ਗੁਰਮਤਿ ਸੰਗੀਤ ਦੀ ਅਦੁੱਤੀ ਸਖ਼ਸ਼ੀਅਤ ਪ੍ਰੋ. ਕਰਤਾਰ ਸਿੰਘ ਜੀ

TeamGlobalPunjab
8 Min Read

7 ਜਨਵਰੀ ਨੂੰ ਅੰਤਿਮ ਅਰਦਾਸ ‘ਤੇ ਵਿਸ਼ੇਸ਼

        ਗੁਰਮਤਿ ਸੰਗੀਤ ਦੀ ਅਦੁੱਤੀ ਸਖ਼ਸ਼ੀਅਤ ਪ੍ਰੋ. ਕਰਤਾਰ ਸਿੰਘ ਜੀ

*ਡਾ. ਗੁਰਨਾਮ ਸਿੰਘ

ਡਾ. ਗੁਰਨਾਮ ਸਿੰਘ
ਡਾ. ਗੁਰਨਾਮ ਸਿੰਘ

ਸੰਗੀਤ ਤੇ ਗੁਰਮਤਿ ਸੰਗੀਤ ਦੇ ਖੇਤਰ ਦੀ ਇੱਕ ਅਦੁੱਤੀ ਸਖ਼ਸ਼ੀਅਤ ‘ਪਦਮ ਸ੍ਰੀ’ ਪ੍ਰੋ. ਕਰਤਾਰ ਸਿੰਘ ਜੀ ਸਾਨੂੰ ਸਦਾ ਸਦਾ ਲਈ ਵਿਛੋੜਾ ਦੇ ਗਏ ਹਨ। ਉਨ੍ਹਾਂ ਦੇ ਸੈਂਕੜੇ ਸ਼ਾਗਿਰਦ ਤੇ ਮੁਰੀਦਾਂ ਲਈ ਇਹ ਅਸਹਿ ਤੇ ਅਪੂਰ ਸਦਮਾ ਹੈ। ਗੁਰਮਤਿ ਸੰਗੀਤ ਦੇ ਵੀ ਇੱਕ ਵਿਦਵਾਨ ਕੀਰਤਨੀਏ, ਸਾਧਕ ਤੇ ਉਸਤਾਦ ਅਧਿਆਪਕ ਦੀ ਸਦੀਵੀ ਘਾਟ ਸਾਨੂੰ ਹਮੇਸ਼ਾ ਰਹਿੰਦੀ ਰਹੇਗੀ ਹੈ। ਪ੍ਰੋ. ਕਰਤਾਰ ਸਿੰਘ ਜੀ ਨੇ ਨਿਰੰਤਰ ਕਈ ਦਹਾਕੇ ਕਰਮਸ਼ੀਲ ਤੇ ਕਰਮਯੋਗੀ ਸਾਧਕ ਵਜੋਂ ਆਪਣਜੀਵਨ ਨਿਭਾਇਆ ਅਤੇ ‘ਸੇਵਕ ਕੀ ਓੜਕ ਨਿਬਹੀ ਪ੍ਰੀਤ’ ਦੇ ਅੰਤਮ ਸੱਚ ਨੂੰ ਆਪਣੀ ਕਰਣੀ ਤੇ ਕਥਨੀ ਦੁਆਰਾ ਸੱਚ ਕਰ ਦਿਖਾਇਆ। ਗੁਰਮਤਿ ਸੰਗੀਤ ਦੇ ਕਾਫਲੇ ਦੀ ਪਹਿਲੀ ਕਤਾਰ ਵਿਚ ਸ਼ੁਮਾਰ ਪ੍ਰੋ. ਕਰਤਾਰ ਸਿੰਘ ਗੁਰਮਤਿ ਸੰਗੀਤ ਦੀ ਅਗਲੀ ਪੀੜੀ ਲਈ ਇਕ ਆਦਰਸ਼ ਗੁਰਮਤਿ ਸੰਗੀਤਾਚਾਰੀਆ ਸਨ ਜਿਨ੍ਹਾਂ ਕੋਲ ਇਸ ਵਿਸ਼ੇ ਦਾ ਕਿਰਿਆਤਮਕ ਗਿਆਨ ਤੇ ਉਸ ਦੀ ਪੇਸ਼ਕਾਰੀ ਦਾ ਮੌਲਿਕ ਅੰਦਾਜ਼ ਸੀ। ਸੰਗੀਤਾਚਾਰੀਆ ਪ੍ਰੋ. ਤਾਰਾ ਸਿੰਘ ਦੀ ਤਰਾਂ ਪ੍ਰੋ. ਕਰਤਾਰ ਸਿੰਘ ਵੀ ਪਹਿਲਾਂ ਭਾਰਤੀ ਸੰਗੀਤ ਦੇ ਕੁਸ਼ਲ ਅਧਿਆਪਕ ਤੇ ਬਾਅਦ ਵਿਚ ਗੁਰਮਤਿ ਸੰਗੀਤ ਦੇ ਵਿਦਵਾਨ ਪ੍ਰਚਾਰਕ ਵਜੋਂ ਜਾਣੇ ਜਾਂਦੇ ਹਨ। ਦੋਹਾਂ ਨੇ ਹੀ ਸੰਗੀਤ ਅਧਿਆਪਨ ਦੀ ਸੇਵਾ ਨਿਵਰਤੀ ਉਪਰੰਤ ਆਪਣਾ ਜੀਵਨ ਗੁਰਮਤਿ ਸੰਗੀਤ ਨੂੰ ਸਮਰਪਿਤ ਕੀਤਾ ਅਤੇ ਮਹੱਤਵਪੂਰਨ ਗੁਰਮਤਿ ਸੰਗੀਤ ਲਿਖਤਾਂ ਪ੍ਰਦਾਨ ਕੀਤੀਆਂ। ਮੇਰੀ ਖੁਸ਼ਕਿਸਮਤੀ ਹੈ ਕਿ ਉਨ੍ਹਾਂ ਨਾਲ ਵਿਦਿਆਰਥੀ ਜੀਵਨ ਕਾਲ ਤੋਂ ਲੈ ਕੇ ਚਾਲੀ ਵਰ੍ਹਿਆਂ ਤੋਂ ਵੱਧ ਸਾਥ ਰਿਹਾ।

