੈ। ਪਹਿਲੀ ਤੁਕ ਵਿਚ ‘ਮਨ ਦੀ ਸੁੱਚ’, ਦੂਜੀ ਵਿਚ ‘ਮਨ ਦੀ ਚੁੱਪ’, ਤੀਜੀ ਵਿਚ ‘ਮਨ ਦੀ ਭੁੱਖ’ ਅਤੇ ਚੌਥੀ ਵਿਚ ‘ਮਨ ਦੀ ਸਿਆਣਪ’ ਦਾ ਹਾਲ ਦੱਸਿਆ ਹੈ। ਇਸ ਪਉੜੀ ਦੀ ਪਹਿਲੀ ਦੁਸਰੀ ਤੁਕ ਵਿੱਚ ਸੋਚਿ ਸ਼ਬਦ ਦੇ ਅਰਥ ਸੁੱਚ ਕੀਤੇ ਗਏ ਹਨ। ਕਈ ਵਿਦਵਾਨ ਇਸ ਦੇ ਅਰਥ ਸੋਚ ਨਾਲ ਵੀ ਕਰਦੇ ਹਨ ਪਰ ਕਿਉਂ ਜੋ ਅਸੀਂ ਸ਼ਬਦ ਵਿਚਾਰ ਲਈ ਪ੍ਰੋ. ਸਾਹਿਬ ਸਿੰਘ ਜੀ ਦੇ ਟੀਕੇ ਨੂੰ ਅਧਾਰ ਬਣਾਇਆ ਹੈ ਇਸ ਲਈ ਪ੍ਰੋ. ਸਾਹਿਬ ਸਿੰਘ ਨੇ ਇਸ ਦੇ ਅਰਥ ਸੁੱਚ ਕੀਤੇ ਹਨ। ਲਫ਼ਜ਼ ‘ਸੋਚਿ’ ਦੇ ਅਰਥ ‘ਸੁੱਚ’ ਕਿਉਂ ਕੀਤੇ ਗਏ ਹਨ? ਤਾਂ ਇਸ ਦਾ ਉੱਤਰ ਹੈ ਕਿ ਮਨ ਦੀਆਂ ਸੋਚਾਂ ਤੇ ਸਿਆਣਪਾਂ ਨੂੰ ਤਾਂ ਚੌਥੀ ਤੁਕ ਵਿਚ ਵਰਣਨ ਕਰ ਦਿੱਤਾ ਗਿਆ ਹੈ, ਇਸ ਵਾਸਤੇ ਪਹਿਲੀ ਤੁਕ ਵਿਚ ਕੁਝ ਹੋਰ ਖ਼ਿਆਲ ਹੈ, ਜੋ ਹੇਠਲੀਆਂ ਤੁਕਾਂ ਗਹੁ ਨਾਲ ਪੜ੍ਹਿਆਂ ਸਪੱਸ਼ਟ ਹੋ ਜਾਂਦਾ ਹੈ:

(1) ਕਹੁ ਨਾਨਕ ਸਚੁ ਧਿਆਈਐ ॥ ਸੁਚਿ ਹੋਵੈ ਤਾਂ ਸਚੁ ਪਾਈਐ ॥ (ਆਸਾ ਦੀ ਵਾਰ)

(2) ਸੋਚ ਕਰੈ ਦਿਨਸੁ ਅਰੁ ਰਾਤਿ ॥ ਮਨ ਕੀ ਮੈਲ ਨ ਤਨ ਤੇ ਜਾਤਿ ॥ (ਸੁਖਮਨੀ)

(3) ਨ ਸੁਚਿ ਸੰਜਮੁ ਤੁਲਸੀ ਮਾਲਾ॥ ਗੋਪੀ ਕਾਨੁ ਨ ਗਊ ਗੋਆਲਾ ॥

    ਤੰਤੁ ਮੰਤੁ ਪਾਖੰਡੁ ਨ ਕੋਈ, ਨਾ ਕੋ ਵੰਸੁ ਵਜਾਇਦਾ ॥7॥ (ਮਾਰੂ ਮਹਲਾ 1)

