ਚੰਡੀਗੜ੍ਹ (ਦਰਸ਼ਨ ਸਿੰਘ ਖੋਖਰ) – ਦਿੱਲੀ ਦੀਆਂ ਸਰਹੱਦਾਂ ‘ਤੇ ਕਿਸਾਨਾਂ ਦੇ ਅੰਦੋਲਨ ਨੂੰ ਚਲਦਿਆਂ 6 ਮਹੀਨੇ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਹੈ। ਅੱਜ ਚੰਡੀਗੜ੍ਹ ਵਿਖੇ ਪਹੁੰਚੇ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਨੇ ਗੁਰਦੁਆਰਾ ਸ਼ਾਹਪੁਰ ਵਿਖੇ ਕਿਸਾਨ ਹਮਾਇਤੀਆਂ ਦੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕਿਸਾਨਾਂ ਦੀ ਲੜਾਈ ਕੇਂਦਰ ਸਰਕਾਰ ਦੇ ਨਾਲ ਲੰਬੀ ਹੋਵੇਗੀ। ਇਸ ਲਈ ਹਰ ਵਰਗ ਦੇ ਲੋਕਾਂ ਦਾ ਸਾਥ ਕਿਸਾਨ ਸੰਘਰਸ਼ ਲਈ ਬਹੁਤ ਜ਼ਰੂਰੀ ਹੈ, ਕਿਉਂਕਿ ਤਿੰਨ ਖੇਤੀ ਕਾਨੂੰਨਾਂ ਦੀ ਮਾਰ ਹਰ ਵਰਗ ਦੇ ਲੋਕਾਂ ‘ਤੇ ਪਵੇਗੀ।
ਇਸ ਤੋਂ ਇਲਾਵਾ ਗੁਰਨਾਮ ਸਿੰਘ ਚੜੂਨੀ ਨੇ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਕਿਹਾ ਕਿ ਜੇਕਰ ਅੱਜ ਅਸੀਂ ਕੇਂਦਰ ਸਰਕਾਰ ਨੂੰ ਮੋੜਵਾਂ ਜਵਾਬ ਨਾਂ ਦਿੱਤਾ ਤਾਂ ਮੋਦੀ ਦੀ ਸਰਕਾਰ ਇਸੇ ਤਰ੍ਹਾਂ ਦੇ ਹੋਰ ਵੀ ਮਾੜੇ ਕਾਨੂੰਨ ਦੇਸ਼ ਵਿੱਚ ਲਾਗੂ ਕਰ ਸਕਦੀ ਹੈ। ਇਸ ਲਈ ਕਿਸਾਨਾਂ ਦੇ ਅੰਦੋਲਨ ਨੂੰ ਹਰ ਵਰਗ ਦੇ ਸਾਥ ਦੀ ਲੋੜ ਹੈ।
ਇਸ ਤੋਂ ਇਲਾਵਾ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਨੇ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜਦੋਂ ਤੱਕ ਮੋਦੀ ਦੀ ਸਰਕਾਰ ਤਿੰਨ ਖੇਤੀ ਕਾਨੂੰਨ ਵਾਪਸ ਨਹੀਂ ਲੈਂਦੀ ਅਤੇ ਸਾਰੀਆਂ ਫ਼ਸਲਾਂ ‘ਤੇ ਐੱਮਐੱਸਪੀ ਲਾਗੂ ਨਹੀਂ ਕਰਦੀ ਉਦੋਂ ਤੱਕ ਕਿਸਾਨਾਂ ਦਾ ਸੰਘਰਸ਼ ਜਾਰੀ ਰਹੇਗਾ।