ਪਦਮ ਸ੍ਰੀ ਪ੍ਰੋ. ਕਰਤਾਰ ਸਿੰਘ ਜੀ

ਪ੍ਰੋ. ਕਰਤਾਰ ਸਿੰਘ ਦਾ ਜਨਮ 3 ਅਪ੍ਰੈਲ, 1928 ਨੂੰ ਸ. ਅਤਰ ਸਿੰਘ ਦੇ ਗ੍ਰਹਿ ਮਾਤਾ ਹਰਨਾਮ ਕੌਰ ਦੀ ਕੁਖੋਂ ਪਿੰਡ ਘੁਮਾਣ, ਜਿਲ੍ਹਾ ਲਾਹੌਰ (ਪਾਕਿਸਤਾਨ) ਵਿਖੇ ਹੋਇਆ। ਪਿੰਡ ਤੋਂ ਸਕੂਲੀ ਪੜਾਈ ਪ੍ਰਾਪਤ ਕਰਦਿਆਂ ਆਪ ਨੂੰ ਸ਼ਬਦ ਅਤੇ ਸ਼ਬਦ ਕੀਰਤਨ ਸੁਣਨ ਦੀ ਚੇਟਕ ਲੱਗੀ। ਆਪ ਨੇ ਪੰਡਤ ਨੱਥੂ ਰਾਮ (ਤਰਨਤਾਰਨ ਟਕਸਾਲ ਵਾਲੇ), ਗਿਆਨੀ ਗੁਰਚਰਨ ਸਿੰਘ ਕੈਨੇਡੀਅਨ, ਭਾਈ ਸੁੰਦਰ ਸਿੰਘ (ਕਸੂਰ ਵਾਲੇ), ਭਾਈ ਦਲੀਪ ਸਿੰਘ, ਭਾਈ ਪੂਰਨ ਸਿੰਘ (ਤਰਨਤਾਰਨ), ਭਾਈ ਅਮੋਲਕ ਸਿੰਘ (ਲਾਹੌਰ) ਅਤੇ ਕਰਮਾ ਰਬਾਬੀ ਆਦਿ ਤੋਂ ਸੰਗੀਤ ਅਤੇ ਗੁਰਮਤਿ ਸੰਗੀਤ ਦੀ ਗੂੜ ਤਾਲੀਮ ਹਾਸਲ ਕੀਤੀ। ਇਸ ਤੋਂ ਇਲਾਵਾ ਆਪ ਨੇ ਪੰਜਾਬ ਯੂਨੀਵਰਸਿਟੀ, ਲਾਹੌਰ ਤੋਂ ਗਿਆਨੀ, ਉਸਤਾਦ ਜਸਵੰਤ ਸਿੰਘ ਭੰਵਰਾ ਦੀ ਅਗਵਾਈ ਹੇਠ ‘ਸੰਗੀਤ ਪ੍ਰਭਾਕਰ’ ਅਤੇ ‘ਸੰਗੀਤ ਭਾਸਕਰ’ ਗਾਇਨ-ਵਾਦਨ ਦੀ ਡਿਗਰੀ, ਸ੍ਰੀ ਬਲਵੰਤ ਰਾਇ ਜਸਵਾਲ ਦੀ ਸਰਪ੍ਰਸਤੀ ਹੇਠ ਪ੍ਰਯਾਗ ਸੰਗੀਤ ਸੰਗਤੀ, ਇਲਾਹਾਬਾਦ ਤੋਂ ‘ਸੰਗੀਤ ਪ੍ਰਵੀਨ’ ਅਤੇ 1967 ਵਿਚ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਸੰਗੀਤ ਦੀ ਮਾਸਟਰ ਡਿਗਰੀ ਹਾਸਲ ਕੀਤੀ।