‘ਸੋਚ’ ਦਾ ਅਰਥ ਹੈ ‘ਇਸ਼ਨਾਨ’, ਅਤੇ ‘ਸੁਚਿ’ ਦਾ ਅਰਥ ਹੈ ‘ਪਵਿੱਤਰਤਾ’। ਇਹਨਾਂ ਹੀ ਦੋ ਸ਼ਬਦਾਂ ਦੀ ਮਿਲਾਵਟ ਦਾ ਸ਼ਬਦ ਹੈ ‘ਸੋਚਿ’, ਜਿਸ ਦਾ ਅਰਥ ਹੈ ਸੁੱਚ, ਪਵਿੱਤਰਤਾ, ਇਸ਼ਨਾਨ। ਸ਼ਬਦ ‘ਸੁਚਿ’ ਇਸਤ੍ਰੀ ਲਿੰਗ ਹੈ। ਸੰਸਕ੍ਰਿਤ ਵਿਚ ਭੀ ਇਹ ਇਸੇ ਹੀ ਸ਼ਕਲ ਵਿਚ ਹੈ। ਜਿਵੇਂ ਸ਼ਬਦ ‘ਮਨ’ ਤੋਂ ‘ਮਨਿ’ ਬਣਿਆ ਹੈ, ਜਿਸ ਦਾ ਅਰਥ ਹੈ ‘ਮਨ ਵਿਚ’, ਇਸ ਤਰ੍ਹਾਂ ‘ਸੋਚ’ ਤੋਂ ‘ਸੋਚਿ’ ਨਹੀਂ ਬਣ ਸਕਦਾ, ਕਿਉਂਕਿ ਲਫ਼ਜ਼ ‘ਮਨੁ’ ਪੁਲਿੰਗ ਹੈ ਤੇ ‘ਸੋਚ’ (ਜਿਸ ਦਾ ਅਰਥ ‘ਵਿਚਾਰ’ ਹੈ) ਇਸਤ੍ਰੀ ਲਿੰਗ ਹੈ। ਸੋ, ਸ਼ਬਦ ‘ਸੋਚਿ’ ਅਧਿਕਰਨ ਕਾਰਕ ਦੀ (ਿ) ਤੋਂ ਬਿਨਾ ਹੀ ਅਸਲ ਸਰੂਪ ਵਾਲਾ ਸੰਸਕ੍ਰਿਤ ਦਾ ਹੀ ਲਫ਼ਜ਼ ‘ਸੁਚਿ’ ਹੈ, ਜਿਸ ਦਾ ਅਰਥ ਹੈ ਪਵਿੱਤਰਤਾ।

ਸੋ ਉਕਤ ਜਪੁਜੀ ਸਾਹਿਬ ਦੀ ਪਹਿਲੀ ਪਉੜੀ ਦਾ ਭਾਵ ਅਰਥ ਹੈ ਕਿ ਪ੍ਰਭੂ ਨਾਲੋਂ ਜੀਵ ਦੀ ਵਿੱਥ ਮਿਟਾਣ ਦਾ ਇਕੋ ਹੀ ਤਰੀਕਾ ਹੈ ਕਿ ਜੀਵ ਉਸ ਦੀ ਰਜ਼ਾ ਵਿਚ ਤੁਰੇ। ਇਹ ਅਸੂਲ ਧੁਰ ਤੋਂ ਹੀ ਰੱਬ ਵਲੋਂ ਜੀਵ ਲਈ ਜ਼ਰੂਰੀ ਹੈ। ਪਿਤਾ ਦੇ ਕਹੇ ਵਿਚ ਪੁੱਤਰ ਤੁਰਦਾ ਰਹੇ ਤਾਂ ਪਿਆਰ, ਨਾ ਤੁਰੇ ਤਾਂ ਵਿੱਥ ਪੈਂਦੀ ਜਾਂਦੀ ਹੈ। ਜਪੁਜੀ ਸਾਹਿਬ ਦੀ ਦੂਜੀ ਪਉੜੀ ਦੀ ਵਿਚਾਰ ਸ਼ਬਦ ਵਿਚਾਰ ਅਗਲੀ ਲੜੀ ਵਿੱਚ ਕਰਾਂਗੇ। ਇਸ ਸਬੰਧੀ ਆਪ ਜੀ ਦਾ ਜੇ ਕੋਈ ਵਿਚਾਰ ਹੋਵੇ ਤਾਂ ਆਪ ਜੀ ਸਾਡੇ ਨਾਲ ਜ਼ਰੂਰ ਸ਼ਾਂਝਾ ਕਰੋ ਜੀ।

ਵਾਹਿਗੁਰੂ ਜੀ ਕਾ ਖਾਲਸਾ

ਵਾਹਿਗੁਰੂ ਜੀ ਕੀ ਫਤਿਹ

*gurdevsinghdr@gmail.com

Share This Article
Leave a Comment