ਕੋਲਕਾਤਾ : ਬੰਗਾਲ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਚੋਣ ਦੰਗਲ ਲਗਾਤਾਰ ਗਰਮਾਉਂਦਾ ਜਾ ਰਿਹਾ ਹੈ । ਇਸ ਦੇ ਚੱਲਦਿਆਂ ਇਕ ਪਾਸੇ ਜਿਥੇ ਮਮਤਾ ਬੈਨਰਜੀ ਦੀ ਪਾਰਟੀ ਤੇ ਕੇਂਦਰ ਦੀ ਸੱਤਾ ਦਾ ਸੁੱਖ ਭੋਗ ਰਹੀ ਭਾਜਪਾ ਪਾਰਟੀ ਆਪਸ ਦੇ ਵਿੱਚ ਆਹਮੋ ਸਾਹਮਣੇ ਆ ਰਹੀਆਂ ਹਨ ਤਾਂ ਉਥੇ ਹੀ ਹੁਣ ਕਿਸਾਨ ਅੰਦੋਲਨ ਨੇ ਵੀ ਇਕ ਵੱਡਾ ਫੈਸਲਾ ਲਿਆ ਹੈ । ਜੀ ਹਾਂ ਬੀਤੇ ਦਿਨੀਂ ਕਿਸਾਨ ਜਥੇਬੰਦੀਆਂ ਵੱਲੋਂ ਫ਼ੈਸਲਾ ਕੀਤਾ ਗਿਆ ਸੀ ਕਿ ਉਨ੍ਹਾਂ ਵੱਲੋਂ ਬੰਗਾਲ ਵਿੱਚ ਭਾਜਪਾ ਦੇ ਖਿਲਾਫ ਪ੍ਰਚਾਰ ਕੀਤਾ ਜਾਵੇਗਾ । ਇਸੇ ਲੜੀ ਤਹਿਤ ਕਿਸਾਨ ਜਥੇਬੰਦੀਆਂ ਵੱਲੋਂ ਭਾਜਪਾ ਦੇ ਖ਼ਿਲਾਫ਼ ਬੰਗਾਲ ਵਿੱਚ ਪ੍ਰਚਾਰ ਸ਼ੁਰੂ ਕਰ ਦਿੱਤਾ ਗਿਆ ਹੈ । ਜਿਸ ਦੇ ਚੱਲਦਿਆਂ ਅੱਜ ਕਿਸਾਨ ਜਥੇਬੰਦੀ ਆਗੂ ਗੁਰਨਾਮ ਸਿੰਘ ਚੜੂਨੀ ਵੱਲੋਂ ਭਾਜਪਾ ਖ਼ਿਲਾਫ਼ ਪ੍ਰਚਾਰ ਕੀਤਾ ਗਿਆ । ਇਸ ਮੌਕੇ ਬੋਲਦੇ ਚੜੂਨੀ ਨੇ ਕਿਹਾ ਕਿ ਸੰਘਰਸ਼ਸ਼ੀਲ ਲੋਕਾਂ ਵੱਲੋਂ ਦੇਸ਼ ਦੀ ਆਜ਼ਾਦੀ ਵਿੱਚ ਅਹਿਮ ਯੋਗਦਾਨ ਅਦਾ ਕੀਤਾ ਗਿਆ । ਉਨ੍ਹਾਂ ਕਿਹਾ ਕਿ ਅੱਜ ਇੱਕ ਵੱਡਾ ਸਵਾਲ ਬਣਿਆ ਹੋਇਆ ਹੈ ਕਿ ਕੀ ਦੇਸ਼ ਨੂੰ ਵੇਚਣ ਦੇ ਲਈ ਹੀ ਅਜ਼ਾਦ ਕਰਵਾਇਆ ਗਿਆ ਸੀ ?
ਚੜੂਨੀ ਨੇ ਕਿਹਾ ਕਿ ਅੱਜ ਦੇਸ਼ ਵਿੱਚ ਅਮੀਰ ਲਗਾਤਾਰ ਅਮੀਰ ਹੁੰਦਾ ਜਾ ਰਿਹਾ ਅਤੇ ਗ਼ਰੀਬ ਲਗਾਤਾਰ ਗ਼ਰੀਬ ਹੁੰਦਾ ਜਾ ਰਿਹਾ ਹੈ । ਇਸ ਮੌਕੇ ਚੜੂਨੀ ਨੇ ਆਤਮਹੱਤਿਆ ਕਰਨ ਵਾਲੇ ਕਿਸਾਨਾਂ ਅਤੇ ਮਜ਼ਦੂਰਾਂ ਤੇ ਵੀ ਚਿੰਤਾ ਪ੍ਰਗਟ ਕੀਤੀ । ਉਨ੍ਹਾਂ ਕਿਹਾ ਕਿ ਹਰ ਦਿਨ ਵੱਡੀ ਗਿਣਤੀ ਵਿੱਚ ਕਿਸਾਨ ਅਤੇ ਮਜ਼ਦੂਰ ਕਰਜ਼ ਥੱਲੇ ਦਬ ਕੇ ਆਤਮਹੱਤਿਆ ਕਰ ਰਹੇ ਹਨ ਉਨ੍ਹਾਂ ਕਿਹਾ ਕਿ ਅੱਜ ਜਿੰਨਾ ਕਰਜ਼ਾ ਕਿਸਾਨਾਂ ਉੱਪਰ ਹੈ ਉਸ ਤੋਂ ਬਹੁਤ ਜ਼ਿਆਦਾ ਪੂੰਜੀਪਤੀਆਂ ਵੱਲੋਂ ਬੈਂਕਾਂ ਤੋਂ ਲੁੱਟ ਲਿਆ ਗਿਆ ਹੈ