- Advertisement -

ਪ੍ਰੋ. ਕਰਤਾਰ ਸਿੰਘ ਗੁਰਮਤਿ ਸੰਗੀਤ ਦੀ ਵਿਹਾਰਕਤਾ ਨਾਲ ਲੰਬੇ ਸਮੇਂ ਤੋਂ ਜੁੜੇ ਹੋਏ ਸਨ। ਆਪ ਨੇ ਦੇਸ਼ ਵੰਡ ਤੋਂ ਪਹਿਲਾਂ 1945 ਈਸਵੀ ਵਿਚ ਪਾਕਿਸਤਾਨ ਦੇ ਗੁਰਦੁਆਰਾ ਸਿੰਘ ਸਭਾ ਮੰਡੀ ਰੀਨਾਲਾ ਖੁਰਦ ਜਿਲ੍ਹਾ ਮਿੰਟਗੁਮਰੀ ਅਤੇ ਗੁਰਦੁਆਰਾ ਸਿੰਘ ਸਭਾ ਗੁਜਰਾਂਵਾਲਾ ਤੋਂ ਕੀਰਤਨ ਦੀ ਸੇਵਾ ਪ੍ਰਾਰੰਭ ਕੀਤੀ ਤੇ ਹੁਣ ਤਕ ਆਪ ਗੁਰਮਤਿ ਸੰਗੀਤ ਦੀ ਵਿਹਾਰਕਤਾ ਨਾਲ ਨਿਰੰਤਰ ਜੁੜੇ ਹੋਏ ਸਨ। ਸ਼ਬਦ ਕੀਰਤਨ ਦੇ ਨਾਲ-ਨਾਲ ਆਪ ਨੇ ਸੰਗੀਤ ਅਧਿਆਪਨ ਦੇ ਕਾਰਜ ਨੂੰ ਅਪਣਾਇਆ ਅਤੇ ਅਨੇਕਾਂ ਵਿਦਿਆਰਥੀਆਂ ਨੂੰ ਸੰਗੀਤ ਤੇ ਗੁਰਮਤਿ ਸੰਗੀਤ ਨਾਲ ਜੋੜਿਆ। ਆਪ ਵਲੋਂ ਸ਼ਬਦ ਕੀਰਤਨ ਰਚਨਾਵਾਂ ਦੇ ਰੂਪ ਵਿਚ ਜੋ ਕਾਰਜ ਕੀਤਾ ਗਿਆ ਹੈ, ਉਸ ਪਿਛੇ ਆਪ ਦੇ ਜੀਵਨ ਦਾ ਸੰਗੀਤ ਪ੍ਰਤੀ ਲੰਬਾ ਤਜਰਬਾ ਸਪਸ਼ਟ ਪ੍ਰਤੱਖ ਹੁੰਦਾ ਹੈ। ਸੰਗੀਤ ਰਚਨਾ ਕਿਸੇ ਕਲਾਕਾਰ ਮਨ ਦੇ ਉੱਤਮ ਮੌਲਿਕ ਸੰਗੀਤਕ ਅਨੁਭਵ ਦੀ ਕਿਰਤ ਵਜੋਂ ਸੰਗੀਤਕ ਰੂਪ ਵਿਚ ਸਰੂਪਤ ਹੁੰਦੀ ਹੈ। ਸੰਗੀਤ ਰਚਨਾ ਸਾਧਾਰਣ ਅਨੁਭਵ ਤੋਂ ਪਰ੍ਹੇ ਦੀ ਅਵਸਥਾ ਤੇ ਅਕਹਿ ਪਲਾਂ ਦੀ ਦਾਸਤਾਂ ਹੈ। ਇਸੇ ਕਰਕੇ ਸੰਗੀਤ ਦੇ ਖੇਤਰ ਦਾ ਹਰ ਗਾਇਕ ਜਾਂ ਅਧਿਆਪਕ ਸੰਗੀਤ ਰਚਨਾਕਾਰ ਤਾਂ ਨਹੀਂ ਹੋ ਸਕਦਾ। ਗੁਰਮਤਿ ਸੰਗੀਤ ਵਿਚ ਸ਼ਬਦ ਰਚਨਾ ਸੰਗੀਤ ਦੀਆਂ ਦੂਸਰੀਆਂ ਪਰੰਪਰਾਵਾਂ ਨਾਲੋਂ ਹੋਰ ਵੀ ਕਠਿਨ ਕਾਰਜ ਹੈ। ਸ਼ਬਦ ਤੇ ਸੰਗੀਤ ਨੂੰ ‘ਕੀਰਤਨ’ ਹਿਤ ਰਚਨਾ ਵਜੋਂ ਪ੍ਰਸਤੁਤ ਕਰਨ ਲਈ ਜ਼ਰੂਰੀ ਹੈ ਮਨ, ਬਚ, ਕਰਮ ਕਰਕੇ ‘ਸ਼ਬਦ’ ਨਾਲ ਅਨੁਭਵ ਦੇ ਪੱਧਰ ਤੇ ਜੁੜਨਾ, ਕੀਰਤਨ ਰੂਪ ਵਿਚ ਸ਼ਬਦ ਨੂੰ ਸੰਗੀਤਕ ਕੈਨਵਸ ਉੱਤੇ ਸੰਪੂਰਣ ਕਰਨਾ, ਦੁਧਾਰੀ ਤਲਵਾਰ ਦੇ ਚਲਣ ਸਮਾਨ ਹੈ।

ਗੁਰਮਤਿ ਸੰਗੀਤ ਦੇ ਰਚਨਾਤਮਕ ਖੇਤਰ ਵਿਚ ਪ੍ਰੋ. ਕਰਤਾਰ ਸਿੰਘ ਦਾ ਵਿਸ਼ੇਸ਼ ਯੋਗਦਾਨ ਸੀ। ਆਪ ਨੇ ਗੁਰਮਤਿ ਸੰਗੀਤ ਰਚਨਾਵਾਂ ਦਾ ਛੇ ਪੁਸਤਕਾਂ ਦੇ ਰੂਪ ਵਿਚ ਸੁਰਲਿਪੀ ਬੱਧ ਸੰਗ੍ਰਹਿ ਭੇਟ ਕੀਤੇ ਹਨ ਜਦੋਂ ਕਿ ਭਗਤ ਬਾਣੀ ਸੰਗੀਤ ਦਰਪਣ ਛਪਾਈ ਅਧੀਨ ਹੈ। ਇਸ ਤੋਂ ਇਲਾਵਾ ਇੱਕ ਪੁਸਤਕ ਗੁਰੂ ਨਾਨਕ ਦੇਵ ਸੰਗੀਤ ਦਰਪਣ ਅੱਠਵੀਂ ਪੁਸਤਕ ਦਾ ਕੰਮ ਲਿਖਤੀ ਰੂਪ ਵਿੱਚ ਲਗਭਗ ਮੁਕੰਬਲ ਹੋ ਚੁੱਕਾ ਹੈ। ਸਾਰੀਆਂ ਪ੍ਰਕਾਸ਼ਿਤ ਪੁਸਤਕਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪ੍ਰਕਾਸ਼ਿਤ ਹੋਈਆਂ ਹਨ।  ਆਪ ਦੀਆਂ ਪੁਸਤਕਾਂ ਵਿਚ ਗੁਰਮਤਿ ਸੰਗੀਤ ਦੇ ਨਿਰਧਾਰਤ ਅਤੇ ਮਿਸ਼ਰਤ ਰਾਗਾਂ ਅਧੀਨ ਦੋ ਹਜ਼ਾਰ ਤੋਂ ਵੱਧ ਸ਼ਬਦ ਕੀਰਤਨ ਰਚਨਾਵਾਂ ਦਾ ਵਿਸ਼ਾਲ ਸੰਗ੍ਰਹਿ ਮੌਜੂਦ ਹੈ। ਇਹ ਸਾਰੀਆਂ ਸ਼ਬਦ ਕੀਰਤਨ ਰਚਨਾਵਾਂ ਵੱਖ-ਵੱਖ ਗਾਇਨ ਸ਼ੈਲੀਆਂ ਜਿਵੇਂ ਧਰੁਪਦ, ਧਮਾਰ, ਖਿਆਲ, ਪੜਤਾਲ, ਘੋੜੀਆਂ, ਅਲਾਹੁਣੀਆਂ ਆਦਿ ਵਿਚ ਸੁਰਲਿਪੀ ਬੱਧ ਕੀਤੀਆਂ ਗਈਆਂ ਹਨ। ਸ਼ਬਦ ਕੀਰਤਨ ਰਚਨਾਵਾਂ ਹਿਤ ਆਪ ਵਲੋਂ ਵੱਖ-ਵੱਖ ਪ੍ਰਚਲਿਤ ਅਤੇ ਅਪ੍ਰਚਲਿਤ ਸਰਲ ਤੇ ਵਿਕਟ ਤਾਲਾਂ ਦਾ ਪ੍ਰਯੋਗ ਕੀਤਾ ਗਿਆ ਹੈ। ਇਸ ਤੋਂ ਇਲਾਵਾ ਇਨ੍ਹਾਂ ਪੁਸਤਕਾਂ ਵਿਚ ਗੁਰਮਤਿ ਸੰਗੀਤ ਪ੍ਰਤੀ ਸੰਖੇਪਿਤ ਜਾਣਕਾਰੀ ਵੀ ਦਰਜ ਕੀਤੀ ਗਈ ਹੈ।

ਪ੍ਰੋ. ਕਰਤਾਰ ਸਿੰਘ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਬ ਕਮੇਟੀ ਅਤੇ ਸਲੈਕਸ਼ਨ ਕਮੇਟੀ ਦੇ ਵੀ ਮੈਂਬਰ ਸਨ। ਆਪ ਗੁਰਮਤਿ ਸੰਗੀਤ ਵਿਭਾਗ ਤੇ ਗੁਰਮਤਿ ਸੰਗੀਤ ਚੇਅਰ ਪੰਜਾਬੀ ਯੂਨੀਵਰਸਿਟੀ ਦੇ ਨਾਲ ਵੀ ਬਤੌਰ ਸਲਾਹਕਾਰ ਜੁੜੇ ਰਹੇ। ਅਦੁੱਤੀ ਗੁਰਮਤਿ ਸੰਗੀਤ ਸੰਮੇਲਨਾਂ ਤੋਂ ਇਲਾਵਾ ਗੁਰਮਤਿ ਸੰਗੀਤ ਸਮਾਗਮਾਂ ਵਿੱਚ ਆਪ ਦੀ ਹਾਜ਼ਰੀ ਵਿਸ਼ੇਸ਼  ਮਹੱਤਤਾ ਰੱਖਦੀ ਸੀ। ਜਵੱਦੀ ਟਕਸਾਲ ਤੋਂ ਇਲਾਵਾ ਵੱਖ ਵੱਖ ਮਿਊਜ਼ਿਕ ਕੰਪਨੀਆਂ ਤੇ ਚੈਨਲਾਂ ਨੇ ਆਪ ਜੀ ਦੀ ਆਡਿਓ-ਵਿਡੀਓ ਰਿਕਾਰਡਿੰਗ ਕੀਤੀ ਹੈ ਜੋ ਇੰਟਰਨੈੱਟ ਤੇ ਉਪਲੱਬਧ ਵੀ ਹੈ।

17 ਅਪ੍ਰੈਲ 1999 ਈਸਵੀ ਵਿੱਚ ਆਪ ਗੁਰਮਤਿ ਸੰਗੀਤ ਅਕਾਡਮੀ ਸ੍ਰੀ ਅਨੰਦਪੁਰ ਵਿਖੇ ਬਤੌਰ ਡਾਇਰੈਕਟਰ ਨਿਯੁਕਤ ਹੋਏ। ਇਥੇ ਰਹਿ ਕੇ ਆਪ ਨੇ ਸੈਂਕੜੇ ਵਿਦਿਆਰਥੀਆਂ ਨੂੰ ਗੁਰਮਤਿ ਸੰਗੀਤ ਦੀ ਟਕਸਾਲੀ ਸਿੱਖਿਆ ਪ੍ਰਦਾਨ ਕੀਤੀ। ਆਪ ਜੀ ਦੇ ਵਿਦਿਆਰਥੀ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਤੋਂ ਇਲਾਵਾ ਦੇਸ਼ ਦੇ ਵੱਖ ਵੱਖ ਇਲਾਕਿਆਂ ਤੇ ਵਿਦੇਸ਼ਾਂ ਵਿੱਚ ਕੀਰਤਨ ਦੀ ਸੇਵਾ ਨਿਭਾਅ ਰਹੇ ਹਨ।

ਪ੍ਰੋ. ਕਰਤਾਰ ਸਿੰਘ ਨੂੰ ਗੁਰਮਤਿ ਸੰਗੀਤ ਦੇ ਖੇਤਰ ਵਿਚ ਵਡਮੁੱਲੇ ਯੋਗਦਾਨ ਹਿਤ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੱਧਰ ਤੇ ਵੱਖ-ਵੱਖ ਸੰਸਥਾਵਾਂ ਵਲੋਂ ਸਮੇਂ-ਸਮੇਂ ਤੇ ਵਿਸ਼ੇਸ਼ ਰੂਪ ਵਿਚ ਸਨਮਾਨਿਤ ਕੀਤਾ ਗਿਆ ਹੈ। ਆਪਣੇ ਜੀਵਨ ਕਾਲ ਵਿੱਚ ਹੋਰ ਵੱਡੇ ਸਨਮਾਨਾਂ ਤੋਂ ਇਲਾਵਾ ਪ੍ਰੋ. ਕਰਤਾਰ ਸਿੰਘ ਨੂੰ ਸ਼੍ਰੋਮਣੀ ਰਾਗੀ ਅਵਾਰਡ, ਟੈਗੋਰ ਅਵਾਰਡ, ਸੰਗੀਤ ਨਾਟਕ ਅਕਾਦਮੀ ਅਵਾਰਡ, ਪਦਮ ਸ੍ਰੀ ਆਦਿ ਵਰਗੇ ਵੱਡੇ ਸਨਮਾਨਾਂ ਨਾਲ ਨਿਵਾਜਿਆ ਗਿਆ।

- Advertisement -

ਗੁਰਮਤਿ ਸੰਗੀਤ ਦੇ ਖੇਤਰ ਵਿਚ ਪ੍ਰੋ. ਕਰਤਾਰ ਸਿੰਘ ਦਾ ਕਾਰਜ ਇਕ ਨਿਵੇਕਲੀ ਧਾਰਾ ਵਜੋਂ ਪਛਾਣਿਆ ਜਾਂਦਾ। ਗੁਰਮਤਿ ਸੰਗੀਤਾਚਾਰੀਆ ‘ਪਦਮ ਸ੍ਰੀ’ ਪ੍ਰੋ. ਕਰਤਾਰ ਸਿੰਘ ਜੀ ਦੇ ਅਕਾਲ ਚਲਾਣੇ ਨਾਲ ਪੰਥਕ ਹਲਕਿਆਂ ਨੂੰ ਸੱਚਮੁਚ ਹੀ ਕਦੇ ਵੀ ਨਾ ਪੂਰਾ ਹੋ ਸਕਣ ਵਾਲਾ ਘਾਟਾ ਪਿਆ ਹੈ।

ਪ੍ਰੋ. ਕਰਤਾਰ ਸਿੰਘ ਦਾ ਜੀਵਨ ਪੰਜਾਬ ਦੀ ਸੰਗੀਤ ਪਰੰਪਰਾ ਅਤੇ ਗੁਰਮਤਿ ਸੰਗੀਤ ਦਾ ਇਤਿਹਾਸ ਸਮੋਈ ਬੈਠਾ ਹੈ ਜੋ ਆਉਣ ਵਾਲੇ ਸਮੇਂ ਵਿੱਚ ਇਸ ਮਾਰਗ ਦੇ ਪਾਂਧੀਆਂ ਲਈ ਰਾਹ ਦਸੇਰਾ ਸਾਬਿਤ ਹੋਵੇਗਾ। ਅੱਜ ਉਨ੍ਹਾਂ ਦੀ ਅੰਤਿਮ ਅਰਦਾਸ ਦੇ ਅਵਸਰ ‘ਤੇ ਅਸੀਂ ਪ੍ਰੋ. ਕਰਤਾਰ ਸਿੰਘ ਦੇ ਵਿਦਿਆਰਥੀਆਂ ਤੇ ਸਿਖਿਆਰਥੀਆਂ ਨੂੰ ਬੇਨਤੀ ਕਰਦੇ ਹਾਂ ਕਿ ਉਹ ਉਨ੍ਹਾਂ ਦੇ ਮੌਲਿਕ ਕੀਰਤਨ ਅੰਦਾਜ਼ ਨੂੰ ਕਾਇਮ ਰੱਖਣ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਅਪੀਲ ਹੈ ਕਿ ਉਹ ਸਿੱਖ ਅਜਾਇਬ ਘਰ ਵਿੱਚ ਉਨ੍ਹਾਂ ਦੀ ਤਸਵੀਰ ਸੁਸ਼ੋਭਿਤ ਕਰਨ ਤੋਂ ਇਲਾਵਾ ਉਨ੍ਹਾਂ ਦੀ ਕੋਈ ਢੁਕਵੀਂ ਯਾਦਗਾਰ ਸਥਾਪਿਤ ਕਰਨ।

*drgnam@yahoo.com

Share this Article
Leave a comment